ਬਠਿੰਡਾ: ਬਰਨਾਲਾ ਜ਼ਿਲ੍ਹੇ ਦੇ ਪਿੰਡ ਪੱਖੋਕੇ ਦੇ ਨੌਜਵਾਨ ਦੀ ਆਪਣੇ ਸਹੁਰੇ ਘਰ ਪਿੰਡ ਭੁੱਚੋ ਕਲਾਂ ਵਿਖੇ ਭੇਤਭਰੇ ਢੰਗ ਨਾਲ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਸਹੁਰੇ ਪਰਿਵਾਰ ’ਤੇ ਨੌਜਵਾਨ ਦੀ ਹੱਤਿਆ ਕਰਨ ਦਾ ਦੋਸ਼ ਲਾ ਕੇ ਗ੍ਰਿਫਤਾਰੀ ਲਈ ਥਾਣਾ ਕੈਂਟ ਅੱਗੇ ਧਰਨਾ ਲਗਾ ਦਿੱਤਾ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਆਗੂਆਂ ਦੀ ਅਗਵਾਈ ਹੇਠ ਥਾਣਾ ਕੈਂਟ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।ਮ੍ਰਿਤਕ ਦੀ ਭੈਣ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਸਹੁਰੇ ਪਰਿਵਾਰ ਨੇ ਕਤਲ ਕਰਨ ਤੋਂ ਬਾਅਦ ਗਲੀ ਵਿਚ ਸੁੱਟ ਦਿੱਤਾ ਅਤੇ ਫੋਨ ਕਰਕੇ ਕਿਹਾ ਕਿ ਉਸ ਨੂੰ ਚੁੱਕ ਕੇ ਲੈ ਜਾਣ। ਪੀੜਤ ਨੇ ਦੱਸਿਆ ਕਿ ਜਦੋਂ ਉਹ ਪਿੰਡ ਭੁੱਚੋ ਕਲਾਂ ਪਹੁੰਚੇ ਤਾਂ ਉਸਦੇ ਭਰਾ ਦੀ ਕੁੱਟਮਾਰ ਕਾਰਨ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਉਸ ਨੂੰ ਕਤਲ ਕਰਨ ਲਈ ਹੀ ਪਿੰਡ ਭੁੱਚੋ ਕਲਾਂ ਵਿਖੇ ਬੁਲਾਇਆ ਸੀ। ਦੂਜੇ ਪਾਸੇ ਡੀਐੱਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਪੱਖੋ ਕਿ ਦਾ ਨੌਜਵਾਨ ਕੁਲਦੀਪ ਸਿੰਘ ਆਪਣੇ ਸਹੁਰੇ ਘਰ ਪਿੰਡ ਭੁੱਚੋ ਕਲਾਂ ਆਇਆ ਸੀ, ਜਿੱਥੇ ਉਸਨੇ ਸਲਫਾਸ ਨਿਗਲ ਲਈ ਅਤੇ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਬਿਆਨ ਲਿਖਾਉਣ ਲਈ ਕਿਹਾ ਸੀ, ਪਰ ਉਨ੍ਹਾਂ ਸੋਮਵਾਰ ਨੂੰ ਬਿਆਨ ਲਿਖਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪਰਿਵਾਰ ਨੇ ਅੱਜ ਬਿਆਨ ਦਰਜ ਕਰਵਾਏ ਹਨ, ਜਿਸ ਦੇ ਆਧਾਰ ’ਤੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
ਫੋਨ ਕਰ ਕੇ ਸੱਦਿਆ ਸੀ ਭੁੱਚੋ ਕਲਾਂ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਹੁਰੇ ਪਰਿਵਾਰ ਨੇ ਉਨ੍ਹਾਂ ਦੇ ਪੁੱਤਰ ਕੁਲਦੀਪ ਸਿੰਘ ਨੂੰ ਫੋਨ ਕਰਕੇ ਪਿੰਡ ਭੁੱਚੋ ਕਲਾਂ ਸੱਦਿਆ ਸੀ, ਜਿਸ ਤੋਂ ਬਾਅਦ ਉਸਦੀ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਨੌਜਵਾਨ ਕੁਲਦੀਪ ਸਿੰਘ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲਦਾ ਸੀ। ਕੁਝ ਦਿਨ ਪਹਿਲਾਂ ਹੀ ਉਸ ਦੀ ਪਤਨੀ ਆਪਣੇ ਪੇਕੇ ਪਿੰਡ ਭੁੱਚੋ ਕਲਾਂ ਵਿਖੇ ਆ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਗੁਰਚਰਨ ਸਿੰਘ ਪੱਖੋਕੇ ਨੇ ਦੱਸਿਆ ਕਿ ਸਹੁਰੇ ਪਰਿਵਾਰ ਨੇ ਕੁਲਦੀਪ ਸਿੰਘ ਨੂੰ ਕਿਹਾ ਸੀ ਕਿ ਉਹ ਆ ਕੇ ਆਪਣੇ ਬੱਚਿਆਂ ਨੂੰ ਲੈ ਜਾਵੇ, ਜਿਸ ਤੋਂ ਬਾਅਦ ਉਕਤ ਨੌਜਵਾਨ ਪਿੰਡ ਭੁੱਚੋ ਕਲਾਂ ਵਿਖੇ ਪਹੁੰਚਿਆ ਸੀ, ਜਿੱਥੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਕੁੱਟ ਕੁੱਟ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸ਼ਨ ਕਾਤਲਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਿਹਾ ਅਤੇ ਉਨ੍ਹਾਂ ਨੂੰ ਲਾਰੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਚਿਰ ਕਾਤਲਾਂ ਦੀ ਗ੍ਰਿਫਤਾਰੀ ਨਹੀਂ ਹੁੰਦੀ,ਉਨ੍ਹਾਂ ਸਮਾਂ ਉਹ ਥਾਣਾ ਕੈਂਟ ਅੱਗੋਂ ਧਰਨਾ ਨਹੀਂ ਚੁੱਕਣਗੇ।