ਪਟਿਆਲਾ: ਪਹਿਰਾਵੇ ਨੂੰ ਲੈ ਕੇ ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਯੂਨੀਵਸਟੀ ਆਫ ਲਾਅ ਦੇ ਵਿਦਿਆਰਥੀਆਂ ਅਤੇ ਉਪ ਕੁਲਪਤੀ ਵਿਚਕਾਰ ਚੱਲ ਰਿਹਾ ਵਿਵਾਦ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਦੋਵੇਂ ਹੀ ਧਿਰਾਂ ਸਮਝੌਤਾ ਕਰਨ ਦੀ ਬਜਾਏ ਆਪਸ ਵਿੱਚ ਉਲਝਦੀਆਂ ਨਜ਼ਰ ਆ ਰਹੀਆਂ ਹਨ। ਯੂਨੀਵਰਸਿਟੀ ਦਾ ਉਪ ਕੁਲਪਤੀ ਵਿਦਿਆਰਥੀਆਂ ਅੱਗੇ ਝੁਕਣ ਨੂੰ ਤਿਆਰ ਨਹੀਂ ਹਨ ਅਤੇ ਦੂਜੇ ਪਾਸੇ ਵਿਦਿਆਰਥੀ ਉਪ ਕੁਲਪਤੀ ਨੂੰ ਅਹੁਦੇ ਤੋਂ ਹਟਾਉਣ ਤੱਕ ਸੰਘਰਸ਼ ਵਾਪਸ ਲੈਣ ਨੂੰ ਤਿਆਰ ਨਹੀਂ। ਯੂਨੀਵਰਸਿਟੀ ਕੈਂਪਸ ਅੰਦਰ ਵਿਦਿਆਰਥੀਆ ਦਾ ਧਰਨਾ ਕਰੀਬ 200 ਘੰਟਿਆਂ ਤੋਂ ਲਗਾਤਾਰ ਜਾਰੀ ਜੋ ਕਿ ਸੋਮਵਾਰ ਨੂੰ ਨੌਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ l ਸੋਮਵਾਰ ਨੂੰ ਸਵੇਰ ਤੋਂ ਹੀ ਵਿਦਿਆਰਥੀਆਂ ਨੇ ਉਪ ਕੁਲਪਤੀ ਦੇ ਦਫਤਰ ਮੂਹਰੇ ਧਰਨਾ ਲਗਾ ਦਿੱਤਾ।ਵਰਣਨਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ, ਮੈਂਬਰ ਪਾਰਲੀਮੈਂਟ, ਵਕੀਲਾਂ ਦੀ ਬਾਰ ਐਸੋਸੀਏਸ਼ਨ, ਪੰਜਾਬ ਪੁਲਿਸ ਦੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਨੁਮਾਇੰਦੇ ਯੂਨੀਵਰਸਿਟੀ ਪਹੁੰਚ ਕੇ ਵਿਦਿਆਰਥੀਆਂ ਨੂੰ ਹਮਾਇਤ ਦੇਣ ਅਤੇ ਇਨਸਾਫ ਦੇਣ ਦੀ ਮੰਗ ਕਰ ਚੁੱਕੇ ਹਨ l ਸਿਆਸੀ ਪਾਰਟੀਆਂ ਦੇ ਪ੍ਰਮੁੱਖ ਆਗੂ ਉਪ ਕੁਲਪਤੀ ਦੇ ਵਤੀਰੇ ਦੀ ਨਿਖੇਧੀ ਕਰ ਰਹੇ ਹਨ।ਮਿਲੀ ਸੂਚਨਾ ਅਨੁਸਾਰ ਹੁਣ ਤੱਕ ਯੂਨੀਵਰਸਿਟੀ ਦੇ ਅਧਿਕਾਰੀਆਂ ਅਤੇ ਵਿਦਿਆਰਥੀਆਂ ਵਿਚਕਾਰ ਘੱਟੋ-ਘੱਟ 10 ਵਾਰ ਆਪਸੀ ਮੀਟਿੰਗਾਂ ਹੋ ਚੁੱਕੀਆਂ ਹਨ। ਇਸ ਦੇ ਬਾਵਜੂਦ ਵੀ ਗੱਲਬਾਤ ਦਾ ਕੋਈ ਵੀ ਸਿੱਟਾ ਨਹੀਂ ਨਿਕਲ ਸਕਿਆ।ਪਤਾ ਲੱਗਾ ਹੈ ਕਿ ਉਧਰ ਯੂਨੀਵਰਸਿਟੀ ਦੇ ਫੈਕਲਟੀ ਵੀ ਵਿਦਿਆਰਥੀਆਂ ਨੂੰ ਸਮਝਾ-ਸਮਝਾ ਕੇ ਥੱਕ ਚੁੱਕੀ ਹੈ ਪ੍ਰੰਤੂ ਸੰਘਰਸ਼ ਕਰ ਰਹੇ ਵਿਦਿਆਰਥੀ ਕੋਈ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਅਤੇ ਇੱਕੋ ਹੀ ਰਟ ਲਗਾ ਰਹੇ ਹਨ ਕਿ ਉਪ ਕੁਲਪਤੀ ਨੂੰ ਅਹੁਦੇ ਤੋਂ ਹਟਾਇਆ ਜਾਵੇ ਜਦਕਿ ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਕਾਰਨ ਉਪ ਕੁਲਪਤੀ ਅਦਾਲਤੀ ਚਾਰਾਜੋਈ ਕਰਨ ਲਈ ਕਾਨੂੰਨੀ ਮਾਹਰਾਂ ਤੋਂ ਰਾਏ ਲੈਣ ਲੱਗੇ ਹਨ l ਵਿਦਿਆਰਥੀਆਂ ਵੱਲੋਂ ਕਲਾਸਾਂ ਦਾ ਬਾਈਕਾਟ ਲਗਾਤਾਰ ਜਾਰੀ ਹੈ।