ਖਨੌਰੀ (ਸੰਗਰੂਰ) : ਮਹਾਪੰਚਾਇਤ ਵਾਲੀ ਥਾਂ 'ਤੇ ਕਿਸਾਨਾਂ ਦਾ ਇਕੱਠ ਜਾਰੀ ਹੈ। ਦੂਜੇ ਪਾਸੇ ਜਿੱਥੇ ਸਟੇਜ ਤਿਆਰ ਕੀਤੀ ਜਾ ਰਹੀ ਹੈ, ਉੱਥੇ ਹੀ ਕਿਸਾਨ ਲੀਡਰਸ਼ਿਪ ਦੀ ਆਮਦ ਵੀ ਸ਼ੁਰੂ ਹੋ ਗਈ ਹੈ। ਇਸ ਸਬੰਧੀ ਕਿਸਾਨ ਆਗੂ ਅਭਿਮਨਿਊ ਕੋਹਾੜ, ਸੁਰਜੀਤ ਸਿੰਘ ਫੁੱਲ, ਕਾਕਾ ਸਿੰਘ ਕੋਟੜਾ ਮੌਕੇ ’ਤੇ ਪਹੁੰਚ ਗਏ ਹਨ। ਮੁੱਖ ਸਟੇਜ 'ਤੇ ਪੰਜ ਬਾਈ ਪੰਜ ਦਾ ਵਿਸ਼ੇਸ਼ ਕੈਬਿਨ ਤਿਆਰ ਕੀਤਾ ਗਿਆ ਹੈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਇਸ ਵਿਸ਼ੇਸ਼ ਕੈਬਿਨ ਤੋਂ ਜਗਜੀਤ ਸਿੰਘ ਡੱਲੇਵਾਲ ਕਿਸਾਨਾਂ ਨੂੰ ਸੰਬੋਧਨ ਕਰਨਗੇ।ਕਿਸਾਨ ਮਹਾਪੰਚਾਇਤ ਦੌਰਾਨ ਮੰਚ ਤੋਂ ਹਰਿਆਣਾ ਅਤੇ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਗਈ ਕਿ ਨਰਵਾਣਾ ਤੋਂ ਖਨੌਰੀ ਮਹਾਪੰਚਾਇਤ ਚ ਆਉਣ ਵਾਲੇ ਕਿਸਾਨਾਂ ਨੂੰ ਤੰਗ-ਪਰੇਸ਼ਾਨ ਨਾ ਕੀਤਾ ਜਾਵੇ। ਦੋਸ਼ ਲਾਇਆ ਕਿ ਨਰਵਾਣਾ ਵਾਲੇ ਪਾਸਿਓਂ ਆਉਣ ਵਾਲੇ ਕਿਸਾਨਾਂ ਨੂੰ ਜ਼ਬਰਦਸਤੀ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਹਾ ਗਿਆ ਕਿ ਜੇਕਰ ਪੰਜਾਬ ਅਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਨਾ ਰੁਕਿਆ ਤਾਂ ਕਿਸਾਨਾਂ ਨੂੰ ਵੀ ਕੋਈ ਕਦਮ ਚੁੱਕਣਾ ਪਵੇਗਾ। ਇਸ ਲਈ ਮੁੱਖ ਤੌਰ ’ਤੇ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।