ਅੰਮ੍ਰਿਤਸਰ : ਚੰਡੀਗੜ੍ਹ ਗ੍ਰਨੇਡ ਧਮਾਕੇ(Chandigarh blast Case) ਦੇ ਮੁਲਜ਼ਮ ਰੋਹਨ ਮਸੀਹ(Rohan) ਅਤੇ ਵਿਸ਼ਾਲ ਮਸੀਹ(Vishal) ਨੇ ਅਮਰੀਕਾ ਬੈਠੇ ਗੈਂਗਸਟਰ ਤੋਂ ਅੱਤਵਾਦੀ ਬਣੇ ਹੈਪੀ ਪਸ਼ੀਆਂ (happy pasian)ਬਾਰੇ ਕਈ ਰਾਜ਼ ਖੋਲ੍ਹੇ ਹਨ। ਪਤਾ ਲੱਗਾ ਹੈ ਕਿ ਹੈਪੀ ਪਸ਼ੀਆਂ ਨੇ ਦੋਵਾਂ ਨੂੰ ਕਿਹਾ ਸੀ ਕਿ ਟਾਰਗੇਟ ਪੂਰਾ ਕਰਨ ਤੋਂ ਬਾਅਦ ਉਸ ਦੇ ਸਾਥੀ ਉਨ੍ਹਾਂ ਨੂੰ ਪੰਜਾਬ ਤੋਂ ਸੁਰੱਖਿਅਤ ਬਾਹਰ ਕੱਢਣ ਵਿਚ ਮਦਦ ਕਰਨਗੇ ਪਰ ਅਜਿਹਾ ਨਹੀਂ ਹੋਇਆ। ਧਮਾਕੇ ਤੋਂ ਬਾਅਦ ਰੋਹਨ ਮਸੀਹ ਕੋਲ ਸਿਰਫ਼ ਦਸ ਹਜ਼ਾਰ ਰੁਪਏ ਅਤੇ ਵਿਸ਼ਾਲ ਮਸੀਹ ਕੋਲ ਸਿਰਫ਼ ਪੰਜ ਹਜ਼ਾਰ ਰੁਪਏ ਸਨ। ਜੁਆਇੰਟ ਇੰਟਰੋਗੇਸ਼ਨ ਸੈਂਟਰ (ਜੇਆਈਸੀ) ’ਚ ਮੁਲਜ਼ਮਾਂ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਦੋਵੇਂ ਵੱਖ ਹੋ ਗਏ ਸਨ ਤਾਂ ਜੋ ਪੁਲਿਸ ਉਨ੍ਹਾਂ ਨੂੰ ਕਾਬੂ ਨਾ ਕਰ ਸਕੇ। ਕਿਸੇ ਤਰ੍ਹਾਂ ਰੋਹਨ ਖੰਨਾ ਅਤੇ ਵਿਸ਼ਾਲ ਦਿੱਲੀ ਜਾਣ ਵਾਲੀ ਬੱਸ ਵਿਚ ਚੜ੍ਹ ਗਏ। ਉਨ੍ਹਾਂ ਨੇ ਵ੍ਹਟਸਐਪ(Whatsapp) ਰਾਹੀਂ ਆਪਣੇ ਅਮਰੀਕਾ ਬੈਠੇ ਆਕਾ ਹੈਪੀ ਪਸ਼ੀਆਂ ਨਾਲ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੇ ਨੰਬਰ ਨੂੰ ਬਲੌਕ ਕਰ ਦਿੱਤਾ ਗਿਆ ਸੀ। ਇਨ੍ਹਾਂ ਹਾਲਾਤ ’ਚ ਦੋਵਾਂ ਅੱਤਵਾਦੀਆਂ ਦਾ ਪੁਲਿਸ ਤੋਂ ਜ਼ਿਆਦਾ ਦੇਰ ਤੱਕ ਬਚਣਾ ਕਾਫੀ ਮੁਸ਼ਕਿਲ ਸੀ।
ਵਿਦੇਸ਼ ਲੈ ਜਾਣ ਦੀ ਦਿੱਤੀ ਸੀ ਪੇਸ਼ਕਸ਼
ਰੋਹਨ ਅਤੇ ਵਿਸ਼ਾਲ ਨੇ ਪੁਲਿਸ ਹਿਰਾਸਤ ’ਚ ਮੰਨਿਆ ਹੈ ਕਿ ਅੱਤਵਾਦੀ ਪਸ਼ੀਆਂ ਪਿਛਲੇ ਡੇਢ ਮਹੀਨੇ ਤੋਂ ਉਨ੍ਹਾਂ ਦੇ ਸੰਪਰਕ 'ਚ ਸੀ। ਮੁਲਜ਼ਮ ਨੇ ਪਹਿਲਾਂ ਬਾਹਰੋਂ ਉਨ੍ਹਾਂ ਦੇ ਪਰਿਵਾਰਾਂ ਦਾ ਪਿਛੋਕੜ ਪਤਾ ਕੀਤਾ ਅਤੇ ਬਾਅਦ ਵਿਚ ਉਨ੍ਹਾਂ ਦਾ ਪਤਾ ਲੱਗਣ ’ਤੇ ਆਰਥਿਕ ਮਦਦ ਦੀ ਗੱਲ ਸ਼ੁਰੂ ਕਰ ਦਿੱਤੀ। ਦੋਵਾਂ ਮੁਲਜ਼ਮਾਂ ਨੂੰ ਆਫਰ ਵੀ ਦਿੱਤੀ ਗਈ ਸੀ ਕਿ ਜੇਕਰ ਟਾਰਗੇਟ ਕਾਮਯਾਬ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਕਿਸੇ ਚੰਗੇ ਦੇਸ਼ ਬੁਲਾ ਕੇ ਚੰਗੀ ਨੌਕਰੀ ਦਿਵਾਏਗਾ ਜਿਸ ਨਾਲ ਦੋਵਾਂ ਪਰਿਵਾਰਾਂ ਦੀ ਗਰੀਬੀ ਦੂਰ ਹੋ ਜਾਵੇਗੀ। ਪੁਲਿਸ ਹਿਰਾਸਤ ਵਿਚ ਟੁੱਟ ਚੁੱਕੇ ਰੋਹਨ ਨੇ ਦੱਸਿਆ ਕਿ ਹੁਣ ਉਸ ਨੂੰ ਸਾਰੀ ਉਮਰ ਸਲਾਖਾਂ ਪਿੱਛੇ ਸੜਣਾ ਪਵੇਗਾ।
ਅਦਾਲਤ ਨੇ 20 ਸਤੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜਿਆ
ਰੋਹਨ ਨੇ ਪੁੱਛਗਿੱਛ ਦੇ ਪਹਿਲੇ ਪੜਾਅ ’ਚ ਹੀ ਦੱਸਿਆ ਸੀ ਕਿ ਗੁਰਦਾਸਪੁਰ ਦੇ ਸੂਰਤਾ ਮਲੀਆਂ ਥਾਣੇ ਅਧੀਨ ਪੈਂਦੇ ਪਿੰਡ ਰਾਏਮਲ ਦਾ ਰਹਿਣ ਵਾਲਾ ਵਿਸ਼ਾਲ ਮਸੀਹ ਦਿੱਲੀ ’ਚ ਲੁਕਿਆ ਹੋਇਆ ਹੈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਕਾਬੂ ਕਰ ਲਿਆ। ਸ਼ਨੀਵਾਰ ਦੇਰ ਰਾਤ ਦਿੱਲੀ ਤੋਂ ਉਸ ਦੀ ਗ੍ਰਿਫਤਾਰੀ ਤੋਂ ਬਾਅਦ ਐਤਵਾਰ ਸ਼ਾਮ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 20 ਸਤੰਬਰ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ।
ਪਸ਼ੀਆਂ ਦੀ ਸੂਚੀ ’ਚ ਉਸ ਦੇ ਟਾਰਗੇਟ ਪੂਰੇ ਕਰਨ ਵਾਲਿਆਂ ਦੀ ਕਮੀ ਨਹੀਂ
ਪੁਲਿਸ ਹਿਰਾਸਤ ਵਿਚ ਮੁਲਜ਼ਮ ਰੋਹਨ ਅਤੇ ਵਿਸ਼ਾਲ ਨੇ ਮੰਨਿਆ ਹੈ ਕਿ ਪਸ਼ੀਆਂ ਦੀ ਸੂਚੀ ਵਿਚ ਉਸ ਦੇ ਨਾਪਾਕ ਮਨਸੂਬਿਆਂ ਨੂੰ ਪੂਰਾ ਕਰਨ ਲਈ ਗੁਰਗਿਆਂ ਦੀ ਕੋਈ ਕਮੀ ਨਹੀਂ ਹੈ। ਹੈਪੀ ਪਸ਼ੀਆਂ ਪੈਸੇ, ਵਿਦੇਸ਼ ਬੁਲਾਉਣ ਅਤੇ ਕਈ ਤਰ੍ਹਾਂ ਦੇ ਝਾਂਸੇ ਦੇ ਕੇ ਦਹਿਸ਼ਤ ਦੀ ਖੇਡ ਖੇਡਣ ਵਿਚ ਮਾਹਿਰ ਹੈ।