ਫਿਰੋਜ਼ਪੁਰ: ਇਲਾਕੇ 'ਚ ਲੁਟੇਰਿਆਂ ਵੱਲੋਂ ਦੁਪਈਆ ਵਾਹਨ ਚਾਲਕਾਂ ਤੋਂ ਲੁੱਟਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਕਾਰਨ ਲੋਕਾਂ ਦਾ ਗੰਭੀਰ ਜਖਮੀ ਅਤੇ ਕਤਲ ਹੋਣ ਦਾ ਸਿਲਸਿਲਾ ਜਾਰੀ ਹੈ। ਅਜਿਹੀ ਹੀ ਇੱਕ ਕੋਸ਼ਿਸ਼ ਨੂੰ ਅੰਜਾਮ ਦਿੰਦਿਆਂ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਇੱਕ ਬਜ਼ੁਰਗ ਦੇ ਕੁੜਤੇ ਦੀ ਜੇਬ ਖਿੱਚ ਕੇ ਉਸਨੂੰ ਥੱਲੇ ਸੁੱਟ ਦਿੱਤਾ। ਜਿਸਦੇ ਚਲਦਿਆਂ ਸਕੂਟਰੀ ਤੋਂ ਡਿੱਗ ਕੇ ਬਜ਼ੁਰਗ ਜ਼ਖਮੀਂ ਹੋ ਗਿਆ , ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ 105, 304 ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਮਰਜੀਤ ਕੌਰ ਪਤਨੀ ਜਸਮੇਰ ਸਿੰਘ ਵਾਸੀ ਗਲੀ ਨੰਬਰ 24/4 ਸਾਹਮਣੇ ਟਾਵਰ ਸਪਲਾਈ ਪੰਪ ਬਸਤੀ ਟੈਂਕਾਂਵਾਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਜਸਮੇਰ ਸਿੰਘ (68 ਸਾਲ) ਨਾਲ ਸਟੇਟ ਬੈਂਕ ਆਫ ਇੰਡੀਆ ਕੈਂਟ ਫਿਰੋਜ਼ਪੁਰ ਤੋਂ ਆਪਣੇ ਘਰ ਸਕੂਟਰੀ ਨੰਬਰ ਪੀਬੀ 05 ਏਪੀ 7154 ’ਤੇ ਆ ਰਹੇ, ਜਦ ਉਹ ਡੀਏਵੀ ਕਾਲਜ ਦੇ ਸਾਹਮਣੇ ਪੁੱਜੇ ਤਾਂ ਇਕਦਮ ਸਕੂਟਰੀ ਡਿੱਗ ਪਹੀ, ਜਿਸ ਕਾਰਨ ਉਸ ਦੇ ਪਤੀ ਜਸਮੇਰ ਸਿੰਘ ਦੇ ਸਿਰ ਵਿਚ ਸਿੱਟ ਲੱਗ ਇੀ, ਜਿਸ ਨੂੰ ਇਲਾਜ ਲਈ ਬਾਗੀ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਬਾਅਦ ਵਿਚ ਮੈਡੀਸਿਟੀ ਹਸਪਤਾਲ ਮੋਗਾ ਲੈ ਗਏ, ਜਿਥੇ ਜਸਮੇਰ ਸਿੰਘ ਦੇ ਸਿਰ ਦੀ ਸਰਜਰੀ ਹੋਈ। ਮਿਤੀ 22 ਨਵੰਬਰ 2024 ਨੂੰ ਜਸਮੇਰ ਸਿੰਘ ਦੀ ਮੌਤ ਹੋ ਗਈ। ਅਮਰਜੀਤ ਕੌਰ ਨੇ ਦੱਸਿਆ ਕਿ ਬਾਅਦ ਕਿ ਮੌਕਾ ਵਾਲੀ ਜਗ੍ਹਾ ਪੁੱਜ ਕੇ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਹੈ ਕਿ ਦੋ ਅਣਪਛਾਤੇ ਲੜਕਿਆਂ ਨੇ ਉਸ ਦੇ ਪਤੀ ਦੇ ਕੁੜਤੇ ਦੀ ਜੇਬ ਖਿੱਚੀ ਸੀ, ਜਿਸ ਕਾਰਨ ਸਕੂਟਰੀ ਡਿੱਗ ਪਈ ਤੇ ਜਸਮੇਰ ਸਿੰਘ ਦੇ ਸਿਰ ਵਿਚ ਸੱਟ ਲੱਗ ਗਈ ਸੀ, ਜਿਸ ਕਾਰਨ ਜਸਮੇਰ ਸਿੰਘ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।