ਬਠਿੰਡਾ : ਜ਼ੀਰਕਪੁਰ ਵਿਚ ਫਲੈਟ ਲੈਣ ਦੇ ਚਾਹਵਾਨ ਪਤੀ-ਪਤਨੀ ਸਮੇਤ ਤਿੰਨ ਵਿਅਕਤੀਆਂ ਨਾਲ ਇਕ ਕਰੋੜ 94 ਲੱਖ 69 ਹਜ਼ਾਰ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ਮਿਲਣ ’ਤੇ ਪੁਲਿਸ ਨੇ ਇਕ ਔਰਤ ਸਮੇਤ ਪੰਜ ਵਿਅਕਤੀਆਂ ਖਿਲਾਫ ਧੋਖਾਧੜੀ ਕਰਨ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਇਹ ਕਾਰਵਾਈ ਪੀੜਤ ਵਿਅਕਤੀਆਂ ਨੂੰ ਫਲੈਟ ਦਵਾਉਣ ਵਾਲੇ ਵਿਅਕਤੀ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਪੁਲਿਸ ਵਿਭਾਗ ਵੱਲੋਂ ਮੁਹਈਆ ਕਰਵਾਈ ਗਈ ਜਾਣਕਾਰੀ ਅਨੁਸਾਰ ਸਥਾਨਕ ਸ਼ਹਿਰ ਦੇ ਵਸਨੀਕ ਹਰਗੋਪਾਲ ਗਰਗ ਨੇ ਥਾਣਾ ਕੋਤਵਾਲੀ ਵਿਖੇ ਬਿਆਨ ਦਰਜ ਕਰਵਾਏ ਹਨ ਕਿ ਉਸ ਨੇ ਆਪਣੇ ਜਾਣਕਾਰ ਸੁਰੇਸ਼ ਕੁਮਾਰ ਉਸ ਦੀ ਪਤਨੀ ਅਲਕਾ ਅਤੇ ਵਿਕਾਸ ਸਿੰਗਲਾ ਨੂੰ ਜ਼ੀਰਕਪੁਰ ਵਿਖੇ ਪੰਜ ਫਲੈਟ ਦਵਾਏ ਸਨ। ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਇਹ ਸੌਦਾ ਫਲੈਟ ਬਣਾ ਕੇ ਵੇਚਣ ਵਾਲੇ ਬਿਲਡਰ ਮਨਪ੍ਰੀਤ ਸਿੰਘ ਬਖਸ਼ੀ, ਇਕਬਾਲ ਸਿੰਘ ਸੋਢੀ ਡਾਇਰੈਕਟਰ, ਗੋਪਾਲ ਗਰੋਵਰ ਡਾਇਰੈਕਟਰ ਵਾਸੀ ਦਿੱਲੀ, ਸ਼ਵੇਤਾ ਅਗਰਵਾਲ ਡਾਇਰੈਕਟਰ ਅਰੋੜਾ ਬਿਲਡ ਟੈਕ ਪ੍ਰਾਈਵੇਟ ਲਿਮਟਿਡ ਵਾਸੀ ਗਾਜ਼ੀਆਬਾਦ ਅਤੇ ਅਮਰਿੰਦਰ ਸੋਢੀ ਨਾਲ ਹੋਇਆ ਸੀ। ਸੌਦਾ ਕਰਨ ਸਮੇਂ ਉਕਤ ਵਿਅਕਤੀਆਂ ਨੇ ਪੀੜਤ ਵਿਅਕਤੀਆਂ ਕੋਲੋਂ ਇਕ ਕਰੋੜ, 94 ਲੱਖ 69 ਹਜ਼ਾਰ ਰੁਪਏ ਹਾਸਲ ਕੀਤੇ ਸਨ। ਬਾਕੀ ਰਕਮ ਫਲੈਟਾਂ ਦਾ ਕਬਜ਼ਾ ਦੇਣ ਸਮੇਂ ਦੇਣੀ ਤੈਅ ਹੋਈ ਸੀ। ਪੀੜਤ ਨੇ ਦੱਸਿਆ ਹੈ ਕਿ ਕਰੋੜਾਂ ਰੁਪਇਆ ਲੈਣ ਤੋਂ ਬਾਅਦ ਉਕਤ ਬਿਲਡਰਾਂ ਨੇ ਫਲੈਟਾਂ ਦੇ ਕਬਜ਼ੇ ਨਹੀਂ ਦਿੱਤੇ। ਇਸ ਤਰ੍ਹਾਂ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ ਹੈ। ਉਕਤ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਕਰ ਰਹੇ ਹਨ। ਪੁਲਿਸ ਅਨੁਸਾਰ ਮੁਲਜ਼ਮਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਉਕਤ ਵਿਅਕਤੀਆਂ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ।