ਅੰਮ੍ਰਿਤਸਰ: ਬਾਬਾ ਮੱਖਣ ਸ਼ਾਹ ਲੁਬਾਣਾ ਫਾਊਡੇਸ਼ਨ ਚੰਡੀਗੜ੍ਹ ਅਤੇ ਬਾਬਾ ਮੱਖਣ ਸ਼ਾਹ ਲੁਬਾਣਾ ਵੈਲਫੇਅਰ ਸੁਸਾਇਟੀ ਜਲੰਧਰ ਦੇ ਇਕ ਵਫਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਕੇ ਬੀਬੀ ਜਗੀਰ ਕੌਰ ਵਿਰੁੱਧ ਕੀਤੀ ਸ਼ਕਾਇਤ ਦੇ ਸਬੰਧ ਵਿਚ ਦਿੱਤੇ ਨੋਟਿਸ ਨੂੰ ਵਾਪਸ ਲੈਣ ਲਈ ਲਿਖਤੀ ਰੂਪ ਵਿੱਚ ਬੇਨਤੀ ਪੱਤਰ ਸੋੌਪਿਆ ਹੈ। ਵਫਦ ਨੇ ਜਥੇਦਾਰ ਨੂੰ ਪੱਤਰ ਵਿਚ ਲਿਖਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪਰਮਾਤਮਾ ਦੀ ਰੂਹਾਨੀ ਅਤੇ ਬੁਨਿਆਦੀ ਪ੍ਰਭੂਸੱਤਾ ਦੀ ਇਸ ਧਰਤੀ ਉੱਤੇ ਪ੍ਰਤੀਨਿਧਤਾ ਕਰਦੀ ਕੇਂਦਰ ਸੰਸਥਾ ਹੈ । ਸ੍ਰੀ ਅਕਾਲ ਤਖ਼ਤ ਸਾਹਿਬ ਨੇ ਪਰਮਾਤਮਾ ਦੀ ਸ਼ਕਤੀ ਨੂੰ ਮਨੁੱਖੀ ਕਰਮ ਅਤੇ ਸਮਾਜਿਕਤਾ ਦੀਆਂ ਲੋੜਾਂ ਅਨੁਸਾਰ ਦਿਸ਼ਾ ਪ੍ਰਦਾਨ ਕਰਨ ਦੇ ਯਤਨਾ ਵਜੋਂ ਨਿਸ਼ਚਿਤ ਨਿਯਮਾਵਲੀ ਅਤੇ ਮਰਯਾਦਾ ਦਿੱਤੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਮੁੱਚੇ ਤੌਰ `ਤੇ ਧਰਮ ਅਤੇ ਮਨੁੱਖੀ ਸੱਚ ਦੀ ਰਾਖੀ ਕਰਨ ਵਾਲੀ ਵਿਸ਼ਵ ਪ੍ਰਭਾਵੀ ਸੰਸਥਾ ਹੈ। ਆਪ ਇਸ ਸੰਸਥਾ ਉਪਰ ਗੁਰੂ ਦੀ ਕਿਰਪਾ ਦੁਆਰਾ ਬਤੌਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਿਰਾਜਮਾਨ ਹੋ।ਸਿੱਖ ਪੰਥ ਆਪ ਪਾਸੋਂ ਸ਼ਕਤੀਸ਼ਾਲੀ ਨਿਰਪੱਖ ਅਤੇ ਹੋਰ ਕਈ ਤਰ੍ਹਾਂ ਦੀ ਆਸ ਰੱਖਦਾ ਹੈ। ਪਰ ਅਜਿਹਾ ਕਾਰਜ ਹਰਗਜ਼ ਵੀ ਨਹੀਂ ਜਿਸ ਨਾਲ ਸਮੁੱਚੀ ਸਿੱਖ ਦੇ ਹਿਰਦੇ ਝੰਜੋੜ ਕੇ ਰੱਖ ਦੇਵੇ।ਇੰਜ ਲੱਗਦਾ ਹੈ ਕਿ ਸਿੰਘ ਸਾਹਿਬਾਨ ਦੀ ਪਦਵੀ ਇਕ ਘਿਰੀ ਹੋਈ ਮਾਨਸਿਕਤਾ ਵਿਚ ਵਿਚਰਦੀ ਹੋਈ ਸਿੱਖ ਸੱਭਿਅਤਾ ਦੀ ਉਤਪਤੀ ਵਿਚ ਮਹੱਤਵਪੂਰਨ ਯੋਗਦਾਨ ਨਿਭਾਉਣ ਦੀ ਇੱਛਾ ਰੱਖਦੀ ਹੋਈ ਬੇਵੱਸ ਬਣੀ ਹੋਈ ਹੈ। ਇਹ ਪੰਜ ਪਿਆਰਿਆ ਦੀ ਸੰਸਥਾ ਗੁਰਮਤਿ ਦੀ ਸੰਸਥਾ ਹੁਕਮਨਾਮੇ ਦੀ ਸੰਸਥਾ ਹੈ। ਇਸ ਦੇ ਆਧਾਰ 'ਤੇ ਇਸ ਦੇ ਜਥੇਦਾਰ ਨੂੰ ਪੰਜ ਪਿਆਰਿਆ ਦੇ ਰੂਪ ਵਿਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣੀਆ ਚਾਹੀਦੀਆਂ ਹਨ । ਦੇਸ਼ ਵਿਦੇਸ਼ ਵਿਚ ਵੱਸਦੇ ਸੰਤ ਬਾਬਾ ਪ੍ਰੇਮ ਜੀ ਮੁਰਾਲੇ ਵਾਲਿਆਂ ਦੇ ਲੱਖਾਂ ਪੈਰੋਕਾਰਾਂ ਵਲੋਂ ਆਪ ਵਲੋਂ ਜਾਰੀ ਕੀਤੇ ਗਏ ਨੋਟਿਸ ਨੂੰ ਬੜੀ ਗੰਭੀਰਤਾ ਨਾਲ ਲਿਆ ਹੈ ਅਤੇ ਸਮੁੱਚੀ ਸੰਗਤ ਵੱਲੋਂ ਆਪ ਨੂੰ ਬੇਨਤੀ ਹੈ ਕਿ ਬੀਬੀ ਜਗੀਰ ਕੌਰ ਨੂੰ ਜਾਰੀ ਕੀਤੇ ਨੋਟਿਸ ਨੂੰ ਵਾਪਿਸ ਲਿਆ ਜਾਵੇ ਤਾਂ ਕਿ ਸਮੁੱਚੇ ਸਿੱਖ ਸਮਾਜ ਅੰਦਰ ਆਪਸੀ ਭਾਈਚਾਰਕ ਸਾਂਝ ਬਣੀ ਰਹੇ।