ਮੁਹਾਲੀ : ਕੇਂਦਰੀ ਜਾਂਚ ਬਿਊਰੋ (CBI) ਦੀ ਅਦਾਲਤ ਨੇ ਪੰਜਾਬ ਦੇ ਆਈਪੀਐਸ ਅਧਿਕਾਰੀ ਗੌਤਮ ਚੀਮਾ ਸਮੇਤ 6 ਵਿਅਕਤੀਆਂ ਨੂੰ 8 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ 10 ਸਾਲ ਪੁਰਾਣੇ ਇਕ ਮਾਮਲੇ 'ਚ ਦਿੱਤੀ ਗਈ ਹੈ, ਜਿਸ 'ਚ ਠੱਗੀ ਦੇ ਮੁਲਜ਼ਮ ਸੁਮੇਧ ਗੁਲਾਟੀ ਨੂੰ ਪੁਲਿਸ ਹਿਰਾਸਤ 'ਚੋਂ ਭਜਾਉਣ ਦਾ ਦੋਸ਼ ਸੀ। ਗੌਤਮ ਚੀਮਾ, ਜੋ ਉਸ ਸਮੇਂ ਪੰਜਾਬ ਪੁਲਿਸ 'ਚ ਆਈਜੀ ਵਜੋਂ ਤਾਇਨਾਤ ਸਨ, ਉੱਤੇ ਇੱਕ ਵੱਡੇ ਧੋਖਾਧੜੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਮੇਧ ਗੁਲਾਟੀ ਨੂੰ ਪੁਲਿਸ ਹਿਰਾਸਤ 'ਚੋਂ ਅਗਵਾ ਕਰਨ ਦੇ ਦੋਸ਼ ਲੱਗੇ ਸਨ। ਉਨ੍ਹਾਂ ਖ਼ਿਲਾਫ਼ ਅਗਵਾ ਸਮੇਤ ਹੋਰ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ, ਪਰ ਇਹ ਦੋਸ਼ ਸਾਬਿਤ ਨਹੀਂ ਹੋ ਸਕੇ, ਜਿਸ ਕਾਰਨ ਉਨ੍ਹਾਂ ਨੂੰ ਪੁਲਿਸ ਹਿਰਾਸਤ 'ਚੋਂ ਮੁਲਜ਼ਮਾਂ ਨੂੰ ਭਜਾਉਣ ਤੇ ਪੁਲਿਸ ਦੇ ਕੰਮ 'ਚ ਰੁਕਾਵਟ ਪਾਉਣ ਦੇ ਦੋਸ਼ਾਂ ਤਹਿਤ ਹੀ ਸਜ਼ਾ ਸੁਣਾਈ ਗਈ।
ਮੁਲਜ਼ਮਾਂ ਨੇ ਕੀਤੀ ਕਾਨੂੰਨ ਦੀ ਉਲੰਘਣਾ
ਸੀਬੀਆਈ ਨੇ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਪਾਇਆ ਕਿ ਗੌਤਮ ਚੀਮਾ ਤੇ ਹੋਰਨਾਂ ਨੇ ਜਾਣਬੁੱਝ ਕੇ ਕਾਨੂੰਨ ਦੀ ਉਲੰਘਣਾ ਕੀਤੀ ਤੇ ਮੁਲਜ਼ਮ ਨੂੰ ਭੱਜਣ 'ਚ ਮਦਦ ਕੀਤੀ। ਅਦਾਲਤ ਨੇ ਇਸ ਮਾਮਲੇ 'ਚ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 225 (ਪੁਲਿਸ ਹਿਰਾਸਤ ਵਿੱਚੋਂ ਭੱਜਣ ਵਿੱਚ ਸਹਾਇਤਾ ਕਰਨਾ), 186 (ਸਰਕਾਰੀ ਕੰਮ ਵਿੱਚ ਰੁਕਾਵਟ ਪਾਉਣਾ), ਅਤੇ 120 (ਅਪਰਾਧਿਕ ਸਾਜ਼ਿਸ਼) ਤਹਿਤ ਸਾਰਿਆਂ ਨੂੰ ਦੋਸ਼ੀ ਠਹਿਰਾਇਆ।
8 ਮਹੀਨੇ ਦੀ ਸਜ਼ਾ ਤੇ 6500 ਰੁਪਏ ਜੁਰਮਾਨਾ ਲਗਾਇਆ
ਸੀਬੀਆਈ ਅਦਾਲਤ ਨੇ ਗੌਤਮ ਚੀਮਾ ਸਮੇਤ ਛੇ ਦੋਸ਼ੀਆਂ ਨੂੰ 8 ਮਹੀਨੇ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ 6500 ਰੁਪਏ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਆਪਣੇ ਫੈਸਲੇ 'ਚ ਕਿਹਾ ਕਿ ਦੋਸ਼ੀਆਂ ਨੇ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕੀਤੀ ਤੇ ਲੋਕਾਂ ਦੇ ਭਰੋਸੇ ਨੂੰ ਨੁਕਸਾਨ ਪਹੁੰਚਾਇਆ। ਗੌਤਮ ਚੀਮਾ ਤੇ ਹੋਰ ਮੁਲਜ਼ਮਾਂ ਨੇ ਅਦਾਲਤ 'ਚ ਦਲੀਲ ਦਿੱਤੀ ਕਿ ਉਨ੍ਹਾਂ ਨੇ ਆਪਣੀ ਡਿਊਟੀ ਨਿਭਾਈ ਤੇ ਕਿਸੇ ਅਪਰਾਧ ਨੂੰ ਉਤਸ਼ਾਹਿਤ ਕਰਨ ਦਾ ਇਰਾਦਾ ਨਹੀਂ ਸੀ।