ਬਰਨਾਲਾ, 4 ਦਸੰਬਰ (ਚਮਕੌਰ ਸਿੰਘ ਗੱਗੀ)-ਪਿੰਡ ਝਲੂਰ ਵਾਸੀ ਜਗਦੇਵ ਸਿੰਘ ਜੱਗਾ (ਉਮਰ ਤਕਰੀਬਨ 52 ਸਾਲ) ਦੀ ਬੀਤੇ ਦਿਨੀਂ ਮੌਤ ਹੋ ਗਈ। ਜਿਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਮ੍ਰਿਤਕ ਜਗਦੇਵ ਸਿੰਘ ਜੱਗਾ ਦੇ ਫੁੱਲ ਚੁਗਣ ਦੀ ਰਸਮ ਕੀਤੀ ਗਈ, ਪਰੰਤੂ ਪਰਿਵਾਰਕ ਮੈਂਬਰਾਂ ਵੱਲੋਂ ਫੁੱਲ ਕਿਸੇ ਧਾਰਮਿਕ ਜਗ੍ਹਾ ਕੀਰਤਪੁਰ ਸਾਹਿਬ ਜਾਂ ਹਰਦੁਆਰ ਪਾਉਣ ਦੀ ਜਗ੍ਹਾ ਆਪਣੇ ਖੇਤਾਂ ’ਚ ਹੀ ਦੱਬ ਦਿੱਤੇ ਗਏ। ਇਸ ਮੌਕੇ ਮ੍ਰਿਤਕ ਦੀ ਪਤਨੀ ਚਰਨਜੀਤ ਕੌਰ, ਪੁੱਤਰ ਜਗਦੀਸ਼ ਸਿੰਘ ਅਤੇ ਮਨਜੋਤ ਸਿੰਘ, ਬੇਟੀ ਗਗਨਦੀਪ ਕੌਰ ਅਤੇ ਰਾਜਦੀਪ ਕੌਰ ਸਮੇਤ ਪੂਰੇ ਪਰਿਵਾਰ ਨੇ ਮਿਲਕੇ ਬੂਟੇ ਲਗਾਏ। ਇਹ ਜਾਣਕਾਰੀ ਸਾਬਕਾ ਪੰਚ ਰਣਜੀਤ ਸਿੰਘ ਜੌਹਲ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਇਹ ਫੈਸਲਾ ਲੈ ਕੇ ਇਕ ਵਧੀਆ ਉਪਰਾਲਾ ਕੀਤਾ ਗਿਆ ਹੈ, ਕਿਉਂਕਿ ਬੂਟੇ ਜਿਥੇ ਵਾਤਾਵਰਣ ਨੂੰ ਸ਼ੁੱਧ ਕਰਦੇ ਹਨ, ਉਵੇਂ ਹੀ ਜਿਵੇਂ ਜਿਵੇਂ ਇਹ ਵੱਡੇ ਹੁੰਦੇ ਹਨ, ਇਹ ਵੀ ਸਾਡੇ ਜੀਵਨ ਦਾ ਇਕ ਅੰਗ ਬਣ ਜਾਂਦੇ ਹਨ ਅਤੇ ਇਸ ਤਰ੍ਹਾਂ ਸਾਡੇ ਪੂਰਵਜਾਂ ਦੀ ਯਾਦ ਹਮੇਸ਼ਾ ਕਾਇਮ ਰਹਿੰਦੀ ਹੈ। ਇਸ ਮੌਕੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।