ਅੰਮ੍ਰਿਤਸਰ : ਬੰਦ ਪਈ ਗੁਰਬਖਸ਼ ਨਗਰ ਪੁਲਿਸ ਚੌਕੀ ’ਚ ਗ੍ਰਨੇਡ ਹਮਲਾ ਤੇ ਅਜਨਾਲਾ ਥਾਣੇ ਦੇ ਬਾਹਰ ਆਈਈਡੀ ਲਾਉਣ ਦੀ ਘਟਨਾ ਨੂੰ ਰੋਕਣ ’ਚ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਨਾਕਾਮ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਅਜਿਹੀਆਂ ਘਟਨਾਵਾਂ ’ਚ ਕੇਂਦਰੀ ਤੇ ਸੁਬਾਈ ਏਜੰਸੀਆਂ ਅਤੇ ਪੁਲਿਸ ਵਿਚ ਤਾਲਮੇਲ ਦੀ ਕਮੀ ਜ਼ਰੂਰ ਰਹੀ ਹੈ। ਫਿਲਹਾਲ ਇਸ ਧਮਾਕੇ ਤੇ ਆਈਡੀਡੀ ਦੀ ਬਰਾਮਦਗੀ ਤੋਂ ਬਾਅਦ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਨੇ ਅੰਮ੍ਰਿਤਸਰ 'ਚ ਡੇਰੇ ਲਾਏ ਹੋਏ ਹਨ। ਪਤਾ ਲੱਗਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਮਿਲਟਰੀ ਇੰਟੈਲੀਜੈਂਸ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੇ ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਦੇ ਅਧਿਕਾਰੀ ਜੁਆਇੰਟ ਇੰਟਰੋਗੇਸ਼ਨ ਸੈੱਲ ’ਚ ਰੁੱਝੇ ਹੋਏ ਸਨ। ਇਹ ਵੀ ਪਤਾ ਲੱਗਾ ਹੈ ਕਿ ਕੇਂਦਰੀ ਏਜੰਸੀਆਂ ਨੇ ਗ੍ਰਨੇਡ ਹਮਲੇ ਦੀ ਫੋਰੈਂਸਿਕ ਰਿਪੋਰਟ 'ਤੇ ਵੀ ਚਰਚਾ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਨੇਡ ਕਾਫੀ ਤਾਕਤਵਰ ਸੀ। ਰਾਜਾਸਾਂਸੀ ਦੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ 'ਤੇ 19 ਨਵੰਬਰ 2018 ਨੂੰ ਇਸ ਤਰ੍ਹਾਂ ਦੇ ਗ੍ਰਨੇਡ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਉੱਚ ਅਧਿਕਾਰੀ ਇਸ ਸਬੰਧੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹਨ। ਖਾਸ ਕਰ ਕੇ ਮੀਡੀਆ ਤੋਂ ਇਸ ਨੂੰ ਲੁਕਾਉਂਦੇ ਰਹੇ। ਦੂਜੇ ਪਾਸੇ ਇਕ ਪੁਲਿਸ ਅਧਿਕਾਰੀ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐੱਸਆਈ ਨੇ ਆਪਣੇ ਸਮੱਗਲਰਾਂ ਰਾਹੀਂ ਸਰਹੱਦੀ ਪਿੰਡ ਵਿਚ ਗ੍ਰਨੇਡ ਅਤੇ ਆਈਈਡੀ ਭੇਜੇ ਹਨ।ਪੁਲਿਸ ਵੱਲੋਂ ਇਨ੍ਹਾਂ ਦੀ ਭਾਲ ਲਈ ਲਗਾਤਾਰ ਤਲਾਸ਼ੀ ਮੁਹਿੰਮ ਵੀ ਚਲਾਈ ਜਾ ਰਹੀ ਹੈ। ਇਸ ਦੇ ਲਈ ਪੁਰਾਣੇ ਸਮੱਗਲਰਾਂ ਸਮੇਤ ਹਾਲ ਹੀ 'ਚ ਜ਼ਮਾਨਤ 'ਤੇ ਰਿਹਾਅ ਹੋਏ ਸਮੱਗਲਰਾਂ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਖ਼ੁਲਾਸਾ ਹੋਇਆ ਹੈ ਕਿ ਉਕਤ ਸਮੱਗਲਰ ਹਥਿਆਰਾਂ ਦੀ ਖੇਪ ਨੂੰ ਨਸ਼ਟ ਕਰਨ ਲਈ ਸੁਰੱਖਿਆ ਏਜੰਸੀਆਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਧਮਾਕੇ ਦਾ ਮੁੱਖ ਦੋਸ਼ੀ ਅਤੇ ਵਿਦੇਸ਼ 'ਚ ਬੈਠੇ ਖਤਰਨਾਕ ਗੈਂਗਸਟਰ ਹੈਪੀ ਪਛੀਆ ਦੇ ਬਾਈਕ ਸਵਾਰ ਸਾਥੀਆਂ ਦਾ ਪੁਲਿਸ ਅਜੇ ਤੱਕ ਸੁਰਾਗ ਨਹੀਂ ਲਗਾ ਸਕੀ ਹੈ। ਉਨ੍ਹਾਂ ਤੱਕ ਪਹੁੰਚਣ ਲਈ ਪੁਲਿਸ ਨੇ ਸ਼ਨਿਚਰਵਾਰ ਨੂੰ ਪਿੰਡ ਪਛੀਆ ਦੇ ਚਾਰ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਪਰ ਬਾਅਦ 'ਚ ਉਨ੍ਹਾਂ ਨੂੰ ਛੱਡ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪਿੰਡ ਪਛੀਆ ਦੇ ਇਕ ਦਰਜਨ ਸ਼ੱਕੀ ਲੋਕਾਂ 'ਤੇ ਪੁਲਿਸ ਲਗਾਤਾਰ ਨਜ਼ਰ ਰੱਖ ਰਹੀ ਹੈ।ਜ਼ਿਕਰਯੋਗ ਹੈ ਕਿ ਸ਼ਨਿਚਰਵਾਰ ਨੂੰ ਗੈਂਗਸਟਰ ਹੈਪੀ ਦੇ ਇਸ਼ਾਰੇ 'ਤੇ ਬਾਈਕ ਸਵਾਰ ਦੋ ਨੌਜਵਾਨਾਂ ਨੇ ਬੰਦ ਪਈ ਪੁਲਿਸ ਚੌਕੀ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ 24 ਨਵੰਬਰ ਨੂੰ ਹੈਪੀ ਦੇ ਗੁਰਗਿਆਂ ਨੇ ਅਜਨਾਲਾ ਥਾਣੇ ਨੂੰ ਆਈਈਡੀ ਲਗਾ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਤਕਨੀਕੀ ਖਰਾਬੀ ਕਾਰਨ ਆਈਈਡੀ ਫਟ ਨਹੀਂ ਸਕਿਆ। ਦੋਵਾਂ ਘਟਨਾਵਾਂ ਤੋਂ ਬਾਅਦ ਗੈਂਗਸਟਰ ਹੈਪੀ ਪਛੀਆ ਨੇ ਜ਼ਿੰਮੇਵਾਰੀ ਲਈ ਸੀ।