ਫਿਲੌਰ : ਮਾਡਲ ਤੇ ਹੀਰੋਇਨ ਹਿਮਾਂਸ਼ੀ ਖੁਰਾਣਾ (Himanshi Khurana) ਦੇ ਪਿਤਾ ਕੁਲਦੀਪ ਖੁਰਾਣਾ ਨੂੰ ਪੁਲਿਸ ਨੇ ਉਸ ਦੇ ਘਰੋਂ ਗਿ੍ਫ਼ਤਾਰ ਕੀਤਾ ਹੈ। ਉਸ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਕੁਲਦੀਪ ਖੁਰਾਣਾ ਖ਼ਿਲਾਫ਼ 5 ਮਹੀਨੇ ਪਹਿਲਾਂ ਨਾਇਬ ਤਹਿਸੀਲਦਾਰ ’ਤੇ ਹਮਲਾ ਕਰਨ ਤੇ ਗਾਲੀ-ਗਲੋਚ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਐਤਵਾਰ ਦੁਪਹਿਰ ਨੂੰ ਫਿਲੌਰ ਦੀ ਅਦਾਲਤ ਦੇ ਬਾਹਰ ਮੌਜੂਦ ਏਐੱਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨੇ 5 ਮਹੀਨੇ ਪਹਿਲਾਂ ਉਨ੍ਹਾਂ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਜਦੋਂ ਉਹ ਆਪਣੀ ਡਿਊਟੀ ਲਈ ਦਫ਼ਤਰ ਤੋਂ ਬਾਹਰ ਜਾ ਰਿਹਾ ਸੀ ਤਾਂ ਦੂਜੇ ਪਾਸਿਓਂ ਕੁਲਦੀਪ ਖੁਰਾਣਾ ਆਏ ਤੇ ਉਸ ’ਤੇ ਹਮਲਾ ਬੋਲਦੇ ਹੋਏ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਉਸ ਦੇ ਨਾਲ ਮੌਜੂਦ ਇਕ ਮੁਲਾਜ਼ਮ ਨੇ ਇਸ ਸਾਰੀ ਘਟਨਾ ਦੀ ਵੀਡੀਓ ਬਣਾ ਲਈ। ਪੁਲਿਸ ਨੇ ਜਾਂਚ ਤੋਂ ਬਾਅਦ ਕੁਲਦੀਪ ਖੁਰਾਣਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਨੇ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਖੁਰਾਣਾ ਨੂੰ ਗਿ੍ਫ਼ਤਾਰ ਕਰਨ ਲਈ ਲੁਧਿਆਣਾ ’ਚ ਉਨ੍ਹਾਂ ਦੇ ਘਰ ਗਈ ਤਾਂ ਸ਼ਨਿਚਰਵਾਰ ਰਾਤ ਪੁਲਿਸ ਨੂੰ ਜਿਵੇਂ ਹੀ ਪਤਾ ਲੱਗਾ ਕਿ ਖੁਰਾਣਾ ਉਸ ਦੇ ਘਰ ਮੌਜੂਦ ਹੈ ਤਾਂ ਪੁਲਿਸ ਨੇ ਛਾਪਾ ਮਾਰ ਕੇ ਉਸ ਨੂੰ ਗਿ੍ਫਤਾਰ ਕਰ ਲਿਆ ਜਿਨ੍ਹਾਂ ਨੂੰ ਐਤਵਾਰ ਨੂੰ ਫਿਲੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਜਿੱਥੇ ਕੁਲਦੀਪ ਖੁਰਾਣਾ ਨੂੰ 14 ਦਿਨਾਂ ਲਈ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ।
ਅਦਾਲਤ ਤੋਂ ਬਾਹਰ ਆ ਕੇ ਕੁਲਦੀਪ ਖੁਰਾਣਾ ਨੇ ਦੱਸਿਆ ਕਿ ਉਹ ਨਾਇਬ ਤਹਿਲਦਾਰ ਜਗਪਾਲ ਸਿੰਘ ਨੂੰ ਕਾਫੀ ਸਮੇਂ ਤੋਂ ਜਾਣਦਾ ਹੈ। ਉਨ੍ਹਾਂ ਦੱਸਿਆ ਕਿ ਉਹ ਬਿਜਲੀ ਬੋਰਡ ’ਚ ਤਾਇਨਾਤ ਸੀ। ਉਹ 14 ਸਾਲ ਅਮਰੀਕਾ ’ਚ ਰਿਹਾ, ਜਦੋਂ ਉਹ ਵਾਪਸ ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਦੀ ਉਕਤ ਨਾਇਬ ਤਹਿਸੀਲਦਾਰ ਨਾਲ ਦੋਸਤੀ ਹੋ ਚੁੱਕੀ ਹੈ, ਉਸ ਨੇ ਵਿਦੇਸ਼ ਤੋਂ ਜੋ ਵੀ ਕਮਾਈ ਕੀਤੀ, ਆਪਣੀ ਪਤਨੀ ਨੂੰ ਭੇਜੀ ਤੇ ਇਸ ਤੋਂ ਇਲਾਵਾ ਜੋ ਵੀ ਪੈਨਸ਼ਨ ਦੀ ਰਕਮ ਮਿਲੀ ਸੀ, ਉਹ ਉਸ ਦੀ ਪਤਨੀ ਤੇ ਜਗਪਾਲ ਸਿੰਘ ਨੇ ਮਿਲ ਕੇ ਹੜੱਪ ਲਈ। ਇਸ ਸਬੰਧੀ ਜਦੋਂ ਉਹ ਗੁਰਾਇਆ ਵਿਖੇ ਜਗਪਾਲ ਸਿੰਘ ਨਾਲ ਗੱਲ ਕਰਨ ਆਏ ਤਾਂ ਉਨ੍ਹਾਂ ਦੀ ਆਪਸ ’ਚ ਲੜਾਈ ਹੋ ਗਈ।
ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਜਗਪਾਲ ਸਿੰਘ ਨਾਲ ਫੋਨ ’ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਉਹ ਕੁਲਦੀਪ ਖੁਰਾਣਾ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਲੁਧਿਆਣਾ ’ਚ ਪਟਵਾਰੀ ਵਜੋਂ ਤਾਇਨਾਤ ਸਨ। ਉਨ੍ਹਾਂ ਕਿਹਾ ਕਿ ਕੁਲਦੀਪ ਖੁਰਾਣਾ ਵੱਲੋਂ ਉਨ੍ਹਾਂ ’ਤੇ ਲਾਏ ਜਾ ਰਹੇ ਦੋਸ਼ਾਂ ’ਚ ਕੋਈ ਸੱਚਾਈ ਨਹੀਂ ਹੈ। ਕੁਲਦੀਪ ਖੁਰਾਣਾ ’ਤੇ ਬਿਜਲੀ ਬੋਰਡ ’ਚ ਡਿਊਟੀ ਦੌਰਾਨ ਭਿ੍ਸ਼ਟਾਚਾਰ ਦੇ ਦੋਸ਼ ਲੱਗੇ ਸਨ, ਜਿਸ ਕਾਰਨ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਉਹ ਆਪਣੇ ਕਿਰਦਾਰ ’ਤੇ ਉਂਗਲ ਉਠਾ ਰਿਹਾ ਹੈ ਜਦੋਂ ਕਿ ਉਹ ਖੁਦ ਡਿੱਗੇ ਹੋਏ ਕਿਰਦਾਰ ਦਾ ਵਿਅਕਤੀ ਹੈ। ਸਾਲ 2004 ’ਚ ਕੁਲਦੀਪ ਖੁਰਾਣਾ 3 ਔਰਤਾਂ ਨਾਲ ਫੜਿਆ ਗਿਆ ਸੀ ਤੇ ਮਾਮਲਾ ਦਰਜ ਹੋਇਆ ਸੀ।