ਚੋਹਲਾ ਸਾਹਿਬ: ਮੰਡ ਇਲਾਕੇ ’ਚ ਸਥਿਤ ਜ਼ਮੀਨ ਦੇ ਝਗੜੇ ਨੂੰ ਲੈ ਕੇ ਲੰਘੀ ਦੇਰ ਸ਼ਾਮ ਇਕ ਨੌਜਵਾਨ ਨੂੰ ਗੋਲੀ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਉਸਦਾ ਦੂਸਰਾ ਭਰਾ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਜਿਸ ਨੂੰ ਤਰਨਤਾਰਨ ਦੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਿਲਟੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੂਜੇ ਪਾਸੇ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਇਕ ਦਰਜਨ ਤੋਂ ਵੱਧ ਲੋਕਾਂ ਖਿਲਾਫ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।ਮਹਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਚੰਬਾ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੀ ਮਾਲਕੀ 22 ਏਕੜ ਜ਼ਮੀਨ ਮੰਡ ਇਲਾਕੇ ’ਚ ਬਿਆਸ ਦਰਿਆ ਤੋਂ ਪਾਰ ਹੈ। ਲੰਘੀ ਸ਼ਾਮ ਉਹ ਆਪਣੇ ਟਰੈਕਟਰ ’ਤੇ ਸਵਾਰ ਹੋ ਕੇ ਆਪਣੇ ਆਪਣੇ ਭਤੀਜਿਆਂ ਸ਼ਮਸ਼ੇਰ ਸਿੰਘ ਅਤੇ ਦਵਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਨਾਲ ਕਣਕ ਬੀਜਣ ਲਈ ਜ਼ਮੀਨ ਵਿਚ ਗਿਆ ਤਾਂ ਉਥੇ ਪਹਿਲਾਂ ਹੀ ਪਲਵਿੰਦਰ ਸਿੰਘ ਪੁੱਤਰ ਸਵਿੰਦਰ ਵਾਸੀ ਚੰਬਾ ਕਲਾਂ ਆਪਣੇ ਟਰੈਕਟਰ ਨਾਲ ਬਿਜਾਈ ਕਰ ਰਿਹਾ ਸੀ।ਉਹ ਪਲਵਿੰਦਰ ਸਿੰਘ ਨੂੰ ਇਸ ਬਾਰੇ ਪੁੱਛਣ ਲੱਗੇ ਤਾਂ ਉਥੇ ਪਹਿਲਾਂ ਹੀ ਤਿਆਰ ਬੈਠੇ ਇਕ ਦਰਜਨ ਤੋਂ ਵੱਧ ਲੋਕ ਇਕੱਠੇ ਹੋ ਗਏ ਤੇ ਨਿਸ਼ਾਨ ਸਿੰਘ ਨੇ 12 ਬੋਰ ਬੰਦੂਕ ਫਾਇਰ ਕਰ ਦਿੱਤਾ ਜੋ ਸ਼ਮਸ਼ੇਰ ਸਿੰਘ ਦੀ ਛਾਤੀ ’ਤੇ ਲੱਗਾ ਤੇ ਉਹ ਖੇਤਾਂ ਵਿਚ ਹੀ ਡਿੱਗ ਗਿਆ। ਜਦੋਂਕਿ ਇਕ ਹੋਰ ਗੋਲ਼ੀ ਅਕਾਸ਼ਦੀਪ ਸਿੰਘ ਨੇ ਚਲਾਈ ਜੋ ਦਵਿੰਦਰ ਸਿੰਘ ਦੀ ਚੂਲੇ ’ਤੇ ਲੱਗਣ ਕਰਕੇ ਜ਼ਖ਼ਮੀ ਹੋ ਗਿਆ। ਉਸ ਨੇ ਰੌਲਾ ਪਾਇਆ ਤਾਂ ਪਲਵਿੰਦਰ ਸਿੰਘ ਨੇ ਉਸ ਉੱਪਰ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਭੱਜ ਕੇ ਆਪਣੀ ਜਾਨ ਬਚਾ ਲਈ। ਬਅਦ ਵਿਚ ਹਮਲਾਵਰ ਹਥਿਆਰਾਂ ਸਮੇਤ ਫਰਾਰ ਹੋ ਗਏ ਅਤੇ ਜਾਂਦੇ ਹੋਏ ਉਨ੍ਹਾਂ ਦਾ ਮਹਿੰਦਰਾ ਟੈਰਕਟਰ ਵੀ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਗੋਲ਼ੀ ਲੱਗਣ ਨਾਲ ਸ਼ਮਸ਼ੇਰ ਸਿੰਘ (24) ਦੀ ਮੌਤ ਹੋ ਚੁੱਕੀ ਸੀ ਅਤੇ ਦਵਿੰਦਰ ਸਿੰਘ ਨੂੰ ਜ਼ਖ਼ਮੀ ਹਾਲਤ ਵਿਚ ਤਰਨਾਤਰਨ ਦੇ ਹਸਪਤਾਲ ਦਾਖਲ ਕਰਵਾ ਦਿੱਤਾ। ਥਾਣਾ ਚੋਹਲਾ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਰਾਜ ਕੁਮਾਰ ਨੇ ਦੱਸਿਆ ਕਿ ਮਹਿੰਦਰ ਸਿੰਘ ਦੀ ਸ਼ਿਕਾਇਤ ’ਤੇ ਜਗਤਾਰ ਸਿੰਘ ਪੁੱਤਰ ਧੀਰਾ ਸਿੰਘ, ਬਲਵਿੰਦਰ ਸਿੰਘ ਪੁੱਤਰ ਸਮੀਰ ਸਿੰਘ, ਅਰਸ਼ਦੀਪ ਸਿੰਘ, ਜਗਰੂਪ ਸਿੰਘ ਉਰਫ ਜੂਪਾ ਪੁੱਤਰ ਬਲਵਿੰਦਰ ਸਿੰਘ, ਵੀਰ ਸਿੰਘ ਪੁੱਤਰ ਬਲੀ ਸਿੰਘ, ਨਿਸ਼ਾਨ ਸਿੰਘ ਪੁੱਤਰ ਕਾਬਲ ਸਿੰਘ, ਜੋਧਬੀਰ ਸਿੰਘ ਪੁੱਤਰ ਨਿਸ਼ਾਨ ਸਿੰਘ, ਅਕਾਸ਼ਦੀਪ ਸਿੰਘ ਪੁੱਤਰ ਪਰਮਜੀਤ ਸਿੰਘ, ਅਵਤਾਰ ਸਿੰਘ ਪੁੱਤਰ ਬਲੀ ਸਿੰਘ, ਜੋਬਨ ਸਿੰਘ ਪੁੱਤਰ ਅਵਤਾਰ ਸਿੰਘ, ਦਲਜੀਤ ਸਿੰਘ ਪੁੱਤਰ ਸਮੀਰ ਸਿੰਘ, ਹਰਜਿੰਦਰ ਸਿੰਘ ਪੁੱਤਰ ਬਲਬੀਰ ਸਿੰਘ, ਪਲਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਪਿੰਡ ਚੰਬਾ ਕਲਾਂ, ਕੱਘਾ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਕੰਬੋਅ ਢਾਏਵਾਲਾ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਕਿ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ਵਿਚ ਲੈ ਲਿਆ ਗਿਆ ਹੈ।