ਪੰਜਾਬ ਦੀਆਂ 5 ਨਗਰ ਨਿਗਮਾਂ ਵਿੱਚ ਅੱਜ ਵੋਟਾਂ ਪੈ ਰਹੀਆਂ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4 ਵਜੇ ਤੱਕ ਚੱਲੇਗੀ। ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਨਗਰ ਨਿਗਮਾਂ ਦੀਆਂ ਅੱਜ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ਨਗਰ ਨਿਗਮਾਂ ਵਿੱਚ ਵੋਟਾਂ ਪੈਣ ਤੋਂ ਬਾਅਦ ਅੱਜ ਨਤੀਜੇ ਵੀ ਐਲਾਨੇ ਜਾਣਗੇ। ਪੰਜਾਬ ਦੀਆਂ 5 ਨਗਰ ਨਿਗਮਾਂ ਤੋਂ ਇਲਾਵਾ 43 ਨਗਰ ਕੌਂਸਲਾਂ ਵਿੱਚ ਵੀ ਚੋਣਾਂ ਹੋ ਰਹੀਆਂ ਹਨ।ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 43 ਨਗਰ ਕੌਂਸਲਾਂ ਲਈ ਅੱਜ ਵੋਟਾਂ ਪੈ ਰਹੀਆਂ ਹਨ। ਵੋਟਾਂ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਔਰਤਾਂ ਵੀ ਘਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੀਆਂ ਹਨ।
ਜ਼ਿਲ੍ਹਾ ਹੁਸ਼ਿਆਰਪੁਰ ਦੀ ਦੁਪਹਿਰ 01 ਵਜੇ ਤੱਕ ਪੋਲ ਪ੍ਰਤੀਸ਼ਤਤਾ 41.26 ਹੈ
Hsp- 33.56
ਹਰਿਆਨਾ- 43.57
ਟਾਂਡਾ - 52.68
ਮਾਹਿਲਪੁਰ- 47.57
ਜ਼ਿਲ੍ਹਾ ਜਲੰਧਰ 'ਚ 1 ਵਜੇ ਤੱਕ ਹੋਈ 32.03 ਫੀਸਦੀ ਪੋਲਿੰਗ
ਨਗਰ ਨਿਗਮ ਜਲੰਧਰ -26.68%
ਨਗਰ ਪੰਚਾਇਤ ਮਹਿਤਪੁਰ -37.27%
ਨਗਰ ਪੰਚਾਇਤ ਬਿਲਗਾ -36.85%
ਨਗਰ ਪੰਚਾਇਤ ਸ਼ਾਹਕੋਟ -37.95%
ਨਗਰ ਕੌਂਸਲ ਗੁਰਾਇਆ -40.44%
ਨਗਰ ਕੌਂਸਲ ਭੋਗਪੁਰ -46.06%
ਨਗਰ ਕੌਂਸਲ ਫਿਲੌਰ -33.85%
ਭਾਜਪਾ ਨੇਤਾ ਤਰੁਣ ਚੁੱਘ ਨੇ ਆਪਣੀ ਵੋਟ ਪਾਈ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨਗਰ ਨਿਗਮ ਚੋਣਾਂ 2024 ਲਈ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਸਿਆਹੀ ਵਾਲੀ ਉਂਗਲ ਦਿਖਾਉਂਦੇ ਹੋਏ।
ਅੰਮ੍ਰਿਤਸਰ 'ਚ 1.00 PM ਤਕ ਵੋਟਰ ਪ੍ਰਤੀਸ਼ਤਤਾ
ਮਜੀਠਾ 39.59,%
ਅਜਨਾਲਾ 52.33%
ਜਲੰਧਰ ਕੇਂਦਰੀ ਅਸੈਂਬਲੀ ਵਿੱਚ ਸਥਿਤੀ ਤਣਾਅਪੂਰਨ ਬਣ ਗਈ ਅਤੇ ਪੁਲਿਸ ਮੌਕੇ ’ਤੇ ਹਰਕਤ ਵਿੱਚ ਆ ਗਈ। ਸਿਆਸੀ ਪਾਰਟੀਆਂ ਦੇ ਵਰਕਰਾਂ ਦੇ ਇਕੱਠ ਦੇ ਮੱਦੇਨਜ਼ਰ ਸੁਰੱਖਿਆ ਵਧਾ ਦਿੱਤੀ ਗਈ ਸੀ। ਵਰਕਸ਼ਾਪ ਦੇ ਅੰਦਰਲੇ ਖੇਤਰ ਵਿੱਚ ਬਣਾਏ ਗਏ ਬੂਥਾਂ ਦੇ ਬਾਹਰ ਬੈਰੀਕੇਡ ਲਗਾਏ ਗਏ ਸਨ, ਜੋ ਕਿ ਹਲਕਾ ਕੇਂਦਰੀ, ਜਲੰਧਰ ਅਧੀਨ ਪੈਂਦੇ ਵਰਕਸ਼ਾਪ ਚੌਕ ਦੇ ਅੰਦਰ ਚਲੇ ਗਏ ਸਨ। ਜਿਸ ਤੋਂ ਬਾਅਦ ਪੁਲਿਸ ਨੇ ਚੌਕ ਵਿੱਚ ਬੈਰੀਕੇਡ ਲਗਾ ਕੇ ਸੜਕ ਨੂੰ ਬੰਦ ਕਰ ਦਿੱਤਾ ਹੈ। ਇੱਥੋਂ ਵੋਟਰਾਂ ਨੂੰ ਹੁਣ ਵੋਟ ਪਰਚੀਆਂ ਦਿਖਾ ਕੇ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ।
ਲੁਧਿਆਣਾ 'ਚ ਵੋਟਾਂ ਪਾਉਣ ਦੀ ਰਫ਼ਤਾਰ ਹੋਈ ਤੇਜ਼, ਮੋਬਾਈਲ ਦੀ ਮਨਾਹੀ ਕਾਰਨ ਪਰੇਸ਼ਾਨ ਹੋਏ ਲੋਕ
ਹਲਕਾ ਆਤਮ ਨਗਰ ਦੇ ਵਾਰਡ ਨੰਬਰ 42 ਵਿਖੇ ਠੰਢ ਹੋਣ ਕਾਰਨ ਨੌ ਵਜੇ ਤੱਕ ਵੋਟਾਂ ਪਾਉਣ ਦੀ ਰਫਤਾਰ ਢਿੱਲੀ ਰਹੀ ਪਰ ਜਿਉਂ-ਜਿਉਂ ਦਿਨ ਚੜ੍ਹਦਾ ਗਿਆ, ਮੌਸਮ ਦਾ ਮਿਜ਼ਾਜ ਬਦਲਿਆ ਅਤੇ ਧੁੱਪ ਨਿਕਲੀ। ਵੋਟਰ ਘਰਾਂ ਵਿੱਚੋਂ ਨਿਕਲੇ ਅਤੇ ਪੂਰੇ ਉਤਸ਼ਾਹ ਨਾਲ ਵੋਟ ਪਾਉਂਦੇ ਨਜ਼ਰ ਆਏ। ਵੋਟ ਪਾਉਣ ਵਾਲਿਆਂ ਨੂੰ ਮੋਬਾਈਲ ਅੰਦਰ ਲੈ ਜਾਣ ਦੀ ਮਨਾਹੀ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੋਕਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਆਪਣਾ ਮੋਬਾਈਲ ਕਿੱਥੇ ਰੱਖਣ। ਲੋਕ ਘਰਾਂ ਨੂੰ ਵਾਪਸ ਮੁੜਦੇ ਰਹੇ ਅਤੇ ਮੋਬਾਈਲ ਫੋਨ ਘਰ ਰੱਖ ਕੇ ਦੁਬਾਰਾ ਵੋਟ ਪਾਉਣ ਲਈ ਆਏ। ਪੁਲਿਸ ਵਾਲੇ ਮੀਡੀਆ ਨੂੰ ਵੀ ਮੋਬਾਈਲ ਅੰਦਰ ਲਿਜਾਣ ਤੋਂ ਰੋਕਦੇ ਰਹੇ ਅਤੇ ਬਹਿਸਬਾਜ਼ੀ ਤੋਂ ਬਾਅਦ ਹੀ ਪੱਤਰਕਾਰਾਂ ਨੂੰ ਮੋਬਾਈਲ ਲੈ ਕੇ ਜਾਣ ਦੀ ਇਜਾਜ਼ਤ ਦਿੱਤੀ ਗਈ। ਕੁਝ ਨੌਜਵਾਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਪਹਿਲੀ ਵਾਰੀ ਵੋਟ ਪਾਉਣ ਜਾ ਰਹੇ ਹਨ ਅਤੇ ਉਹ ਇਸ ਤਰੀਕ ਨੂੰ ਕਈ ਦਿਨਾਂ ਤੋਂ ਬੇਸਬਰੀ ਨਾਲ ਉਡੀਕ ਰਹੇ ਸਨ। ਵਾਰਡ ਨੰਬਰ 46 ਤੋਂ ਉਤਸ਼ਾਹਤ ਦਿਸ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਰਿੰਕੂ ਨੇ ਵੋਟ ਪਾਉਣ ਪਿੱਛੋਂ ਕਿਹਾ ਕਿ ਕੀਤੇ ਗਏ ਕੰਮਾਂ ਸਦਕਾ ਆਮ ਆਦਮੀ ਪਾਰਟੀ ਹੂੰਝਾਂ ਫੇਰ ਜਿੱਤ ਪ੍ਰਾਪਤ ਕਰੇਗੀ ਅਤੇ ਆਪਣਾ ਮੇਅਰ ਬਣਾਏਗੀ। ਹਲਕਾ ਆਤਮ ਨਗਰ ਦੇ ਵਾਰਡ ਨੰਬਰ 42 ਵਿੱਚ ਨਿਊ ਜਨਤਾ ਨਗਰ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਪਬਲਿਕ ਹਾਈ ਸਕੂਲ ਵਿਖੇ ਵੋਟ ਪਾਉਣ ਪਹੁੰਚੀ 85 ਸਾਲਾ ਔਰਤ ਹਰਬੰਸ ਕੌਰ ਨੇ ਕਿਹਾ ਕਿ ਕਿ ਉਸਨੇ ਹਰ ਚੋਣ ਵਿੱਚ ਚਾਹੇ ਉਹ ਲੋਕ ਸਭਾ ਦੀ ਚੋਣ ਹੋਵੇ, ਵਿਧਾਨ ਸਭਾ ਦੀ ਚੋਣ ਹੋਵੇ ਜਾਂ ਨਗਰ ਨਿਗਮ ਦੀ ਚੋਣ ਹਰ ਚੋਣ ਵਿੱਚ ਉਸ ਨੇ ਆਪਣੇ ਵੋਟ ਪਾਉਣ ਦੇ ਹੱਕ ਦਾ ਇਸਤੇਮਾਲ ਜਰੂਰ ਕੀਤਾ ਹੈ। ਉਨਾਂ ਇਹ ਵੀ ਕਿਹਾ ਕਿ ਵੋਟ ਹਰ ਇੱਕ ਨੂੰ ਪਾਉਣੀ ਚਾਹੀਦੀ ਹੈ।
ਸਵੇਰੇ 11 ਵਜੇ ਤੱਕ ਵੋਟਿੰਗ ਪ੍ਰਤੀਸ਼ਤ
MCL 16.8%
ਕੌਂਸਲਾਂ 25.2%
ਮਲੌਦ 34.2%
ਸਾਬਕਾ ਮੰਤਰੀ ਤੇ ਵਿਧਾਇਕ ਪ੍ਰਗਟ ਸਿੰਘ ਨੇ ਪਰਿਵਾਰ ਸਮੇਤ ਵੋਟ ਪਾਈ ਤੇ ਅਪੀਲ ਕੀਤੀ
ਅਸੀਂ ਸਾਰਿਆਂ ਨੇ ਵੋਟ ਪਾਉਣ ਦੇ ਅਧਿਕਾਰ ਨੂੰ ਵਰਤ ਕੇ ਆਪਣਾ ਫ਼ਰਜ਼ ਅਦਾ ਕੀਤਾ ਹੈ, ਹੁਣ ਤੁਹਾਡੀ ਵਾਰੀ ਹੈ! ਜਲੰਧਰ ਕੈਂਟ ਦੇ ਵੋਟਰਾਂ ਨੂੰ ਬੇਨਤੀ ਹੈ ਕਿ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਹੋਏ ਬਿਹਤਰ ਜਲੰਧਰ ਦੀ ਸਿਰਜਣਾ ਲਈ ਆਪਣੀ ਵੋਟ ਜ਼ਰੂਰ ਪਾਓ।
ਪਟਿਆਲਾ ਵਾਰਡ 15' ਚ ਝੜਪ ਹੋਈ। ਜਿਥੇ ਇੱਟਾਂ ਰੋੜੇ ਚਲਾਏ ਗਏ ਜਿਸ ਵਿਚ ਕਈ ਵਾਹਨ ਨੁਕਸਾਨੇ ਗਏ। ਦੋ ਧਿਰਾਂ ਵਿਚਕਾਰ ਝਗੜਾ ਹੋ ਗਿਆ। ਇਸ ਦੌਰਾਨ ਬੂਥ ਦੇ ਬਾਹਰ ਪਈਆਂ ਕੁਰਸੀਆਂ ਚੁੱਕ ਕੇ ਇਕ-ਦੂਸਰੇ ਦੇ ਮਾਰੀਆਂ ਗਈਆਂ ਅਤੇ ਇੱਟਾਂ-ਰੋੜੇ ਵੀ ਚਲਾਏ ਗਏ।
ਜ਼ਿਲ੍ਹਾ ਅੰਮ੍ਰਿਤਸਰ ਦੀ ਵੋਟ ਪ੍ਰਤੀਸ਼ਤਤਾ 11:00 AM ਤਕ
ਬਾਬਾ ਬਕਾਲਾ ਸਾਹਿਬ - 28%
ਰਈਆ - 40%
ਅੰਮ੍ਰਿਤਸਰ- 17%
ਮਜੀਠਾ - 25%
ਰਾਜਾਸਾਂਸੀ - 28%
ਅਜਨਾਲਾ - 25%
ਜ਼ਿਲ੍ਹਾ ਪਟਿਆਲਾ ਦੀ ਸਵੇਰੇ 11:00 ਵਜੇ ਪੋਲ ਪ੍ਰਤੀਸ਼ਤਤਾ 16% ਹੈ
MC ਪਟਿਆਲਾ -14%
NP ਭਾਦਸੋਂ-39%
NP ਗੱਗਾ-56%
MC.ਨਾਭਾ-20%
MC.ਪਾਤੜਾਂ-36%
MC ਰਾਜਪੁਰਾ -25%
ਪਟਿਆਲਾ ਨਗਰ ਨਿਗਮ ਵਾਰਡ ਨੰਬਰ 11 ਤੋਂ ਅਕਾਲੀ ਉਮੀਦਵਾਰ ਹਰਪ੍ਰੀਤ ਕੌਰ ਦੇ ਪਤੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਵਿੰਦਰ ਪਾਲ ਸਿੰਘ ਮਿੰਟਾਂ ਪਾਣੀ ਦੀ ਟੈਂਕੀ ਤੇ ਚੜ ਗਏ ਹਨ। ਮਿੰਟਾਂ ਦਾ ਦੋਸ਼ ਰਹਿ ਕੇ ਆਮ ਆਦਮੀ ਪਾਰਟੀ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਉਹਨਾਂ ਨੂੰ ਬੂਥ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾ ਰਿਹਾ।
ਕਸਬਾ ਖੇਮਕਰਨ ਅੰਦਰ ਚੋਣਾ ਅਮਨ ਅਮਾਨ ਨਾਲ ਚੱਲ ਰਹੀਆਂ ਹਨ।11 ਵਜੇ ਤੱਕ 30% ਵੋਟਾਂ ਪੈ ਗਈਆ ਹਨ। ਪੁਲਿਸ ਪ੍ਰਸ਼ਾਸ਼ਨ ਵੱਲੋਂ ਕਸਬਾ ਖੇਮਕਰਨ ਨੂੰ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਕਸਬੇ ਦੇ ਬੂਥਾਂ ਦੇ ਆਲੇ ਦੁਆਲੇ ਕਈ ਲੇਅਰ ਦੀ ਸੁਰੱਖਿਆ ਮੁੱਹਈਆ ਕਰਵਾਈ ਗਈ ਹੈ
ਜ਼ਿਲ੍ਹਾ ਪਟਿਆਲਾ ਦੀ ਸਵੇਰੇ 9:00 ਵਜੇ ਪੋਲ ਪ੍ਰਤੀਸ਼ਤਤਾ 7% ਹੈ
ਐਮ.ਸੀ.ਪਟਿਆਲਾ -6%
ਐਨਪੀ ਭਾਦਸੋਂ-18%
NP ਗੱਗਾ-25%
ਐਮ.ਸੀ.ਨਾਭਾ-7%
ਐਮ.ਸੀ.ਪਾਤੜਾਂ-14%
ਐਮ ਸੀ ਰਾਜਪੁਰਾ -13%
ਪੋਲਿੰਗ ਹੌਲੀ ਰਹੀ, ਸਵੇਰੇ 7:00 ਵਜੇ ਤੋਂ ਸਵੇਰੇ 9:00 ਵਜੇ ਤੱਕ ਸਿਰਫ 5.4% ਵੋਟਿੰਗ ਹੋਈ
ਲੁਧਿਆਣਾ ਦੇ ਡੀਸੀ ਜਤਿੰਦਰ ਜੋਰਵਾਲ ਅਤੇ ਏਡੀਸੀ ਡੀ ਅਮਰਜੀਤ ਸਿੰਘ ਬੈਂਸ ਨੇ ਸਵੇਰੇ ਹੀ ਵਾਰਡਾਂ ਵਿੱਚ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਫਿਲਹਾਲ ਬੂਥ 'ਤੇ ਚੋਣ ਪ੍ਰਕਿਰਿਆ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਹਾਲਾਂਕਿ ਪੋਲਿੰਗ ਹੌਲੀ ਚੱਲ ਰਹੀ ਹੈ ਪਰ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਸਿਰਫ਼ 5.4 ਫੀਸਦੀ ਵੋਟਾਂ ਹੀ ਪਈਆਂ ਹਨ।
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਵਾਰਡ ਨੰਬਰ 34 ਤੋਂ ਉਮੀਦਵਾਰ ਤਜਿੰਦਰ ਮਹਿਤਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਵੱਲੋਂ ਬੂਥ ਦੇ ਅੰਦਰ ਹੰਗਾਮਾ ਕੀਤਾ ਗਿਆ ਹੈ। ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਲਈ ਭਾਜਪਾ ਵੱਲੋਂ ਬਾਹਰੀ ਵਿਅਕਤੀਆਂ ਨੂੰ ਬੂਥ ਦੇ ਬਾਹਰ ਖੜ੍ਹਾ ਕੀਤਾ ਜਾ ਰਿਹਾ ਹੈ। ਮਹਿਤਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਿਸੇ ਵੀ ਵਰਕਰ ਵੱਲੋਂ ਕੋਈ ਹੁਲੜ ਬਾਜ਼ੀ ਨਹੀਂ ਕੀਤੀ ਜਾ ਰਹੀ ਹੈ ਪਰੰਤੂ ਆਪਣੀ ਹਾਰ ਹੁੰਦੀ ਦੇਖ ਭਾਜਪਾ ਵੱਲੋਂ ਜਾਣ ਬੁਝ ਕੇ ਵੋਟਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਪਟਿਆਲਾ ਨਗਰ ਨਿਗਮ ਵਾਰਡ ਨੰਬਰ 34 ਛੱਤ 'ਤੇ ਚੜ੍ਹਿਆ ਭਾਜਪਾ ਉਮੀਦਵਾਰ
ਪਟਿਆਲਾ ਨਗਰ ਨਿਗਮ ਵਾਰਡ ਨੰਬਰ 34 ਵਿੱਚ ਭਾਰੀ ਹੰਗਾਮਾ ਹੋ ਗਿਆ। ਇਸ ਦੌਰਾਨ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਸੁਸੀਲ ਨਜਰ ਸੱਤਾ ਧਿਰ 'ਤੇ ਦੋਸ਼ ਲਗਾਉਂਦਾ ਹੋਇਆ ਆਸ਼ਰਮ ਵਿੱਚ ਬਣੇ ਬੂਥ ਦੀ ਛੱਤ 'ਤੇ ਚੜ ਗਿਆ। ਭਾਜਪਾ ਉਮੀਦਵਾਰ ਦਾ ਦੋਸ਼ ਹੈ ਕਿ ਸੱਤਾ ਧਿਰ ਵੱਲੋਂ ਜਾਲੀ ਵੋਟਾਂ ਪਵਾਈਆਂ ਜਾ ਰਹੀਆਂ ਹਨ ਅਤੇ ਪੁਲਿਸ ਵੱਲੋਂ ਧੱਕਾ ਕਰਨ ਵਾਲਿਆਂ ਦਾ ਸਾਥ ਦਿੱਤਾ ਜਾ ਰਿਹਾ ਹੈ। ਇਸ ਹੰਗਾਮੇ ਦੌਰਾਨ ਸੁਰੱਖਿਆ ਬਲਾਂ ਵੱਲੋਂ ਬੂਥ ਦਾ ਗੇਟ ਬੰਦ ਕਰਕੇ ਵੋਟਿੰਗ ਕੁਝ ਦੇਰ ਲਈ ਰੋਕ ਦਿੱਤੀ ਗਈ ਹੈ।
ਪਟਿਆਲਾ ਦੇ ਵਾਰਡ 34 'ਚ ਹੰਗਾਮਾ ਹੋਇਆ। ਸਿਆਸੀ ਪਾਰਟੀਆਂ ਨੇ ਇਕ-ਦੂਜੇ 'ਤੇ ਧੱਕੇਸ਼ਾਹੀ ਦੇ ਦੋਸ਼ ਲਾਏ ਹਨ।
'ਆਪ' ਉਮੀਦਵਾਰ 'ਤੇ ਚਾਕੂ ਨਾਲ ਹਮਲਾ
ਮਾਨਸਾ ਦੇ ਸਰਦੂਲਗੜ੍ਹ 'ਚ ਵਾਰਡ 8 ਤੋਂ 'ਆਪ' ਉਮੀਦਵਾਰ ਚਰਨ ਦਾਸ ਚਰਨੀ 'ਤੇ ਅਣਪਛਾਤੇ ਵਿਅਕਤੀਆਂ ਨੇ ਚਾਕੂ ਨਾਲ ਹਮਲਾ ਕਰ ਦਿੱਤਾ।
ਮਾਨਸਾ: ਨਗਰ ਪੰਚਾਇਤ ਭੀਖੀ ਤੇ ਸਰਦੂਲਗੜ੍ਹ ‘ਚ ਵੋਟਾਂ ਸ਼ੁਰੂ
ਨਗਰ ਪੰਚਾਇਤ ਭੀਖੀ ਤੇ ਸਰਦੂਲਗੜ੍ਹ ਵਿੱਚ ਵੋਟਿੰਗ ਸ਼ੁਰੂ ਹੋ ਚੁੱਕੀ ਹੈ। ਲੋਕਾਂ ਵੱਲੋਂ ਉਤਸ਼ਾਹਿਤ ਹੋ ਕੇ ਵੋਟਾਂ ਪਾਈਆਂ ਜਾ ਰਹੀਆਂ ਹਨ। ਚੋਣਾਂ ਨੂੰ ਲੈ ਕੇ ਦੋਵਾਂ ਨਗਰ ਪੰਚਾਇਤਾਂ ’ਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਦੇਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਬਾਅਦ ਚੋਣ ਨਤੀਜੇ ਐਲਾਨੇ ਜਾਣਗੇ। ਅਲੱਗ-ਅਲੱਗ ਪਾਰਟੀਆਂ ਆਪ, ਅਕਾਲੀ, ਕਾਂਗਰਸ, ਬੀਜੇਪੀ ਤੇ ਅਜ਼ਾਦ ਉਮੀਦਵਾਰਾਂ ’ਚ ਦਿਲਚਸਪ ਮੁਕਾਬਲੇ ਹੋਣ ਦੇ ਅਸਾਰ ਦਿਖ ਰਹੇ ਹਨ। ਸਰਦੂਲਗੜ੍ਹ ‘ਚ ਪੌਣੇ 9 ਵਜੇ ਤੱਕ ਵਾਰਡ ਨੰਬਰ. 9 ‘ਚ 100 ਵੋਟ, 10 ‘ਚ 110 ਵੋਟ ਅਤੇ 13 ‘ਚ 100 ਵੋਟ ਪੋਲ ਹੋ ਚੁੱਕੀ ਹੈ।
ਦੋਵਾਂ ਨਗਰ ਪੰਚਾਇਤਾਂ ਦੇ ਕੁੱਲ 30322 ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਭੀਖੀ ਨਗਰ ਪੰਚਾਇਤ ਦੇ 13 ਵਾਰਡਾਂ ਦੇ ਕੁੱਲ੍ਹ 14369 ਵੋਟਰ ਹਨ, ਜਿਨ੍ਹਾਂ ਵਿੱਚ 7457 ਪੁਰਸ਼ ਅਤੇ 6911 ਔਰਤ ਵੋਟਰ ਹਨ। ਇਸ ਤੋਂ ਇਲਾਵਾ 1 ਵੋਟ ਥਰਡ ਜੈਂਡਰ ਹੈ। ਭੀਖੀ ਦੇ 13 ਵਾਰਡਾਂ ਲਈ 14 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ।
ਸਰਦੂਲਗੜ੍ਹ ਨਗਰ ਪੰਚਾਇਤ ਦੇ 15 ਵਾਰਡਾਂ ਦੇ ਕੁੱਲ 15953 ਵੋਟਰ ਹਨ, ਜਿਨ੍ਹਾਂ ਵਿੱਚ 8369 ਪੁਰਸ਼ ਅਤੇ 7584 ਔਰਤ ਵੋਟਰ ਸ਼ਾਮਿਲ ਹਨ। ਸਰਦੂਲਗੜ੍ਹ ਵਿਖੇ 17 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਦੋਵਾਂ ਨਗਰ ਪੰਚਾਇਤਾਂ ਲਈ ਕੁੱਲ 93 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਸਰਦੂਲਗੜ੍ਹ ਵਿਖੇ 55 ਅਤੇ ਭੀਖੀ ਵਿਖੇ 38 ਉਮੀਦਵਾਰ ਚੋਣ ਲੜ ਰਹੇ ਹਨ।
ਭਾਰਤੀ ਜਨਤਾ ਪਾਰਟੀ ਮਹਿਲਾ ਵਿੰਗ ਸੂਬਾ ਪ੍ਰਧਾਨ ਜੈ ਇੰਦਰ ਕੌਰ ਨਗਰ ਨਿਗਮ ਚੋਣਾਂ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਨ ਪੁੱਜੇ ਹਨ। ਇਸ ਦੌਰਾਨ ਜੈ ਇੰਦਰ ਕੌਰ ਨੇ ਦੋਸ਼ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਨਾਮਜ਼ਦਗੀਆਂ ਤੋਂ ਸ਼ੁਰੂ ਕੀਤੀ ਧੱਕੇਸ਼ਾਹੀ ਅੱਜ ਤੱਕ ਜਾਰੀ ਹੈ। ਉਹਨਾਂ ਕਿਹਾ ਕਿ ਹਾਈ ਕੋਰਟ ਵੱਲੋਂ ਸਖਤ ਹੁਕਮਾਂ ਦੇ ਨਿਰਦੇਸ਼ਾਂ ਦੇ ਬਾਵਜੂਦ ਵੀ ਪਟਿਆਲਾ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਜੈਇੰਦਰ ਕੌਰ ਨੇ ਦੋਸ਼ ਲਾਇਆ ਕਿ ਸੂਰਜ ਚੜਨ ਤੋਂ ਪਹਿਲਾਂ ਹੀ ਬਦਮਾਸ਼ਾਂ ਦੀਆਂ ਟੋਲੀਆਂ ਸ਼ਹਿਰ ਵਿੱਚ ਘੁੰਮਣ ਲੱਗੀਆਂ ਹਨ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਡਰਾਉਣ ਧਮਕਾਉਣ ਦੇ ਨਾਲ ਵੋਟਰਾਂ ਵਿੱਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਇੱਕ ਸਵਾਲ ਦੇ ਜਵਾਬ ਵਿੱਚ ਜੈਇੰਦਰ ਕੌਰ ਨੇ ਕਿਹਾ ਕਿ ਜਿੱਥੇ ਉਹਨਾਂ ਦੀ ਵੋਟ ਹੈ ਉਸ ਵਾਰਡ ਤੋਂ ਭਾਜਪਾ ਦੇ ਉਮੀਦਵਾਰ ਦੇ ਕਾਗਜ਼ ਵੀ ਫਾੜ ਦਿੱਤੇ ਗਏ ਜਿਸ ਕਰਕੇ ਉਹਨਾਂ ਦੇ ਵਾਰਡ ਵਿੱਚ ਭਾਜਪਾ ਦਾ ਕੋਈ ਉਮੀਦਵਾਰ ਨਹੀਂ ਹੈ। ਵੋਟ ਕਿਸ ਨੂੰ ਪਾਉਣਗੇ ਦੇ ਸਵਾਲ ਤੇ ਜੈ ਇੰਦਰ ਕੌਰ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਨਹੀਂ ਦੱਸ ਸਕਦੇ।
ਪਟਿਆਲਾ 'ਚ ਤੜਕੇ ਹੀ ਹੋਈ ਪੱਥਰਬਾਜ਼ੀ
ਪਟਿਆਲਾ ਨਗਰ ਨਿਗਮ ਲਈ ਅੱਜ ਪੈ ਰਹੀਆਂ ਵੋਟਾਂ ਦੌਰਾਨ ਤੜਕੇ ਹੀ ਸ਼ਹਿਰ ਦੇ ਵਾਰਡ ਨੰਬਰ 40 ਵਿੱਚ ਪੱਥਰਬਾਜ਼ੀ ਹੋਣ ਦੀ ਸੂਚਨਾ ਮਿਲੀ ਹੈ। ਵਾਰਡ 40 ਤੋਂ ਭਾਜਪਾ ਉਮੀਦਵਾਰ ਅਨੂਜ ਖੋਸਲਾ ਨੇ ਦੋਸ਼ ਲਗਾਇਆ ਕਿ ਉਹ ਤੜਕਸਾਰ ਸਵੇਰੇ ਆਪਣੇ ਬੂਥ 'ਤੇ ਫਾਰਮ ਦੇਣ ਲਈ ਪਰਿਵਾਰ ਸਮੇਤ ਜਾ ਰਹੇ ਸਨ ਤਾਂ ਇਸੇ ਦੌਰਾਨ ਹੀ ਸਰਕਾਰੀ ਸਕੂਲ ਵਿੱਚ ਬਣੇ ਬੂਥ ਦੇ ਸਾਹਮਣੇ ਤੋਂ ਕੁਝ ਬਦਮਾਸ਼ਾਂ ਦਾ ਗਰੁੱਪ ਆਇਆ ਅਤੇ ਉਹਨਾਂ ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਬੀਐਸਐਫ ਪਾਰਟੀ ਵੱਲੋਂ ਵੀ ਪੱਥਰਮਾਰਾਂ ਨੂੰ ਮੌਕੇ ਤੋਂ ਭਜਾਇਆ ਗਿਆ ਅਤੇ ਪੁਲਿਸ ਵੀ ਮੌਕੇ 'ਤੇ ਪੁੱਜੀ।
ਮੁਕਤਸਰ 'ਚ ਵੋਟਿੰਗ ਜਾਰੀ, 38 ਉਮੀਦਵਾਰ ਮੈਦਾਨ 'ਚ, ਸਵੇਰ ਦੀ ਠੰਢ ਕਾਰਨ ਜ਼ਿਆਦਾਤਰ ਲੋਕ ਪੋਲਿੰਗ ਬੂਥ 'ਤੇ ਨਹੀਂ ਪਹੁੰਚ ਰਹੇ
ਨਗਰ ਪੰਚਾਇਤ ਬਰੀਵਾਲਾ ਦੇ ਸਾਰੇ 11 ਵਾਰਡਾਂ ਲਈ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ ਹਾਲਾਂਕਿ ਸਰਦੀ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ। ਪਰ ਜਿਵੇਂ-ਜਿਵੇਂ ਸਮਾਂ ਵਧੇਗਾ, ਪੋਲਿੰਗ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਦੇਖਣ ਨੂੰ ਮਿਲੇਗੀ। ਸਖ਼ਤ ਸੁਰੱਖਿਆ ਵਿਚਕਾਰ ਵੋਟਿੰਗ ਚੱਲ ਰਹੀ ਹੈ । ਵੋਟਿੰਗ ਪ੍ਰਕਿਰਿਆ ਸ਼ਾਮ 4 ਵਜੇ ਤੱਕ ਚੱਲੇਗੀ। ਦੇਰ ਸ਼ਾਮ ਤੱਕ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਐਲਾਨੇ ਜਾਣਗੇ। ਕੁੱਲ 38 ਉਮੀਦਵਾਰ ਚੋਣ ਮੈਦਾਨ ਚ ਹਨ। 'ਆਪ', ਕਾਂਗਰਸ ਤੇ ਅਕਾਲੀ ਦਲ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਜਦੋਂ ਕਿ ਭਾਜਪਾ ਤੇ ਆਜ਼ਾਦ ਉਮੀਦਵਾਰ ਉਪਰੋਕਤ ਤਿੰਨਾਂ ਪਾਰਟੀਆਂ ਲਈ ਚੁਣੌਤੀ ਪੈਦਾ ਕਰ ਸਕਦੇ ਹਨ। ਆਪ ਵੱਲੋਂ 11, ਕਾਂਗਰਸ ਦੇ ਅੱਠ, ਅਕਾਲੀ ਦਲ ਅਤੇ ਭਾਜਪਾ ਦੇ 6-6 ਤੇ 7 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਿਨ੍ਹਾਂ ਦੀ ਜਿੱਤ ਦਾ ਫੈਸਲਾ ਬਰੀਵਾਲਾ ਦੇ ਕੁੱਲ 6623 ਵੋਟਰਾਂ ਨੇ ਕਰਨਾ ਹੈ।
ਅੰਮ੍ਰਿਤਸਰ 'ਚ ਵੋਟਿੰਗ ਸ਼ੁਰੂ
ਸ਼ਹਿਰ ਦੇ 85 ਵਾਰਡ ਨਗਰ ਨਿਗਮ , ਨਗਰ ਪੰਚਾਇਤ ਰਾਜਾਸਾਂਸੀ, ਬਾਬਾ ਬਕਾਲਾ ਸਾਹਿਬ ਦੇ 13, ਨਗਰ ਕੌਂਸਲ ਮਜੀਠਾ ਦੇ ਇੱਕ ਵਾਰਡ, ਨਗਰ ਪੰਚਾਇਤ ਅਜਨਾਲਾ ਦੇ ਵਾਰਡ ਨੰਬਰ ਚਾਰ ਅਤੇ ਸੱਤ, ਰਈਆ 'ਚ ਨਗਰ ਪੰਚਾਇਤ ਦੇ ਵਾਰਡ ਨੰਬਰ 13 ਲਈ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਲਈ ਸ਼ਨਿਚਰਵਾਰ ਨੂੰ 589 ਉਮੀਦਵਾਰਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ । 85 ਵਾਰਡਾਂ ਲਈ ਕੁੱਲ 477 ਉਮੀਦਵਾਰ ਅਤੇ ਹੋਰਨਾਂ ਲਈ 112 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਾਂ ਦੀ ਗਿਣਤੀ ਪੋਲਿੰਗ ਸਟੇਸ਼ਨਾਂ 'ਤੇ ਹੀ ਹੋਵੇਗੀ ਅਤੇ ਦੇਰ ਰਾਤ ਤੱਕ ਸਥਿਤੀ ਪੂਰੀ ਤਰ੍ਹਾਂ ਸਪੱਸ਼ਟ ਹੋਣ ਦੀ ਸੰਭਾਵਨਾ ਹੈ। ਵੋਟਿੰਗ ਅਤੇ ਗਿਣਤੀ ਵੀਡੀਓਗ੍ਰਾਫੀ ਰਾਹੀਂ ਕਰਵਾਈ ਜਾ ਰਹੀ ਹੈ। ਚੋਣਾਂ ਲਈ ਕੁੱਲ 841 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵਿੱਚੋਂ 85 ਵਾਰਡਾਂ ਲਈ 811 ਹਨ, ਜਿਨ੍ਹਾਂ ਵਿੱਚ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਬੂਥ ਹਨ। ਦੱਸਣਯੋਗ ਹੈ ਕਿ ਨਿਗਮ ਚੋਣਾ ਵਿਚ 8.36 ਲੱਖ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 4.44 ਲੱਖ ਪੁਰਸ਼ ਅਤੇ ਕਰੀਬ ਚਾਰ ਲੱਖ ਔਰਤਾਂ ਸ਼ਾਮਲ ਹਨ। ਇਨ੍ਹਾਂ ਚੋਣਾ ਲਈ 6064 ਦੇ ਕਰੀਬ ਸਰਕਾਰੀ ਮੁਲਾਜ਼ਮ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ।
ਵੋਟ ਪਾਉਣ ਤੋਂ ਬਾਅਦ ਆਪਣੀਆਂ ਉਂਗਲਾਂ 'ਤੇ ਸਿਆਹੀ ਦਿਖਾਉਂਦੇ ਹੋਏ ਵੋਟਰ
ਪੰਜਾਬ ਦੀਆਂ 5 ਨਗਰ ਨਿਗਮਾਂ ਅਤੇ 44 ਨਗਰ ਕੌਂਸਲਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਵੋਟਿੰਗ ਨੂੰ ਲੈ ਕੇ ਵੋਟਰਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਵੋਟ ਪਾਉਣ ਤੋਂ ਬਾਅਦ ਆਪਣੀਆਂ ਉਂਗਲਾਂ 'ਤੇ ਸਿਆਹੀ ਦੇ ਨਿਸ਼ਾਨ ਦਿਖਾਉਂਦੇ ਹੋਏ ਵੋਟਰ।
ਜਲੰਧਰ 'ਚ ਕਿਹੋ ਜਿਹੀਆਂ ਹਨ ਤਿਆਰੀਆਂ?
ਜਲੰਧਰ ਨਗਰ ਨਿਗਮ ਚੋਣਾਂ ਲਈ 378 ਪੋਲਿੰਗ ਸਟੇਸ਼ਨਾਂ ਦੇ 677 ਬੂਥਾਂ 'ਤੇ 380 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ। ਚੋਣ ਮੈਦਾਨ ਵਿੱਚ ਆਮ ਆਦਮੀ ਪਾਰਟੀ ਦੇ 85, ਕਾਂਗਰਸ ਦੇ 84, ਭਾਜਪਾ ਦੇ 83, ਅਕਾਲੀ ਦਲ ਦੇ 31 ਅਤੇ ਬਸਪਾ ਦੇ 17 ਉਮੀਦਵਾਰ ਆਜ਼ਾਦ ਅਤੇ ਕਈ ਵੱਡੀਆਂ ਪਾਰਟੀਆਂ ਦੇ ਬਾਗੀ ਵੀ ਚੋਣ ਮੈਦਾਨ ਵਿੱਚ ਹਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਤਿਆਰੀਆਂ ਮੁਕੰਮਲ ਹਨ। ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਬੂਥਾਂ 'ਤੇ ਸੁਰੱਖਿਆ ਦੇ ਪ੍ਰਬੰਧ ਸਖ਼ਤ ਹਨ। 2000 ਦੇ ਕਰੀਬ ਪੁਲਿਸ ਮੁਲਾਜ਼ਮ ਚੋਣ ਡਿਊਟੀ ’ਤੇ ਤਾਇਨਾਤ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਸ਼ਨੀਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ ਵੋਟਾਂ ਪੈਣ ਉਪਰੰਤ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ | ਨਗਰ ਨਿਗਮ ਜਲੰਧਰ ਦੇ 85 ਵਾਰਡਾਂ ਲਈ 677 ਪੋਲਿੰਗ ਬੂਥਾਂ 'ਤੇ ਵੋਟਾਂ ਪੈਣੀਆਂ ਹਨ। ਜਲੰਧਰ ਸ਼ਹਿਰ ਵਿੱਚ ਕੁੱਲ 683367 ਵੋਟਰ ਹਨ।
ਪਟਿਆਲਾ ਵਿੱਚ ਵੋਟਿੰਗ ਸ਼ੁਰੂ
ਪਟਿਆਲਾ ਨਗਰ ਨਿਗਮ ਚੋਣਾਂ ਲਈ ਵੋਟਿੰਗ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸਰਦੀ ਦਾ ਮੌਸਮ ਹੋਣ ਕਾਰਨ ਪੋਲਿੰਗ ਸਟੇਸ਼ਨਾਂ ਦੇ ਬਾਹਰ ਵੋਟਰਾਂ ਦੀ ਗਿਣਤੀ ਨਾ-ਮਾਤਰ ਹੈ। ਪਟਿਆਲਾ ਨਗਰ ਨਿਗਮ ਵਿੱਚ ਕੁੱਲ 60 ਵਾਰਡ ਹਨ, ਜਿਨ੍ਹਾਂ ਵਿੱਚੋਂ ਅੱਠ ਵਾਰਡਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਿਨਾਂ ਮੁਕਾਬਲਾ ਚੁਣੇ ਗਏ ਹਨ।
ਇਸ ਤੋਂ ਪਹਿਲਾਂ ਕੁੱਲ 15 ਉਮੀਦਵਾਰ ਨਿਰਵਿਰੋਧ ਚੁਣੇ ਗਏ ਸਨ ਪਰ ਸ਼ੁੱਕਰਵਾਰ ਨੂੰ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਬਿਨਾਂ ਮੁਕਾਬਲਾ ਚੁਣੇ ਗਏ 7 ਉਮੀਦਵਾਰਾਂ ਦੀ ਜਿੱਤ ਦਾ ਨਤੀਜਾ ਰੱਦ ਕਰ ਦਿੱਤਾ ਗਿਆ। ਹਾਲਾਂਕਿ ਅੱਜ ਬਾਕੀ ਰਹਿੰਦੇ 45 ਵਾਰਡਾਂ ਲਈ ਵੋਟਾਂ ਪੈ ਰਹੀਆਂ ਹਨ।
ਆਮ ਆਦਮੀ ਪਾਰਟੀ ਦੇ 45, ਭਾਜਪਾ ਦੇ 24, ਕਾਂਗਰਸ ਦੇ 26, ਅਕਾਲੀ ਦਲ ਦੇ 27 ਅਤੇ 6 ਆਜ਼ਾਦ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਵੋਟਾਂ ਪੈਣ ਦਾ ਕੰਮ ਸ਼ਾਮ 4 ਵਜੇ ਤੱਕ ਚੱਲੇਗਾ। ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ। ਰਾਤ 8 ਵਜੇ ਦੇ ਕਰੀਬ ਚੋਣ ਨਤੀਜੇ ਆਉਣ ਦੀ ਸੰਭਾਵਨਾ ਹੈ।