ਲੁਧਿਆਣਾ : ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਕਲਗੀਧਰ ਰੋਡ ਤੇ ਇੱਕ ਮੋਬਾਈਲ ਸ਼ਾਪ ਨੂੰ ਨਿਸ਼ਾਨਾ ਬਣਾਉਂਦਿਆਂ ਚੋਰਾਂ ਨੇ ਦੁਕਾਨ ਦੀ ਛੱਤ ਦਾ ਦਰਵਾਜ਼ਾ ਤੋੜਿਆ ਅਤੇ ਅੰਦਰੋਂ 20 ਹਜਾਰ ਡਾਲਰ , 12 ਮੋਬਾਈਲ ਫੋਨ ਅਤੇ 5000 ਰੁਪਏ ਦੀ ਭਾਰਤੀ ਕਰੰਸੀ ਚੋਰੀ ਕਰ ਲਈ । ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸ਼ਾਹਪੁਰ ਰੋਡ ਦੇ ਸ਼ਹਿਜ਼ਾਦਾ ਮੁਹੱਲਾ ਦੇ ਵਾਸੀ ਸਤਿੰਦਰ ਪਾਲ ਸਿੰਘ ਉਰਫ ਲਵਲੀ ਨੇ ਦੱਸਿਆ ਕਿ ਉਹ ਕਲਗੀਧਰ ਚੌਂਕ ਵਿੱਚ ਲਵਲੀ ਗੈਜਟ ਨਾਮ ਦੀ ਮੋਬਾਈਲ ਖਰੀਦਣ ਅਤੇ ਵੇਚਣ ਦੀ ਦੁਕਾਨ ਚਲਾਉਂਦਾ ਹੈ। ਦੇਰ ਰਾਤ ਨੂੰ ਕੁਝ ਵਿਅਕਤੀ ਦੁਕਾਨ ਦੀ ਛੱਤ ਦਾ ਗੇਟ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਕਾਊਂਟਰ ਦੇ ਦਰਾਜ ਦਾ ਤਾਲਾ ਤੋੜਨ ਤੋਂ ਬਾਅਦ ਅੰਦਰੋਂ 5 ਹਜਾਰ ਰੁਪਏ ਦੀ ਰੁਪਏ ਦੀ ਭਾਰਤੀ ਕਰੰਸੀ, 20 ਹਜਾਰ ਡਾਲਰ ਅਤੇ ਦਰਜਨ ਦੇ ਕਰੀਬ ਮੋਬਾਈਲ ਫੋਨ ਚੋਰੀ ਕਰ ਲਏ । ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਉਸੇ ਹੀ ਰਸਤੇ ਚੋਂ ਫਰਾਰ ਹੋ ਗਏ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਏਐਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਜਲਦੀ ਹੀ ਮਾਮਲਾ ਹੱਲ ਕਰ ਲਿਆ ਜਾਵੇਗਾ।