ਧਨੌਲਾ, ਚਮਕੌਰ ਸਿੰਘ ਗੱਗੀ-ਬਰੇਟਾ ਤੋਂ ਅੰਮ੍ਰਿਤਸਰ ਜਾ ਰਹੀ ਬੱਸ ਦੇ ਡਰਾਈਵਰ ਨਾਲ ਕਿਸੇ ਸਵਾਰੀ ਦੀ ਤਕਰਾਰ ਹੋਣ ਕਾਰਨ ਡਰਾਈਵਰ ਨੇ ਧਨੌਲਾ ਦੇ ਬੱਸ ਸਟੈਂਡ ਪਹੁੰਚ ਕੇ ਬੱਸ ਨੂੰ ਸੜਕ ਵਿਚਕਾਰ ਖੜ੍ਹਾ ਕਰਕੇ ਰੋਡ ਜਾਮ ਕਰ ਦਿੱਤਾ, ਜਿਸ ਕਾਰਨ ਦੇਖਦੇ ਹੋ ਦੇਖਦੇ ਅਨੇਕਾਂ ਰੋਡਵੇਜ ਬੱਸਾਂ ਦਾ ਜਾਮ ਲੱਗ ਗਿਆ। ਜਾਮ ਲੱਗਣ ਕਾਰਨ ਜਿੱਥੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਉਥੇ ਬੱਸ ਵਿਚਲੀਆਂ ਸਵਾਰੀਆਂ ਨੂੰ ਵੀ ਪ੍ਰੇਸ਼ਾਨੀ ਝੱਲਣੀ ਪਈ। ਗੱਲਬਾਤ ਕਰਦੇ ਹੋਏ ਬੱਸ ਦੇ ਕੰਡਕਟਰ ਸ਼ੁਬੇਗ ਸਿੰਘ ਨੇ ਦੱਸਿਆ ਕਿ ਬੱਸ ਬਰੇਟੇ ਤੋਂ ਚੱਲ ਕੇ ਬਰਨਾਲਾ ਪਹੁੰਚਦੀ ਹੈ, ਬੱਸ ਵਿੱਚ ਬੁਢਲਾਡਾ ਅਤੇ ਭੀਖੀ ਤੋਂ ਫੁੱਲ ਹੋ ਕੇ ਸਵਾਰੀਆਂ ਜਿਆਦਾ ਹੋ ਜਾਂਦੀਆਂ ਹਨ, ਜਿਸ ਕਾਰਨ ਭੀਖੀ ਤੋਂ ਰਾਹ ਦੀ ਸਵਾਰੀ ਨੂੰ ਚੜਾਉਣਾ ਮੁਸ਼ਕਿਲ ਹੁੰਦਾ,ਪਰ ਅਸਪਾਲਾਂ ਦਾ ਇਕ ਨੌਜਵਾਨ ਹਰ ਰੋਜ਼ ਪਿੰਡ ਦੇ ਬੱਸ ਸਟੈਂਡ ’ਤੇ ਬੱਸ ਰੋਕਣ ਲਈ ਉਸ ’ਤੇ ਦਬਾਅ ਪਾਉਂਦਾ ਅਤੇ ਮਾੜਾ ਵਿਵਹਾਰ ਕਰਦਾ ਸੀ, ਜਿਸ ਕਾਰਨ ਅਸੀਂ ਗੱਡੀ ਰੋਕ ਕੇ ਰੋਸ ਪ੍ਰਗਟ ਕੀਤਾ। ਮੌਕੇ ’ਤੇ ਪਹੁੰਚੀ ਧਨੌਲਾ ਪੁਲਿਸ ਵੱਲੋਂ ਹੱਥੋਪਾਈ ਕਰਨ ਵਾਲੇ ਨੌਜਵਾਨ ਨੂੰ ਆਪਣੀ ਹਿਰਾਸਤ ਵਿੱਚ ਲਿਆ ਗਿਆ, ਹਿਰਾਸਤ ਵਿੱਚ ਰਮਨ ਸਿੰਘ ਨੇ ਦੱਸਿਆ ਕਿ ਸਾਡੇ ਬੱਸ ਸਟੈਂਡ ’ਤੇ ਉਪਰੋਕਤ ਬੱਸ ਦੇ ਰੁਕਣ ਦਾ ਸਮਾਂ ਸਰਕਾਰੀ ਵਿਭਾਗ ਵੱਲੋਂ ਤੈਅ ਕੀਤਾ ਜਾਂਦਾ ਹੈ ਪਰ ਉਕਤ ਕੰਡਕਟਰ ਅਤੇ ਡਰਾਈਵਰ ਦੀ ਮਨਮਾਨੀ ਕਾਰਨ ਬੱਸ ਨਹੀਂ ਰੋਕਦੇ ਨਹੀਂ ਜਿਸ ਕਾਰਨ ਪਿੰਡ ਅਤੇ ਆਸਪਾਸ ਦੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਵੱਲੋਂ ਦੋਵਾਂ ਧਿਰਾਂ ਨੂੰ ਥਾਣੇ ਲਿਜਾ ਕੇ ਸਮਝਾ ਕੇ ਮਸਲੇ ਦਾ ਹੱਲ ਕਰਵਾਇਆ ਗਿਆ, ਜਿਸ ਤੋਂ ਬਾਅਦ ਲੋਕ ਆਪਣੀ ਮੰਜਲ ਵੱਲ ਰਵਾਨਾ ਹੋਏ।