ਬਰਨਾਲਾ, 16 ਸਤੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸੀਆਈਏ ਸਟਾਫ ਬਰਨਾਲਾ ਦੀ ਪੁਲਿਸ ਨੇ ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀਆਂ ਨੂੰ ਕਾਬੂ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ। ਐਸਪੀ ਸੰਦੀਪ ਸਿੰਘ ਮੰਡ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਰਜੋਤ ਸਿੰਘ ਕਲੇਰ ਪੀ.ਪੀ.ਐਸ ਕਪਤਾਨ ਪੁਲਿਸ ਬਰਨਾਲਾ, ਰਜਿੰਦਰਪਾਲ ਸਿੰਘ ਪੀ.ਪੀ.ਐਸ ਉਪ ਕਪਤਾਨ ਪੁਲਿਸ ਡੀ ਬਰਨਾਲਾ, ਇੰਸਪੈਕਟਰ ਬਲਜੀਤ ਸਿੰਘ ਇੰਚਾਰਜ ਸੀ.ਆਈ.ਏ ਬਰਨਾਲਾ ਦੀ ਯੋਗ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਚਲਾਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ। ਜਦੋਂ 11 ਸਤੰਬਰ ਨੂੰ ਥਾਣੇਦਾਰ ਕੁਲਦੀਪ ਸਿੰਘ ਸੀਆਈਏ ਬਰਨਾਲਾ ਨੂੰ ਗੁਪਤ ਸੂਚਨਾ ਦੇ ਅਧਾਰ ’ਤੇ ਗੋਗਾ ਸਿੰਘ ਪੁੱਤਰ ਛਿੰਦਾ ਸਿੰਘ ਵਾਸੀ ਦੁਆਰਿਆ ਵਾਲੀ ਨੇੜੇ ਕੋਟਕਪੂਰਾ ਅਤੇ ਲਖਵੀਰ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਵਘੇਹਰ ਮੁਹੱਬਤ ਜ਼ਿਲ੍ਹਾ ਬਠਿੰਡਾ ਦੇ ਖਿਲਾਫ਼ ਥਾਣਾ ਰੂੜੇਕੇ ਕਲਾਂ ’ਚ ਕੇਸ ਦਰਜ ਕਰਵਾਇਆ। ਦੋਸ਼ੀ ਗੋਗਾ ਸਿੰਘ ਅਤੇ ਲਖਵੀਰ ਸਿੰਘ ਨੂੰ ਵੈਸਨੂੰ ਢਾਬਾ ਧੌਲਾ ਦੇ ਨਜਦੀਕ ਟੈਂਕਰ ਨੰਬਰੀ ਪੀਬੀ-10ਐਚਜੈਡ-5964 ਵਿਚੋਂ ਪੈਟਰੋਲ ਕੱਢਕੇ ਕੈਨੀ ਪਲਾਸਟਿਕ ’ਚ ਪਾਉਂਦਿਆਂ ਨੂੰ ਕਾਬੂ ਕਰਕੇ ਗ੍ਰਿਫ਼ਤਾਰ ਕੀਤਾ। ਉਕਤ ਵਿਅਕਤੀਆਂ ਤੋਂ ਦੋ ਕੈਨੀਆਂ ਪਲਾਸਟਿਕ ਵਿਚ 70 ਲੀਟਰ ਪੈਟਰੋਲ ਅਤੇ ਚੋਰੀ ਸਮੇਂ ਵਰਤੇ ਲੋਹਾ ਰਾਡ ਅਤੇ ਕੰਡੀ ਲੋਹਾ ਬਰੀਕ, ਇਕ ਬੋਰੀ ਪੱਲੜ ਅਤੇ ਦੋ ਕੈਨੀਆਂ ਪਲਾਸਟਿਕ ਬਰਾਮਦ ਕੀਤੀਆਂ ਗਈਆਂ। ਪੁਲਿਸ ਨੇ ਗੋਗਾ ਸਿੰਘ ਅਤੇ ਲਖਵੀਰ ਸਿੰਘ ਦੀ ਪੁੱਛਗਿੱਛ ਦੇ ਅਧਾਰ ’ਤੇ ਮੁਕੱਦਮੇ ’ਚ ਸੁਖਵੀਰ ਸਿੰਘ ਉਰਫ਼ ਸੁੱਖੀ ਪੁੱਤਰ ਕੁਲਵੰਤ ਸਿੰਘ ਵਾਸੀ ਜੱਸੀ ਪਾਉ ਵਾਲੀ ਜ਼ਿਲ੍ਹਾ ਬਠਿੰਡਾ ਅਤੇ ਸੰਦੀਪ ਸਿੰਘ ਉਰਫ਼ ਸੀਪਾ ਪੁੱਤਰ ਗੁਰਦਾਸ ਸਿੰਘ ਵਾਸੀ ਝਾੜੀਵਾਲ ਜ਼ਿਲ੍ਹਾ ਫਰੀਦਕੋਟ ਨੂੰ ਨਾਮਜਦ ਕਰਕੇ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਗੋਗਾ ਅਤੇ ਲਖਵੀਰ ਨੇ ਦੱਸਿਆ ਕਿ ਉਹ ਤੇਲ ਟੈਂਕਰ ਪਰ ਡਰਾਈਵਰੀ ਕਰਦੇ ਹਨ, ਜੋ ਅੱਗੇ ਸੁਖਵੀਰ ਸਿੰਘ ਅਤੇ ਸੰਦੀਪ ਸਿੰਘ ਨਾਲ ਮਿਲਕੇ ਉਨ੍ਹਾਂ ਨੌਹਰਾ (ਪਲਾਟ) ਵਿਚ ਸਾਰੇ ਜਾਣੇ ਡੀਪੂ ਵਿਚ ਤੇਲ ਲੋਡ ਟੈਂਕਰਾਂ ਵਿਚੋਂ ਪੈਟਰੋਲ ਚੋਰੀ ਕਰਕੇ ਉਸ ਵਿਚ ਇੰਥਨੋਲ ਪਾ ਦਿੰਦੇ ਸੀ। ਨੋਹਰੇ ਦੇ ਵਿਚ ਲਗਾਕੇ ਕੈਂਟਰ ਨੂੰ ਲੱਗੇ ਤਾਲੇ ਦੇ ਆਸ ਪਾਸ ਲੱਗੇ ਰਿਬਟਾ ਨੂੰ ਪੁੱਟਕੇ ਹਰੇਕ ਗੇੜੇ ਟੈਂਕਰ ਵਿਚੋਂ 700/800 ਲੀਟਰ ਪੈਟਰੋਲ ਕੱਢਕੇ ਉਸਦੇ ਵਿਚ ਇਥਨੋਲ ਮਿਲਾਉਂਦੇ ਸਨ ਅਤੇ ਹਰੇਕ ਗੇੜੇ ਕਰੀਬ 40/50 ਲੀਟਰ ਡੀਜਲ ਵੀ ਚੋਰੀ ਕਰਦੇ ਸਨ। ਮਿਤੀ 12 ਸਤੰਬਰ ਨੂੰ ਗੋਗਾ ਸਿੰਘ ਨੇ ਭੁਪਿੰਦਰ ਸਿੰਘ ਸੀਨੀਅਰ ਮੈਨੇਜਰ ਐਚਪੀਸੀਐਲ ਬੀਟੀਆਈ ਅਤੇ ਪੰਪ ਮਾਲਕ ਮਨਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਮੁੱਲਾਪੁਰ ਦੀ ਹਾਜਰੀ ’ਚ ਬਰਾਮਦ ਟੈਂਕਰ ਨੰਬਰ ਪੀਬੀ-10ਐਚਡੀ-5964 ਦੇ ਰਿਪਟਾ ਨੂੰ ਪੱਟਕੇ ਟੈਂਕਰ ਦੀ ਢੋਲੀ ਨੂੰ ਖੋਲਕੇ ਦਿਖਾਇਆ, ਜਿਸ ਤੇ ਟੈਂਕਰ ਦੇ ਨਮੂਨੇ ਕੱਢੇ ਗਏ ਅਤੇ ਬਾਕੀ ਦੇ ਤੇਲ ਦੀ ਮਿਣਤੀ ਕੀਤੀ ਜੋ ਟੈਂਕਰ ਦੇ ਵਿਚ 5000 ਲੀਟਰ ਡੀਜਲ ਅਤੇ 8925 ਲੀਟਰ ਪੈਟਰੋਲ ਹੋਇਆ ਅਤੇ ਕੈਂਟਰ ਦੀ ਢੋਲੀ ਨੂੰ ਉਸੇ ਤਰ੍ਹਾਂ ਮਸ਼ੀਨ ਨਾਲ ਰਿਬਟ ਲਗਾਏ ਗਏ। ਮਿਤੀ 14 ਸਤੰਬਰ ਨੂੰ ਸੰਦੀਪ ਸਿੰਘ ਨੇ ਆਪਣੇ ਦਿੱਤੇ ਬਿਆਨ ਇੰਕਸਾਫ ਅਨੁਸਾਰ ਦੋ ਡਰੰਮ ਪਲਾਸਟਿਕ ਵਿਚੋਂ 300 ਲੀਟਰ ਇੰਥਨੋਲ ਅਤੇ ਇਕ ਰਿਪਟ ਗੰਨ ਬਰਾਮਦ ਕਰਵਾਇਆ। ਸੁਖਵੀਰ ਸਿੰਘ ਉਰਫ਼ ਸੁੱਖੀ ਦੇ ਖਿਲਾਫ਼ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।