ਲੁਧਿਆਣਾ : ਪਰਿਵਾਰ ਦੇ ਸਾਰੇ ਜੀਆਂ ਨੂੰ ਕੈਨੇਡਾ ਦੀ ਪੀਆਰ ਦਵਾਉਣ ਦਾ ਝਾਂਸਾ ਦੇ ਕੇ 2 ਵਿਅਕਤੀਆਂ ਨੇ ਉਨ੍ਹਾਂ ਕੋਲੋਂ 51 ਲੱਖ7 ਹਜ਼ਾਰ 500 ਰੁਪਏ ਦੀ ਰਕਮ ਹਾਸਿਲ ਕਰ ਲਈ । ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਸ਼ਾਂਤ ਨਗਰ ਬਠਿੰਡਾ ਦੇ ਰਹਿਣ ਵਾਲੇ ਸ਼ਹਿਬਾਜ਼ ਸਿੰਘ ਭੁੱਲਰ ਅਤੇ ਦੀਪ ਇੰਦਰ ਸਿੰਘ ਸੰਧੂ ਉਰਫ ਹੈਰੀ ਸੰਧੂ ਦੇ ਖਿਲਾਫ ਧੋਖਾ ਧੜੀ ਅਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦਿਆਂ ਰਿਸ਼ੀ ਨਗਰ ਹੈਬੋਵਾਲ ਖੁਰਦ ਦੇ ਵਾਸੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਸਨੇ ਪੂਰੇ ਪਰਿਵਾਰ ਸਮੇਤ ਕੈਨੇਡਾ ਜਾਣਾ ਸੀ। ਇਸੇ ਦੌਰਾਨ ਉਨ੍ਹਾਂ ਦਾ ਦੋਵਾਂ ਮੁਲਜਮਾਂ ਨਾਲ ਸੰਪਰਕ ਹੋਇਆ । ਮੁਲਜਮਾਂ ਨੇ ਬੜੀ ਹੀ ਆਸਾਨੀ ਨਾਲ ਜਸਪ੍ਰੀਤ ਅਤੇ ਉਸਦੇ ਪੂਰੇ ਪਰਿਵਾਰ ਨੂੰ ਕੈਨੇਡਾ ਦੀ ਪੀਆਰ ਦਵਾਉਣ ਦੀ ਹਾਮੀ ਭਰੀ । ਪੀਆਰ ਦਵਾਉਣ ਦਾ ਝਾਂਸਾ ਦੇ ਕੇ ਮੁਲਜਮਾਂ ਨੇ ਉਨ੍ਹਾਂ ਕੋਲੋਂ 51 ਲੱਖ7ਹਜਾਰ 500 ਰੁਪਏ ਦੀ ਰਕਮ ਹਾਸਲ ਕਰ ਲਈ। ਪੈਸੇ ਲੈਣ ਦੇ ਕਈ ਮਹੀਨਿਆਂ ਬਾਅਦ ਵੀ ਮੁਲਜਮਾਂ ਨੇ ਜਸਪ੍ਰੀਤ ਸਿੰਘ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਵੀਜ਼ਾ ਨਹੀਂ ਲਗਵਾਇਆ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਦੀ ਪੜਤਾਲ ਕੀਤੀ ਅਤੇ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਮੁਕਦਮਾ ਦਰਜ ਕਰਨ ਦੇ ਆਦੇਸ਼ ਜਾਰੀ ਕੀਤੇ । ਇਸ ਮਾਮਲੇ ਵਿੱਚ ਸਬ ਇੰਸਪੈਕਟਰ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਹਿਬਾਜ਼ ਸਿੰਘ ਭੁੱਲਰ ਅਤੇ ਦੀਪ ਇੰਦਰ ਸਿੰਘ ਸੰਧੂ ਉਰਫ ਹੈਰੀ ਸੰਧੂ ਦੇ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।