ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੱਡੋਂ ਦੀ ਇੱਕ ਕੋਠੀ 'ਚ ਚੱਲਦੇ ਨਿੱਜੀ ਸਕੂਲ ਦੀ ਇੱਕ ਮੁਖੀ ਵਲੋਂ ਇੱਕ ਬੱਚੇ ਵੱਲੋਂ ਕਾਪੀ ’ਤੇ ਲਗਾਤਾਰ ਗਲਤ ਲਿਖ਼ੇ ਜਾਣ ਤੋਂ ਕੁੱਟਮਾਰ ਦੀ ਵਾਇਰਲ ਹੋਈ ਵੀਡੀਓ ਨੇ ਪੂਰੇ ਜ਼ਿਲ੍ਹੇ ਵਿਚ ਭੁਚਾਲ ਲਿਆ ਦਿੱਤਾ। ਸੋਸ਼ਲ ਮੀਡੀਆ ’ਤੇ ਵਾਇਰਲ ਇਸ ਵੀਡੀਓ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ (Harjot Singh Bains) ਨੇ ਉਕਤ ਅਧਿਆਪਕਾ ਵਿਰੁੱਧ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਜਿਸ ਦੀ ਪੜਤਾਲ ਲਈ ਸੋਮਵਾਰ ਨੂੰ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਪਹੁੰਚ ਰਹੇ ਹਨ ਜਦਕਿ ਦੂਜੇ ਪਾਸੇ ਅਧਿਆਪਕਾ ਨੇ ਦੋ ਪਿੰਡਾਂ ਦੀ ਪੰਚਾਇਤਾਂ ਸਾਹਮਣੇ ਮੁਆਫ਼ੀ ਮੰਗ ਲਈ ਸੀ ਜਿਸ ਕਾਰਨ ਪਿੰਡ ਵਿਚ ਕੋਈ ਵੀ ਇਸ ਮਾਮਲੇ ਨੂੰ ਅੱਗੇ ਵਧਾਉਣ ਦੇ ਹੱਕ ਵਿਚ ਨਹੀਂ ਅਤੇ ਇਸ ਮਾਮਲੇ ’ਤੇ ਕੁੱਝ ਵੀ ਕਹਿਣ ਨੂੰ ਤਿਆਰ ਨਹੀਂ।ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਬੱਡੋਂ ਦੀ ਇੱਕ ਕੋਠੀ ਵਿਚ ਦੋ ਦਹਾਕਿਆਂ ਤੋਂ ਚੱਲ ਰਹੇ ਨਿੱਜੀ ਦੀ ਅਧਿਆਪਕਾ ਨੀਲਮ ਰਾਣੀ ਜੋ ਖ਼ੁਦ ਹੀ ਸਕੂਲ ਦੀ ਪ੍ਰਿੰਸੀਪਲ ਵੀ ਹੈ, ਦੀ ਵਾਇਰਲ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਚੇ ਨੂੰ ਪਹਿਲਾਂ ਉਹ ਦੋ ਤਿੰਨ ਥੱਪੜ ਮਾਰਦੀ ਹੈ ਅਤੇ ਫਿਰ ਜੂੜੇ ਤੋਂ ਫ਼ੜ ਕੇ ਘੁਮਾ ਕੇ ਉਸ ਦੇ ਮੁੜ ਚਪੇੜਾ ਮਾਰਦੀ ਹੈ।ਇਸ ਮਾਮਲੇ ਦੀ ਸਕੂਲ ਵਿਚ ਹੀ ਕਿਸੇ ਵਿਅਕਤੀ ਨੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ। ਮਾਮਲਾ ਧਿਆਨ ਵਿਚ ਆਉਣ ’ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਉਕਤ ਅਧਿਆਪਕਾ ਵਿਰੁੱਧ ਕਾਰਵਾਈ ਦੇ ਹੁਕਮ ਦਿੱਤੇ ਹਨ। ਇਸ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਇਹ ਵੀਡੀਓ ਪੁਰਾਣਾ ਹੈ। ਹੁਣ ਵਾਇਰਲ ਹੋਣ ਕਾਰਨ ਇਸ ਦੀ ਪੜਤਾਲ ਸ਼ੁਰੂ ਕੀਤੀ ਹੈ। ਉਨ੍ਹਾਂ ਪੜਤਾਲ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਦੋ ਪਿੰਡਾਂ ਦੀ ਪੰਚਾਇਤ ਵਿਚ ਮੰਗੀ ਮੁਆਫ਼ੀ
ਜਦੋਂ ਇਸ ਮਾਮਲੇ ਦੀ ਪੜਤਾਲ ਲਈ ਪਿੰਡ ਦੇ ਲੋਕਾਂ ਤੋ ਜਾਣਕਾਰੀ ਲਈ ਤਾਂ ਪਤਾ ਲੱਗਾ ਕਿ ਇਹ ਵੀਡੀਓ ਦਸੰਬਰ ਦੀ ਛੁੱਟੀਆਂ ਤੋਂ ਪਹਿਲਾਂ ਦੀ ਹੈ ਅਤੇ ਇਸ ਸਬੰਧੀ ਦੋ ਪਿੰਡਾਂ ਦੀਆਂ ਪੰਚਾਇਤਾਂ ਇੱਕਠੀਆਂ ਹੋਈਆਂ ਸਨ ਜਿਸ ਵਿਚ ਉਕਤ ਪ੍ਰਿੰਸੀਪਲ ਨੇ ਮੁਆਫ਼ੀ ਮੰਗ ਲਈ ਸੀ ਅਤੇ ਮਾਮਲਾ ਖ਼ਤਮ ਕਰ ਦਿੱਤਾ ਸੀ। ਪਿੰਡ ਦੇ ਲੋਕ ਹੁਣ ਇਸ ਮਾਮਲੇ ’ਤੇ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਪਿੰਡ ਦੇ ਲੋਕਾਂ ਦੇ ਦੱਸਣ ਅਨੁਸਾਰ ਸੋਮਵਾਰ ਨੂੰ ਇਸ ਮਾਮਲੇ ਦੀ ਪੜਤਾਲ ਲਈ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਪਿੰਡ ਆ ਰਹੇ ਹਨ।