ਚੰਡੀਗੜ੍ਹ - ਪੰਜਾਬ ਅਤੇ ਹਰਿਆਣਾ ਵਿਚ ਖੇਤੀ ਅਤੇ ਕਿਸਾਨੀ ਮਸਲਿਆਂ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਇੱਕੋ ਸਮੇਂ ਦੋ ਵੱਖ-ਵੱਖ ਕਿਸਾਨ ਮਹਾਂ ਪੰਚਾਇਤਾਂ ਹੋਈਆਂ। ਖਨੌਰੀ ਵਿਖੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਵਲੋਂ ਐਮਐੱਸਪੀ ਨੂੰ ਕਾਨੂੰਨੀ ਗਰੰਟੀ ਦੀ ਮੰਗ ਲਈ ਸ਼ੁਰੂ ਕੀਤੇ ਮਰਨ ਵਰਤ ਨਾਲ ਕਿਸਾਨ ਸੰਗਠਨਾਂ ਵਿਚ ਏਕਤਾ ਹੋਣ ਦੀਆਂ ਸੰਭਾਵਨਾਵਾਂ ਲੱਗ ਰਹੀਆਂ ਸਨ, ਪਰ ਅੱਜ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਵਲੋਂ ਖਨੌਰੀ ਵਿਖੇ ਅਤੇ ਸੰਯੁਕਤ ਕਿਸਾਨ ਮੋਰਚਾ ਵਲੋਂ ਟੌਹਾਣਾ (ਹਰਿਆਣਾ) ਵਿਖੇ ਵੱਖ ਵੱਖ ਕੀਤੀ ਗਈ ਕਿਸਾਨ ਮਹਾਂ ਪੰਚਾਇਤ ਨਾਲ ਦੋਵਾਂ ਸੰਗਠਨਾਂ ਵਿਚ ਏਕਤਾ ਦੇ ਆਸਾਰ ਮੱਧਮ ਹੋ ਗਏ ਹਨ। ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਿਕੈਤ ਨੇ ਸਪਸ਼ਟ ਕਿਹਾ ਕਿ ਖਨੌਰੀ ਵਿਖੇ ਲੱਗਿਆ ਮੋਰਚਾ ਕੇਂਦਰ ਸਰਕਾਰ ਨੂੰ ਰਾਸ ਆ ਰਿਹਾ ਹੈ ਅਤੇ ਇਹ ਮੋਰਚਾ ਕਰੀਬ ਚਾਰ ਮਹੀਨੇ ਅਜੇ ਹੋਰ ਚੱਲੇਗਾ। ਟਿਕੈਤ ਦਾ ਕਹਿਣਾ ਹੈ ਕਿ ਖਨੌਰੀ ਮੋਰਚੇ ਨਾਲ ਕਿਸਾਨ, ਸਿੱਖਾਂ ਅਤੇ ਪੰਜਾਬ ਦੀ ਬਦਨਾਮੀ ਹੋ ਰਹੀ ਹੈ,ਪਰ ਇਹ ਗੱਲ ਕੇਂਦਰ ਸਰਕਾਰ ਨੂੰ ਰਾਸ ਆ ਰਹੀ ਹੈ। ਟਿਕੈਤ ਦੇ ਇਸ ਬਿਆਨ ਨਾਲ ਦੋਵਾਂ ਸੰਗਠਨਾਂ ਵਿਚ ਏਕਤਾ ਹੋਣ ਦੀਆਂ ਸੰਭਾਵਨਾਵਾਂ ਮੱਧਮ ਪੈ ਗਈਆਂ ਹਨ। ਡੱਲੇਵਾਲ ਦੇ ਮਰਨ ਵਰਤ ਸ਼ੁਰੂ ਕੀਤੇ ਜਾਣ ਨਾਲ ਦੋਵਾਂ ਸੰਗਠਨਾਂ ਦੇ ਆਗੂਆਂ ਵਿਚਕਾਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਹੋਇਆ ਸੀ। ਦੋਵਾਂ ਸੰਗਠਨਾਂ ਦੇ ਆਗੂਆਂ ਦੀ ਪਟਿਆਲਾ ਵਿਖੇ ਇਕ ਮੀਟਿੰਗ ਵੀ ਹੋਈ ਸੀ। ਟਿਕੈਤ ਨੇ ਟੌਹਾਣਾ ਵਿਖੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖਨੌਰੀ ਵਿਖੇ ਲੱਗੇ ਮੋਰਚੇ ਨਾਲ ਕੇਂਦਰ ਸਰਕਾਰ ਨੂੰ ਫਾਇਦਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਲੱਗੇ ਮੋਰਚੇ ਨੂੰ ਤੋੜਨ ਦਾ ਯਤਨ ਵੀ ਇਹਨਾਂ (ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ) ਵਲੋਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਹ ਤੇ ਹੋਰ ਨੇਤਾ ਡੱਲੇਵਾਲ ਨੂੰ ਮਿਲੇ ਸਨ ਅਤੇ ਚਾਹੁੰਦੇ ਸਨ ਕਿ ਸਾਰੇ ਇਕੱਠੇ ਹੋਣ, ਪਰ ਡੱਲੇਵਾਲ ਦੇ ਨਾਲ ਵਾਲੇ ਸਾਥੀ ਨਹੀਂ ਚਾਹੁੰਦੇ ਕਿ ਏਕਤਾ ਹੋਵੇ।
ਕਿਸਾਨ ਆਗੂ ਡਾ ਦਰਸ਼ਨ ਪਾਲ ਨੇ ਕਿਹਾ ਕਿ ਏਕਤਾ ਦੀ ਕੋਸ਼ਿਸ਼ ਕਰਨ ਲਈ ਇੱਕ ਛੇ ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ। ਇਸ ਕਮੇਟੀ ਨੇ ਪਟਿਆਲਾ ਵਿਖੇ ਸਰਵਣ ਸਿੰਘ ਪੰਧੇਰ ਤੇ ਹੋਰ ਸਾਥੀਆਂ ਨਾਲ ਮੀਟਿੰਗ ਕੀਤੀ ਸੀ, ਪਰ ਡੱਲੇਵਾਲ ਦਾ ਕੋਈ ਸਾਥੀ ਮੀਟਿੰਗ ਵਿਚ ਸ਼ਾਮਲ ਨਹੀਂ ਹੋਇਆ। ਉਧਰ, ਜਗਜੀਤ ਸਿੰਘ ਡੱਲੇਵਾਲ ਦੇ ਸਾਥੀ ਸੁਰਜੀਤ ਫੂਲ ਨੇ ਟਿਕੈਟ ਨੂੰ ਜਵਾਬ ਦਿੰਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ ਕਦੇ ਅੰਦੋਲਨ ਨਹੀਂ ਕੀਤਾ, ਮੋਰਚਾ ਨਹੀਂ ਲਾਇਆ ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਫੂ਼ਲ ਨੇ ਕਿਹਾ ਕਿ ਉਹ ਇਕ ਸਾਲ ਤੋਂ ਮੋਰਚਾ ਲਾ ਕੇ ਸੰਘਰਸ਼ ਕਰ ਰਹੇ ਹਨ।
ਇੱਥੇ ਦੱਸਿਆ ਜਾਂਦਾ ਹੈ ਕਿ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਵਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਗਠਿਤ ਕੀਤੀ ਕਮੇਟੀ ਕੋਲ ਇਸ ਲਈ ਜਾਣ ਤੋਂ ਮਨ੍ਹਾ ਕਰ ਦਿੱਤਾ ਸੀ ਕਿ ਇਸ ਨਾਲ ਲੋਕਾਂ ਵਿਚ ਗਲਤ ਸੁਨੇਹਾ ਜਾਵੇਗਾ। ਪਰ ਅੱਜ ਸੰਯੁਕਤ ਕਿਸਾਨ ਮੋਰਚਾ ( ਗੈਰ ਸਿਆਸੀ) ਦੇ ਸਮਾਨਅੰਤਰ ਟੌਹਾਣਾ ਵਿਖੇ ਵੱਖਰੀ ਕਿਸਾਨ ਪੰਚਾਇਤ ਕੀਤੀ ਗਈ ਹੈ। ਬੇਸ਼ੱਕ ਸਾਰੇ ਕਿਸਾਨ ਸੰਗਠਨਾਂ ਦਾ ਨਿਸ਼ਾਨਾਂ ਤੇ ਮੰਗਾਂ ਇੱਕੋ ਹਨ, ਪਰ ਜਿਵੇ ਅੱਜ ਅਲੱਗ ਅਲੱਗ ਮਹਾਂ ਕਿਸਾਨ ਪੰਚਾਇਤਾਂ ਹੋਈਆਂ ਹਨ, ਉਸ ਨਾਲ ਦੋਵਾਂ ਸੰਗਠਨਾਂ ਵਿਚ ਫਿਲਹਾਲ ਏਕਤਾ ਦੇ ਫਾਟਕ ਬੰਦ ਹੁੰਦੇ ਜਾਪਦੇ ਹਨ।