ਚੰਡੀਗੜ੍ਹ: ਪੰਜਾਬ ਦੇ ਪੰਚਾਇਤੀ ਚੋਣਾਂ ਦੇ ਇਤਿਹਾਸ ਵਿਚ ਵਿਚ ਪਹਿਲੀ ਵਾਰ ਸਰਬ ਸੰਮਤੀ ਨਾਲ ਸਰਪੰਚ ਬਣਨ ਲਈ ਪਿੰਡਾਂ ਵਿਚ ਬੋਲੀ ਲੱਗਣ ਦਾ ਰੁਝਾਨ ਸਾਹਮਣੇ ਆਇਆ ਹੈ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਹਰਦੋਵਾਲ ਕਲਾਂ 'ਚ ਸਰਪੰਚ ਬਣਨ ਲਈ ਦੋ ਕਰੋੜ ਰੁਪਏ ਤੱਕ ਦੀ ਬੋਲੀ ਲਾਉਣ ਦਾ ਮਾਮਲਾ ਸੁਰਖ਼ੀਆਂ ਬਣਿਆ ਹੋਇਆ ਹੈ। ਲੋਕਤੰਤਰ ਦੀ ਸਭ ਤੋਂ ਛੋਟੀ ਇਕਾਈ ਪੰਚਾਇਤ ਦਾ ਮੁਖੀ (ਸਰਪੰਚ) ਬਣਨ ਲਈ ਬੋਲੀ ਲਗਾਉਣ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿਧਾਨ ਸਭਾ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਦੀ ਪੰਚਾਇਤ ਕੋਠੇ ਚੀਦਿਆਂਵਾਲੀ 'ਚ ਸਰਪੰਚ ਦੀ ਕੁਰਸੀ ਲਈ ਬੋਲੀ 35 ਲੱਖ ਪਹੁੰਚੀ ਸੀ। ਸਰਪੰਚ ਬਣਨ ਲਈ ਐਨੀ ਵੱਡੀ ਰਕਮ ਦੇਣ ਦੀ ਪੇਸ਼ਕਸ਼ ਕਰਨ ਨਾਲ ਲੋਕ ਤਰ੍ਹਾਂ ਤਰ੍ਹਾਂ ਦੀਆਂ ਕਿਆਸਰਾਈਆਂ ਲਾ ਰਹੇ ਹਨ।ਮੁੱਖ ਮੰਤਰੀ ਭਗਵੰਤ ਮਾਨ ਨੇ ਸਰਬਸੰਮਤੀ ਨਾਲ ਚੁਣਨ ਵਾਲੀਆਂ ਪੰਚਾਇਤਾਂ ਨੂੰ ਪੰਜ ਲੱਖ ਰੁਪਏ ਦੀ ਗਰਾਂਟ ਦੇਣ, ਪਿੰਡ ਵਿਚ ਸਕੂਲ ਜਾਂ ਹਸਪਤਾਲ ਵਿਚੋਂ ਕੋਈ ਇਕ ਪ੍ਰੋਜੈਕਟ ਬਣਾਉਣ ਦਾ ਐਲਾਨ ਕੀਤਾ ਹੋਇਆ ਹੈ। ਮੌਨਸੂਨ ਸੈਸ਼ਨ ਵਿਚ ਸਰਕਾਰ ਨੇ ਪੰਚਾਇਤੀ ਰਾਜ ਐਕਟ ਵਿਚ ਸੋਧ ਕੀਤੀ ਹੈ ਕਿ ਕੋਈ ਵੀ ਵਿਅਕਤੀ ਕਿਸੇ ਪਾਰਟੀ ਦੇ ਚੋਣ ਨਿਸ਼ਾਨ ’ਤੇ ਚੋਣ ਨਹੀ ਲੜ ਸਕੇਗਾ, ਪਰ ਇਸਦੇ ਉਲਟ ਕਈ ਪਿੰਡਾਂ ਵਿਚ ਸਰਬਸੰਮਤੀ ਕਰਨ ਲਈ ਵੱਡੀ ਪੱਧਰ ’ਤੇ ਬੋਲੀ ਲਗਾਉਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।
ਉਧਰ ਪੰਜਾਬ ਰਾਜ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੰਟਰਨੈੱਟ ਮੀਡੀਆ ਰਾਹੀਂ ਹੀ ਸਰਪੰਚੀ ਲਈ ਬੋਲੀ ਲੱਗਣ ਬਾਰੇ ਜਾਣਕਾਰੀ ਮਿਲੀ ਹੈ, ਪਰ ਅਜੇ ਤੱਕ ਕਮਿਸ਼ਨ ਨੂੰ ਇਸ ਸਬੰਧੀ ਕੋਈ ਸ਼ਿਕਾਇਤ ਪ੍ਰਾਪਤ ਨਹੀਂ ਹੋਈ। ਵਰਨਣਯੋਗ ਹੈ ਕਿ ਪੰਜਾਬ ਵਿਚ 13,237 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ।
ਪੰਚਾਇਤ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ ਗੰਧੋ ਦਾ ਕਹਿਣਾ ਹੈ ਕਿ ਸਰਪੰਚ ਦੀ ਚੋਣ ਲਈ ਬੋਲੀ ਲਗਾਉਣਾ ਲੋਕਤੰਤਰ ਦੇ ਖਿਲਾਫ਼ ਹੈ। ਉਨ੍ਹਾਂ ਕਿਹਾ ਕਿ ਕੁੱਝ ਸਰਮਾਏਦਾਰ ਲੋਕਾਂ ਵਲੋਂ ਸਰਪੰਚੀ ਦਾ ਮਹੱਤਵਪੂਰਨ ਅਹੁਦਾ ਹਥਿਆਉਣ ਲਈ ਲੱਖਾਂ, ਕਰੋੜਾਂ ਰੁਪਏ ਬੋਲੀ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਸਰਪੰਚ ਤੇ ਪੰਚਾਇਤ ਦੀ ਚੋਣ ਸਰਬਸੰਮਤੀ ਨਾਲ ਚੋਣ ਹੋਣੀ ਚਾਹੀਦੀ ਹੈ, ਪਰੰਤੂ ਸਰਬਸੰਮਤੀ ਦੇ ਨਾਮ ’ਤੇ ਕਰੋੜਾਂ ਰੁਪਏ ਦੀ ਬੋਲੀ ਲਾਉਣਾ ਨਾ ਸਿਰਫ਼ ਲੋਕਤੰਤਰ ਦੇ ਖ਼ਿਲਾਫ਼ ਹੈ, ਸਗੋਂ ਭਿ੍ਰਸ਼ਟਾਚਾਰ ਨੂੰ ਬੜਾਵਾ ਦੇਣਾ ਵੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪਿੰਡਾਂ ਵਿਚ ਅਸਰ ਰਸੂਖ ਰੱਖਣ ਵਾਲੇ ਪੈਸੇ ਦੇ ਦਮ ਨਾਲ ਸਰਪੰਚ ਬਣਨਗੇ ਤਾਂ ਪਿੰਡਾਂ ਦੇ ਆਮ ਲੋਕਾਂ ਨੂੰ ਕਦੇ ਵੀ ਸਰਪੰਚ ਬਣਨ ਦਾ ਮੌਕਾ ਨਹੀਂ ਮਿਲੇਗਾ।
ਗੰਧੋ ਨੇ ਪੰਜਾਬ ਸਰਕਾਰ, ਪੰਚਾਇਤ ਵਿਭਾਗ, ਪੰਜਾਬ ਰਾਜ ਚੋਣ ਕਮਿਸ਼ਨ ਅਤੇ ਆਮਦਨ ਟੈਕਸ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕਾਂ ਨੇ ਲੋਕਤੰਤਰ ਨੂੰ ਕਲੰਕਿਤ ਕਰਨ ਲਈ ਸਰਪੰਚ ਦੇ ਅਹੁਦੇ ਖਰੀਦਣ ਦਾ ਯਤਨ ਕੀਤੇ ਹਨ, ਉਨ੍ਹਾਂ ਦੀ ਆਮਦਨ ਦੇ ਸ੍ਰੋਤਾਂ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਸਰਪੰਚੀ ਦੀ ਚੋਣ ਲਈ ਅਜਿਹੇ ਖਤਰਨਾਕ ਰੁਝਾਨ ਨੂੰ ਰੋਕਣ ਲਈ ਖੁਦ ਅੱਗੇ ਆਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੜ੍ਹੇ-ਲਿਖੇ ਸੂਝਵਾਨ ਲੋਕਾਂ ਨੂੰ ਪਿੰਡਾਂ ਵਿਚ ਸਰਪੰਚ ਦੀ ਚੋਣ ਲਈ ਬੋਲੀ ਲਗਾਉਣ ਦੇ ਰੁਝਾਨ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਆਮ ਲੋਕਾਂ ਨੂੰ ਵੀ ਸਰਪੰਚ ਬਣਨ ਦਾ ਮੌਕਾ ਮਿਲ ਸਕੇ।
ਉੱਥੇ, ਦੋ ਦਿਨ ਪਹਿਲਾਂ ਹੀ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਦੀ ਪੰਚਾਇਤ ਕੋਠੇ ਚੀਦਿਆਂਵਾਲੀ 'ਚ ਸਰਪੰਚ ਦੀ ਚੋਣ ਨੂੰ ਲੈ ਕੇ 35 ਲੱਖ ਰੁਪਏ ਦੀ ਬੋਲੀ ਲੱਗੀ। ਸਭ ਤੋਂ ਵੱਧ 35 ਲੱਖ ਦੀ ਬੋਲੀ ਦੇਣ ਵਾਲੇ ਜਸਮੇਲ ਸਿੰਘ ਨੂੰ ਸਰਪੰਚ ਚੁਣ ਲਿਆ ਗਿਆ। ਸਰਪੰਚ ਜਸਮੇਲ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਹੈ, ਬੋਲੀ ਵਾਲੀ ਕੋਈ ਗੱਲ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਹਿਮ ਗੱਲ ਇਹ ਹੈ ਕਿ ਬੋਲੀ ਇਸ ਗੱਲ ਨੂੰ ਲੈ ਕੇ ਲਾਈ ਜਾ ਰਹੀ ਹੈ ਕਿ ਪੈਸਾ ਪੰਚਾਇਤ ਦੇ ਵਿਕਾਸ 'ਤੇ ਖਰਚ ਕੀਤਾ ਜਾਵੇਗਾ।