ਬਰਨਾਲਾ, 01 ਦਸੰਬਰ (ਬਘੇਲ ਸਿੰਘ ਧਾਲੀਵਾਲ)-ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਜਲਾਉਣ ’ਤੇ ਕੇਸ ਦਰਜ ਕਰਨ ਦਾ ਫਰਮਾਨ ਤਾਂ ਜਾਰੀ ਕਰ ਦਿੱਤਾ, ਪਰੰਤੂ ਇਸ ਸਮੱਸਿਆ ਦੇ ਹੱਲ ਲਈ ਕੋਈ ਕਾਰਗਾਰ ਹੱਲ ਨਹੀਂ ਕੱਢਿਆ ਅਤੇ ਨਾ ਹੀ ਪਰਾਲੀ ਨਾ ਜਲਾਉਣ ਵਾਲੇ ਕਿਸਾਨਾਂ ਨੂੰ ਕੋਈ ਮੁਆਵਜਾ ਦਿੱਤਾ ਗਿਆ ਹੈ। ਇਹ ਸ਼ਬਦ ਕਿਸਾਨ ਆਗੂ ਜੈ ਸਿੰਘ ਜੌਹਲ, ਬਲਦੇਵ ਸਿੰਘ ਬਿੱਟੂ ਅਤੇ ਪੰਚ ਰਣਜੀਤ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਰਾਲੀ ਨੂੰ ਬਿਨਾਂ ਜਲਾਏ ਕਣਕ ਦੀ ਫਸਲ ਦੀ ਬਿਜਾਈ ਕੀਤੀ ਗਈ ਸੀ, ਪਰੰਤੂ ਹੁਣ ਕਣਕ ਦੀ ਫਸਲ ਨੂੰ ਸ਼ੁਰੂਆਤ ’ਚ ਗੁਲਾਬੀ ਸੁੰਡੀ ਨੇ ਹਮਲਾ ਕਰ ਦਿੱਤਾ ਹੈ ਅਤੇ ਫਸਲ ਸੁੱਕਣ ਲੱਗੀ ਹੈ, ਜਿਸ ਕਾਰਣ ਉਨ੍ਹਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਕਿਸਾਨ ਸੁਖਵਿੰਦਰ ਸਿੰਘ ਸੂਚ ਵੱਲੋਂ ਬੀਜੀ ਗਈ ਫਸਲ ਦੇ ਕੁਲ ਰਕਬੇ ’ਚੋਂ 70 ਪ੍ਰਤੀਸ਼ਤ ਕਣਕ ਦੀ ਫਸਲ ਦਾ ਨੁਕਸਾਨ ਹੋ ਗਿਆ। ਉਨ੍ਹਾਂ ਕਿਹਾ ਕਿ ਇਕੱਲਾ ਸੁਖਵਿੰਦਰ ਸਿੰਘ ਨਹੀਂ, ਬਲਕਿ ਹੋਰ ਵੀ ਬਹੁਤ ਸਾਰੇ ਕਿਸਾਨ ਅਜਿਹੇ ਹਨ, ਜਿਨ੍ਹਾਂ ਨੂੰ ਪਰਾਲੀ ਨਾ ਜਲਾਉਣ ਦਾ ਖਾਮਿਆਜਾ ਭੁਗਤਣਾ ਪੈ ਰਿਹਾ ਹੈ। ਇਕ ਕਿਸਾਨ ਦੇ ਦੱਸਣ ਮੁਤਾਬਕ ਉਸਨੇ ਫਸਲ ਨੂੰ ਪਾਣੀ ਲਗਾਉਣ ਸਮੇਂ ਯੂਨੀਵਰਸਿਟੀ ਦੀ ਸਿਫਾਰਿਸ ’ਤੇ ਕਲੋਰੋਪਾਇਰੀਫਾਸ ਦਵਾਈ ਖੇਤ ਵਿਚ ਪਾਈ ਸੀ, ਪਰੰਤੂ ਖੇਤ ਦੇ ਸਰਵੇਖਣ ਅਨੁਸਾਰ ਹਾਲੇ ਵੀ ਬਹੁਗਿਣਤੀ ’ਚ ਸੁੰਡੀ ਜੀਵਿਤ ਹੈ। ਕਿਸਾਨਾਂ ਨੇ ਮੰਗ ਕੀਤੀ ਕਿ ਗੁਲਾਬੀ ਸੁੰਡੀ ਨਾਲ ਹੋਏ ਇਸ ਨੁਕਸਾਨ ਦਾ ਮੁਆਵਜਾ ਦਿੱਤਾ ਜਾਵੇ ਅਤੇ ਇਸ ਸਮੱਸਿਆ ਦਾ ਕੋਈ ਠੋਸ ਹੱਲ ਲੱਭਿਆ ਜਾਵੇ, ਤਾਂਕਿ ਕਿਸਾਨਾਂ ਦੀਆਂ ਫਸਲਾਂ ਦਾ ਹੋਰ ਨੁਕਸਾਨ ਨਾ ਹੋਵੇ। ਜਿਕਰਯੋਗ ਹੈ ਕਿ 27 ਨਵੰਬਰ ਨੂੰ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਅਤੇ ਬਲਾਕ ਬਰਨਾਲਾ ਦੀ ਟੀਮ ਜਿਸ ਵਿਚ ਜਸਵਿੰਦਰ ਸਿੰਘ ਏਡੀਓ, ਤਰਸੇਮ ਸੰਘ ਏ.ਈ.ਓ, ਅੰਮ੍ਰਿਤਪਾਲ ਸਿੰਘ ਏ.ਡੀ.ਓ ਵੱਲੋਂ ਸਬੰਧਤ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ ਤਾਂ ਸਰਵੇਖਣ ਦੌਰਾਨ ਪਾਇਆ ਗਿਆ ਕਿ ਕਿਸਾਨਾਂ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਲਗਭਗ 50-70 ਪ੍ਰਤੀਸ਼ਤ ਹਮਲਾ ਹੋਇਆ ਹੈ।