ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਨੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ (Ravneet Singh Bittu) ਵੱਲੋਂ ਰਾਹੁਲ ਗਾਂਧੀ (Rahul Gandhi) ਬਾਰੇ ਕੀਤੀ ਟਿੱਪਣੀ 'ਤੇ ਨਿਸ਼ਾਨਾ ਸਾਧਿਆ ਹੈ। ਬਿੱਟੂ 'ਤੇ ਨਿਸ਼ਾਨਾ ਸਾਧਦਿਆਂ ਵੜਿੰਗ ਨੇ ਕਿਹਾ ਕਿ ਬਿੱਟੂ ਅਹਿਸਾਨ ਫਰਾਮੋਸ਼ ਆਦਮੀ ਹੈ। ਉਹ ਆਪਣੇ ਆਕਾ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ - ਰਾਜਾ ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਆਪਣੇ ਆਕਾ ਨੂੰ ਖੁਸ਼ ਕਰਨ ਲਈ ਕੁਝ ਵੀ ਕਹਿ ਰਹੇ ਹਨ। ਜਨਤਾ ਜਾਣਦੀ ਹੈ ਕਿ ਰਾਹੁਲ ਗਾਂਧੀ ਦੇ ਪਿਤਾ ਨੂੰ ਸ਼ਹੀਦ ਹੋਏ ਸਨ ਤੇ ਉਨ੍ਹਾਂ ਦੇ ਸਰੀਰ ਦੇ ਟੁਕੜੇ ਕੀਤੇ ਗਏ ਸਨ, ਤੁਸੀਂ ਉਨ੍ਹਾਂ ਨੂੰ ਅੱਤਵਾਦੀ ਕਹਿ ਰਹੇ ਹੋ। ਅਮਰਿੰਦਰ ਸਿੰਘ ਰਾਜਾ ਵੜਿੰਗ ((Amarinder Singh Raja Waring) ) ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਬਿੱਟੂ ਨੂੰ ਲੋਕ ਸਭਾ ਤਿੰਨ ਵਾਰ ਚੋਣਾਂ ਜਿਤਾਉਣ ’ਚ ਮਦਦ ਕੀਤੀ। ਰਾਹੁਲ ਗਾਂਧੀ ਦੀ ਆਲੋਚਨਾ ਕਰਨ ਤੋਂ ਪਹਿਲਾਂ ਬਿੱਟੂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਤੁਹਾਡੇ ਬਿਆਨ ਨਾਲ ਅੱਤਵਾਦੀ ਨਹੀਂ ਬਣ ਜਾਵੇਗਾ। ਦੇਸ਼ ਦੇ ਲੋਕ ਤੁਹਾਡੀ ਮਾਨਸਿਕਤਾ, ਤੁਹਾਡੇ ਗਿਆਨ ਅਤੇ ਅਕ੍ਰਿਤਘਣਤਾ ਬਾਰੇ ਜਾਣਦੇ ਹਨ।
ਰਵਨੀਤ ਬਿੱਟੂ ਨੇ ਦਿੱਤਾ ਸੀ ਇਹ ਬਿਆਨ
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਸੀ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਭਾਰਤੀ ਨਹੀਂ ਹੈ। ਉਸ ਨੇ ਆਪਣਾ ਜ਼ਿਆਦਾਤਰ ਸਮਾਂ ਬਾਹਰ ਹੀ ਬਿਤਾਇਆ ਹੈ। ਉਸ ਨੂੰ ਆਪਣੇ ਦੇਸ਼ ਨਾਲ ਓਨਾ ਪਿਆਰ ਨਹੀਂ ਹੈ। ਉਨ੍ਹਾਂ ਕਿਹਾ ਸੀ ਕਿ ਜਿਹੜੇ ਮੋਸਟ ਵਾਂਟੇਡ, ਵੱਖਵਾਦੀ ਤੇ ਬੰਬ, ਬੰਦੂਕ ਅਤੇ ਗੋਲੇ ਬਣਾਉਣ ਦੇ ਮਾਹਿਰ ਹਨ, ਉਨ੍ਹਾਂ ਨੇ ਰਾਹੁਲ ਗਾਂਧੀ ਦੇ ਸ਼ਬਦਾਂ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਸੀ ਕਿ ਦੇਸ਼ ਦੇ ਦੁਸ਼ਮਣ ਜੋ ਜਹਾਜ਼, ਰੇਲ ਗੱਡੀਆਂ ਅਤੇ ਸੜਕਾਂ ਨੂੰ ਉਡਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਰਾਹੁਲ ਗਾਂਧੀ ਦੇ ਸਮਰਥਨ ਵਿਚ ਹਨ। ਰਵਨੀਤ ਬਿੱਟੂ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਦੇਸ਼ ਦਾ ਨੰਬਰ ਇਕ ਅੱਤਵਾਦੀ ਹੈ। ਜੇ ਨੰਬਰ ਇਕ ਅੱਤਵਾਦੀ ਨੂੰ ਫੜਨ ਲਈ ਕੋਈ ਪੁਰਸਕਾਰ ਹੋਣਾ ਚਾਹੀਦਾ ਹੈ ਤਾਂ ਉਹ ਰਾਹੁਲ ਗਾਂਧੀ ਨੂੰ ਮਿਲਣਾ ਚਾਹੀਦਾ ਹੈ।
ਬਾਜਵਾ ਨੇ ਵੀ ਬਿੱਟੂ ਦੇ ਬਿਆਨ ਦੀ ਕੀਤੀ ਨਿੰਦਾ
ਪੰਜਾਬ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ (Pratap Singh Bajwa) ਨੇ ਬਿੱਟੂ ਦੇ ਬਿਆਨ ਦੀ ਨਿੰਦਾ ਕੀਤੀ ਹੈ। ਬਾਜਵਾ ਨੇ ਕਿਹਾ ਕਿ ਇਹ ਬੇਹੱਦ ਚਿੰਤਾਜਨਕ ਹੈ ਕਿ ਟੈਕਸਦਾਤਾਵਾਂ ਦੇ ਪੈਸਿਆਂ ਤੋਂ ਤਨਖਾਹ ਲੈਣ ਵਾਲਾ ਇਕ ਮੰਤਰੀ ਸੰਵਿਧਾਨਕ ਕਦਰਾਂ-ਕੀਮਤਾਂ ਨੂੰ ਸਮਝਣ ਵਿਚ ਅਸਫਲ ਰਿਹਾ ਹੈ, ਜਿਨ੍ਹਾਂ ਦੀ ਰਾਖੀ ਲਈ ਉਸ ਨੇ ਸਹੁੰ ਚੁੱਕੀ ਹੈ।