ਰੋਪੜ: ਬਲਾਕ ਨੂਰਪੁਰ ਬੇਦੀ ਦੇ ਨਜਦੀਕੀ ਪਿੰਡ ਝੱਜ ਦੇ ਭਾਰਤੀ ਫੌਜ ਵਿੱਚ ਲਾਸਨਾਇਕ ਦੇ ਅਹੁਦੇ ਤੇ ਤਾਇਨਾਤ 29 ਸਾਲਾ ਸੈਨਿਕ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ ਪਿੰਡ ਝੱਜ ਉਸ ਸਮੇਂ ਸ਼ਹਾਦਤ ਦਾ ਜਾਮ ਪੀ ਗਿਆ ਜਦੋਂ ਦੁਸ਼ਮਣਾਂ ਦਾ ਸਾਹਮਣਾ ਕਰਦੇ ਹੋਏ ਫੌਜ ਦੀ ਆਰਮਡ ਗੱਡੀ ਡੂੰਗੀ ਖੱਡ 'ਚ ਜਾ ਡਿੱਗੀ । ਇਸ ਗੱਡੀ 'ਚ ਸਵਾਰ ਹੋਰ ਚਾਰ ਸੈਨਿਕ ਗੰਭੀਰ ਜ਼ਖ਼ਮੀ ਹੋ ਗਏ। ਜਦਕਿ ਸੈਨਿਕ ਬਲਜੀਤ ਸਿੰਘ ਇਸ ਹਾਦਸੇ 'ਚ ਸ਼ਹੀਦ ਹੋ ਗਿਆ । ਜ਼ਿਕਰਯੋਗ ਹੈ ਕਿ ਸ਼ਹੀਦ ਬਲਜੀਤ ਸਿੰਘ ਪੁੱਤਰ ਸੰਤੋਖ ਸਿੰਘ 2014 'ਚ ਫੌਜ ਦੀ ਦੋ ਪਹਿਰਾ (ਐਸ.ਐਫ) ਭਰਤੀ ਹੋਇਆ ਸੀ। ਜੋ ਇਸ ਸਮੇਂ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ 'ਚ ਡਿਊਟੀ 'ਤੇ ਤੈਨਾਤ ਸੀ । ਇੱਥੇ ਹੀ ਬੱਸ ਨਹੀ ਸ਼ਹੀਦ ਦਾ ਵਿਆਹ ਹੋਇਆ ਨੂੰ ਅਜੇ 1 ਹੀ ਸਾਲ ਹੋਇਆ ਸੀ । ਪਰਿਵਾਰਕ ਮੈਂਬਰਾਂ ਨੂੰ ਫੌਜ ਵੱਲੋਂ ਅਗਾਊਂ ਸੂਚਨਾ ਦਿੱਤੀ ਜਿਸ ਵਿੱਚ ਦੱਸਿਆ ਕਿ ਬਲਜੀਤ ਸਿੰਘ ਸਪੈਸ਼ਲ ਫੋਰਸ ਦੀ ਟੁਕੜੀ ਦਾ ਹਿੱਸਾ ਸੀ ਜੋ ਪੀ.ਐਮ ਕੇ ਜੀ ਗਨ 'ਤੇ ਤੈਨਾਤ ਸੀ। ਜਦੋਂ ਫੌਜ ਦੇ ਅਧਿਕਾਰੀ ਮੰਗਲਵਾਰ ਨੂੰ ਦੁਸ਼ਮਣਾਂ ਦੀ ਗਤੀਵਿਧੀਆਂ ਦਾ ਪਤਾ ਚੱਲਣ 'ਤੇ ਦੋ ਗੱਡੀਆਂ 'ਚ ਰਵਾਨਾ ਹੋਏ ਤਾਂ ਇਸ ਦੌਰਾਨ ਦੁਸ਼ਮਣਾਂ ਦਾ ਸਾਹਮਣਾ ਕਰਨ ਸਮੇਂ ਫੌਜ ਦੀ ਇੱਕ ਆਰਮਡ ਗੱਡੀ ਘੁੰਮਣ ਸਮੇਂ ਅਚਾਨਕ ਮਨਜਾਕੋਟੇ ਇਲਾਕੇ ਨਜ਼ਦੀਕ 200 ਫੁੱਟ ਡੂੰਘੀ ਖੱਡ 'ਚ ਜਾ ਡਿੱਗੀ। ਜਿਸ ਵਿੱਚ ਬਲਜੀਤ ਸਿੰਘ ਸ਼ਹੀਦ ਹੋ ਗਿਆ । ਸ਼ਹੀਦ ਬਲਜੀਤ ਸਿੰਘ ਨੂੰ ਉਸ ਦੇ ਜੱਦੀ ਪਿੰਡ ਝੱਜ ਵਿਖੇ ਹਜ਼ਾਰਾਂ ਨਮ ਅੱਖਾਂ ਨਾਲ ਅੱਜ ਪੂਰੇ ਇਲਾਕੇ ਨੇ ਅੰਤਿਮ ਵਿਧਾਇਗੀ ਦਿੱਤੀ। ਇਸ ਦੌਰਾਨ ਸ਼ਹੀਦ ਦਾ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਗਿਆ ਤੇ ਫੌਜ ਵਲੋਂ ਆਈ ਟੁੱਕੜੀ ਦੇ ਜਵਾਨਾਂ ਨੇ ਸ਼ਹੀਦ ਨੂੰ ਵਿਸ਼ੇਸ਼ ਸਲਾਮੀ ਦਿੱਤੀ ।