ਜਲੰਧਰ : ਬਸਤੀ ਬਾਵਾ ਖੇਲ ਦੇ ਖੇਤਰ ’ਚੋਂ ਲੰਘ ਰਹੀ ਨਹਿਰ ’ਚੋਂ ਵੀਰਵਾਰ ਸਵੇਰੇ 4 ਮਹੀਨੇ ਦੇ ਇਕ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਸਨਸਨੀ ਫੈਲ ਗਈ। ਪਹਿਲੇ ਨਵਰਾਤੇ ਦੇ ਦਿਨ ਨਹਿਰ ’ਚੋਂ ਬੱਚੇ ਦੀ ਲਾਸ਼ ਮਿਲਣ ਨਾਲ ਇਲਾਕੇ ਦੇ ਲੋਕਾਂ ’ਚ ਕਈ ਤਰ੍ਹਾਂ ਦੀ ਚਰਚਾ ਹੋਣ ਲੱਗੀ। ਮਾਮਲੇ ਦਾ ਪਤਾ ਲਗਦੇ ਹੀ ਮੌਕੇ ’ਤੇ ਥਾਣਾ ਬਸਤੀ ਬਾਵਾ ਖੇਲ ਦੇ ਮੁਖੀ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪਹੁਚੇ। ਪੁਲਿਸ ਅਧਿਕਾਰੀਆਂ ਨੂੰ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਨਹਿਰ ’ਚ ਕੁਝ ਬੱਚੇ ਨਹਾਅ ਰਹੇ ਸਨ, ਜਿਨ੍ਹਾਂ ਬੱਚੇ ਦੀ ਲਾਸ਼ ਦੇਖੀ ਤਾਂ ਰੋਲਾ ਪਾ ਦਿੱਤਾ।ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦੇ ਹੋਏ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਤਾਂ ਉਸ ’ਚ ਸਪੱਸ਼ਟ ਨਜ਼ਰ ਆ ਰਿਹਾ ਸੀ ਕਿ ਇਕ ਔਰਤ ਆਪਣੇ ਪਤੀ ਨਾਲ ਨਹਿਰ ’ਤੇ ਆਈ ਜਿਸ ਨੇ ਬੱਚੇ ਦੀ ਲਾਸ਼ ਨੂੰ ਨਹਿਰ ’ਚ ਵਹਾਇਆ ਤੇ ਪਤੀ ਨੇ ਬੱਚੇ ਦੇ ਕਪੜਿਆਂ ਦੇ ਦੋ ਥੈਲੇ ਨਹਿਰ ’ਚ ਸੁੱਟੇ ਹਨ। ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਪੁਲਿਸ ਅਧਿਕਾਰੀਆਂ ਨੇ ਔਰਤ ਦਾ ਪਤਾ ਲਗਾਇਆ।ਥਾਣਾ ਮੁਖੀ ਨੇ ਦੱਸਿਆ ਕਿ ਬੱਚੇ ਦੇ ਪਰਿਵਾਰਕ ਮੈਂਬਰ ਨੇਪਾਲ ਦੇ ਰਹਿਣ ਵਾਲੇ ਹਨ। ਬੱਚਾ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਜਿਸ ਦੀ ਮੌਤ ਹੋ ਜਾਣ ਤੋਂ ਬਾਅਦ ਆਰਥਿਕ ਤੌਰ ’ਤੇ ਕਮਜ਼ੋਰ ਉਸ ਦੇ ਮਾਂ-ਬਾਪ ਨੇ ਆਪਣੇ ਰੀਤੀ-ਰਿਵਾਜ਼ ਅਨੁਸਾਰ ਬੱਚੇ ਦੀ ਮ੍ਰਿਤਕ ਦੇਹ ਨੂੰ ਨਹਿਰ ’ਚ ਵਹਾਅ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੱਚੇ ਦੀ ਕੁਦਰਤੀ ਮੌਤ ਹੋਈ ਹੈ ਤੇ ਪਰਿਵਾਰ ਨੇ ਆਪਣੀ ਧਾਰਮਿਕ ਵਿਧੀ ਨਾਲ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਹਨ ਜਿਸ ਕਰਕੇ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।