ਰਾਜਪੁਰਾ : ਪੰਜਾਬ ਦੇ ਪ੍ਰਵੇਸ਼ ਦੁਆਰ ਸ਼ੰਭੂ ਬੈਰੀਅਰ ਤੋਂ 101 ਮਰਜੀਵੜਿਆਂ ਦਾ ਜਥਾ ਸ਼ੰਭੂ ਬਾਰਡਰ ਤੋਂ ਦਿੱਲੀ ਵੱਲ ਪੈਦਲ ਕੂਚ ਕਰਨ ਲਈ ਰਵਾਨਾ ਹੋਇਆ। ਇਸ ਜਥੇ ਨੂੰ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਵੱਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਜਦੋਂ ਕਿਸਾਨਾਂ ਦਾ ਜਥਾ ਦਿੱਲੀ ਵੱਲ ਪੈਦਲ ਕੁਝ ਕਰਨ ਦੇ ਲਈ ਅੱਗੇ ਵਧਿਆ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਬੈਰੀਕੇਡਿੰਗ ਕਰਕੇ ਕਿਸਾਨਾਂ ਦੇ ਜਥੇ ਨੂੰ ਅੱਗੇ ਨਾ ਜਾਣ ਦਿੱਤਾ। ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਨੇ 101 ਮਰਜੀਵੜਿਆਂ ਦੇ ਜਥੇ ਨੂੰ ਦਿੱਲੀ ਵਿਖੇ ਧਰਨਾ ਲਗਾਉਣ ਸਬੰਧੀ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੀ ਮਨਜ਼ੂਰੀ ਦਿਖਾਉਣ ਲਈ ਕਿਹਾ। ਕਿਸਾਨਾਂ ਦਾ ਕਹਿਣਾ ਸੀ ਕਿ ਦੇਸ਼ ਦੀ ਰਾਜਧਾਨੀ ਦਿੱਲੀ ਸਾਰਿਆਂ ਦੀ ਸਾਂਝੀ ਹੈ ਅਤੇ ਹਰੇਕ ਵਿਅਕਤੀ ਨੂੰ ਦਿੱਲੀ ਵਿਖੇ ਜਾ ਕੇ ਮੰਗਾਂ ਦੀ ਪੂਰਤੀ ਦੇ ਲਈ ਧਰਨਾ ਮੁਜ਼ਾਰਾ ਕਰਨ ਦਾ ਅਧਿਕਾਰ ਹੈ। ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਇਹ ਕਹਿੰਦੇ ਨਜ਼ਰ ਆਏ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ 24 ਜੁਲਾਈ 2024 ਤੋਂ ਸ਼ੰਭੂ ਬਾਰਡਰ ਨੈਸ਼ਨਲ ਹਾਈਵੇ ਉੱਤੇ ਰੋਕੇ ਗਏ ਰਸਤੇ ਨੂੰ ਸਟੇਟਸ ਕੋ ਲਗਾ ਕੇ ਰੋਕਾਂ ਜਿਉਂਦੀਆਂ ਤਿਉਂ ਬਰਕਰਾਰ ਰੱਖਣ ਦੇ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਮਾਨਯੋਗ ਸੁਪਰੀਮ ਕੋਰਟ ਵੱਲੋਂ ਇਸ ਰਸਤੇ ਨੂੰ ਖੋਲ੍ਹਣ ਸਬੰਧੀ 18 ਦਸੰਬਰ 2024 ਤਰੀਕ ਤੈਅ ਕੀਤੀ ਹੋਈ ਹੈ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ 13 ਫਰਵਰੀ 2024 ਨੂੰ ਕਿਸਾਨ ਟਰੈਕਟਰ ਟਰਾਲੀਆਂ ਦੇ ਰਾਹੀ ਦਿੱਲੀ ਜਾਣ ਦੇ ਲਈ ਸ਼ੰਭੂ ਬਾਰਡਰ ਕੋਲ ਪਹੁੰਚੇ ਸਨ ਤਾਂ ਉਸ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਦਿੱਲੀ ਵਿਖੇਤਰ ਨੇ ਲਗਾਉਣ ਦੀ ਮਨਜ਼ੂਰੀ ਦਿੱਤੀ ਹੋਈ ਸੀ ਤਾਂ ਉਸ ਸਮੇਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਕਿਉਂ ਰੋਕਿਆ ਗਿਆ? ਇਸ ਤੋਂ ਇਲਾਵਾ ਕਿਸਾਨਾਂ ਨੇ ਕਿਹਾ ਕਿ 101 ਕਿਸਾਨਾਂ ਉੱਤੇ ਪੈਦਲ ਦਿੱਲੀ ਵੱਲ ਕੂਚ ਕਰਨ ਦੇ ਲਈ ਲਾਅ ਆਰਡਰ ਕਿਵੇਂ ਲੱਗ ਸਕਦਾ ਹੈ ?
ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ
ਹਰਿਆਣਾ ਪ੍ਰਸ਼ਾਸਨ ਕਿਸਾਨਾਂ 'ਤੇ ਲਗਾਤਾਰ ਪਾਣੀ ਦੀਆਂ ਤੋਪਾਂ ਅਤੇ ਅੱਥਰੂ ਗੈਸ ਦੇ ਗੋਲੇ ਛੱਡ ਰਿਹਾ ਹੈ। ਫਿਰ ਵੀ ਕਿਸਾਨ ਦਿੱਲੀ ਵੱਲ ਮਾਰਚ ਕਰਨ ਲਈ ਅੜੇ ਹੋਏ ਹਨ।
ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਜਥੇ ਨੂੰ ਖਦੇੜਨ ਦੇ ਲਈ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਇੱਕ ਤੋਂ ਬਾਅਦ ਇੱਕ ਲਗਾਤਾਰ ਅੱਥਰੂ ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਹਨ।
ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀ ਭੀੜ ਨੂੰ ਖਦੇੜਨ ਦੇ ਲਈ ਜਿੱਥੇ ਰਬੜ ਦੀਆਂ ਗੋਲੀਆਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਉੱਥੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲਿਆਂ ਤੋਂ ਇਲਾਵਾ ਨੇੜਲੇ ਘੱਗਰ ਦਾ ਪਾਣੀ ਖਿੱਚ ਕੇ ਉਸ ਦੀਆਂ ਵਛਾੜਾਂ ਕਿਸਾਨਾਂ ਉੱਤੇ ਕੀਤੀਆਂ ਜਾ ਰਹੀਆਂ ਹਨ। ਹੁਣ ਤੱਕ ਇੱਕ ਦਰਜਨ ਦੇ ਕਰੀਬ ਕਿਸਾਨ ਜ਼ਖਮੀ ਹੋ ਚੁੱਕੇ ਹਨ ਜਿਨ੍ਹਾਂ ਨੂੰ ਇਲਾਜ ਲਈ ਐਂਬੂਲੈਂਸਾਂ ਰਾਹੀ ਸਿਵਲ ਹਸਪਤਾਲ ਰਾਜਪੁਰਾ ਵਿਖੇ ਲਿਜਾਂਦਾ ਜਾ ਰਿਹਾ ਹੈ।
ਹਰਿਆਣਾ ਸਰਕਾਰ ਨੇ ਕਿਸਾਨ ਸੰਗਠਨਾਂ ਦੇ ਦਿੱਲੀ ਮਾਰਚ ਦੇ ਸੱਦੇ ਤੋਂ ਬਾਅਦ ਗਲਤ ਜਾਣਕਾਰੀ ਨੂੰ ਫੈਲਣ ਤੋਂ ਰੋਕਣ ਅਤੇ ਸੰਭਾਵਿਤ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਅੰਬਾਲਾ ਜ਼ਿਲ੍ਹੇ ਵਿਚ 14-17 ਦਸੰਬਰ ਤੱਕ ਮੋਬਾਈਲ ਇੰਟਰਨੈਟ, ਐਸਐਮਐਸ ਅਤੇ ਡੋਂਗਲ ਸੇਵਾਵਾਂ ਨੂੰ ਅਸਥਾਈ ਤੌਰ 'ਤੇ ਬੰਦ ਕਰਨ ਦੇ ਹੁਕਮ ਦਿੱਤੇ ਹਨ।
14 ਦਸੰਬਰ, ਸਵੇਰੇ 6:00 ਵਜੇ ਤੋਂ 17 ਦਸੰਬਰ, ਰਾਤ 11:59 ਵਜੇ ਤੱਕ, ਇਹ ਪਾਬੰਦੀਆਂ ਡਾਂਗਡੇਹੜੀ, ਲੋਹਗੜ੍ਹ ਅਤੇ ਸੱਦੋਪੁਰ ਸਮੇਤ ਕੁਝ ਪਿੰਡਾਂ 'ਤੇ ਲਾਗੂ ਰਹਿਣਗੀਆਂ।ਹਰਿਆਣਾ ਦੇ ਅਧਿਕਾਰੀਆਂ ਨੇ ਇੱਕ ਅਧਿਕਾਰਤ ਹੁਕਮ ਵਿੱਚ ਕਿਹਾ ਕਿ ਕੁਝ ਕਿਸਾਨ ਸੰਗਠਨਾਂ ਦੁਆਰਾ ਦਿੱਲੀ ਮਾਰਚ ਦੇ ਸੱਦੇ ਦੇ ਮੱਦੇਨਜ਼ਰ, ਜ਼ਿਲ੍ਹਾ ਅੰਬਾਲਾ ਦੇ ਖੇਤਰ ਵਿੱਚ ਤਣਾਅ, ਜਨਤਕ ਅਤੇ ਨਿੱਜੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਅਤੇ ਸਦਭਾਵਨਾ ਨੂੰ ਭੰਗ ਕਰਨ ਦੀ ਸੰਭਾਵਨਾ ਹੈ। .