ਅੰਮ੍ਰਿਤਸਰ : ਹਾਲ ਹੀ ਵਿਚ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਦੀ ਬਰਾਮਦਗੀ ਦੇ ਮਾਮਲੇ ਵਿਚ ਅਜਨਾਲਾ ਥਾਣਾ ਪੁਲਿਸ ਗੈਂਗਸਟਰ ਹੈਪੀ ਪਸ਼ੀਆ ਦੀ ਮਾਂ ਭੁਪਿੰਦਰ ਕੌਰ ਅਤੇ ਭੈਣ ਕਿਰਨਦੀਪ ਕੌਰ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਦੋਵਾਂ ਖ਼ਿਲਾਫ਼ ਕੇਸ ਦਰਜ ਕਰਕੇ ਅਦਾਲਤ ਤੋਂ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਜਿਸ ਤੋਂ ਬਾਅਦ ਥਾਣਾ ਅਜਨਾਲਾ ਦੀ ਪੁਲਿਸ ਦੋਵਾਂ ਤੋਂ ਸਖਤੀ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਮੋਬਾਈਲ ਫੋਨ ਵੀ ਬਰਾਮਦ ਕੀਤਾ ਹੈ। ਉਨ੍ਹਾਂ ਮੋਬਾਈਲਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ। ਜਾਂਚ ਵਿਚ ਕਈ ਵਿਦੇਸ਼ੀ ਨੰਬਰਾਂ ਦੀ ਵੀ ਪਛਾਣ ਹੋਈ ਹੈ। ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਜਿਨ੍ਹਾਂ ਲੋਕਾਂ ਦੇ ਵਿਦੇਸ਼ੀ ਨੰਬਰ ਹਨ, ਉਨ੍ਹਾਂ ਦੀ ਜਲਦੀ ਹੀ ਪਛਾਣ ਕਰ ਲਈ ਜਾਵੇਗੀ। ਹਾਲਾਕਿ ਪੁਲਿਸ ਇਸ ਮਾਮਲੇ 'ਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹੈ, ਪਰ ਆਉਣ ਵਾਲੇ ਦਿਨਾਂ 'ਚ ਪੁਲਿਸ ਇਸ ਮਾਮਲੇ 'ਚ ਕਈ ਪਰਤਾਂ ਖੋਲ੍ਹਣ ਤੋਂ ਬਾਅਦ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰ ਸਕਦੀ ਹੈ। ਦੂਜੇ ਪਾਸੇ ਥਾਣਾ ਸਦਰ ਵਿਚ ਐਸਓਜੀ ਦੇ 15 ਜਵਾਨ ਤਾਇਨਾਤ ਕੀਤੇ ਗਏ ਹਨ। ਪੇਂਡੂ ਖੇਤਰਾਂ ਵਿਚ ਗਸ਼ਤ ਵਧਾ ਦਿੱਤੀ ਗਈ ਹੈ। ਦਿਹਾਤ ਦੇ ਸਾਰੇ 17 ਥਾਣਿਆਂ ਦੀ ਪੁਲਿਸ ਚੌਕਸ ਹੈ ਅਤੇ ਨਾਕਾਬੰਦੀ ਕਰਕੇ ਪੁਲਿਸ ਵੱਲੋਂ ਲਗਾਤਾਰ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ।