ਲੋਹੀਆਂ : ਬੀਤੀ ਰਾਤ ਇੱਥੋਂ ਦੇ ਨੇੜਲੇ ਪਿੰਡ ਸਿੱਧੂਪੁਰ ਦੇ ਨਜ਼ਦੀਕ ਟਰੈਕਟਰ ਟਰਾਲੀ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ ‘ਚ ਮੋਟਰਸਾਈਕਲ ਸਵਾਰ 24 ਸਾਲਾ ਨੌਜਵਾਨ ਦੀ ਘਟਨਾ ਸਥਾਨ 'ਤੇ ਹੀ ਮੋਤ ਹੋ ਗਈ। ਨੌਜਵਾਨ ਦੀ ਪਛਾਣ ਐਡਵੋਕੇਟ ਸੰਜੀਵ ਕੁਮਾਰ ਪੁਤਰ ਨਿਰਮਲ ਚੰਦ ਵਾਸੀ ਕੰਗ ਖੁਰਦ ਵਜੋਂ ਹੋਈ ਜੋ ਨਕੋਦਰ ਦੀਆਂ ਕਚਹਿਰੀਆਂ ‘ਚ ਜੂਨੀਅਰ ਵਕੀਲ ਵਜੋਂ ਆਪਣੀਆਂ ਸੇਵਾਵਾਂ ਦੇ ਰਿਹਾ ਸੀ।ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਜਦੋਂ ਐਡਵੋਕੇਟ ਸੰਜੀਵ ਕੁਮਾਰ ਆਪਣਾ ਕੰਮ ਖ਼ਤਮ ਕਰ ਕੇ ਨਕੋਦਰ ਤੋਂ ਆਪਣੇ ਪਿੰਡ ਕੰਗ ਖੁਰਦ ਮੋਟਰਸਾਈਕਲ ਉਤੇ ਵਾਪਸ ਜਾ ਰਹੇ ਸਨ ਤਾਂ ਲੋਹੀਆਂ ਤੋਂ ਦੋ ਕਿਲੋਮੀਟਰ ਅੱਗੇ ਜਾ ਕੇ ਪਿੰਡ ਸਿੱਧੂਪੁਰ ਕੋਲ ਇਕ ਤੇਜ਼ ਟਰੈਕਟਰ ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਵਕੀਲ ਸੰਜੀਵ ਕੁਮਾਰ ਸਿਰ ‘ਚ ਭਾਰੀ ਸੱਟ ਕਾਰਣ ਉਥੇ ਹੀ ਡਿੱਗ ਗਿਆ ਲੇਕਿਨ ਟਰੈਕਟਰ ਟਰਾਲੀ ਡਰਾਈਵਰ ਹਾਦਸੇ ਤੋਂ ਬਾਅਦ ਭੱਜਣ ‘ਚ ਕਾਮਯਾਬ ਰਿਹਾ। ਨੇੜਲੇ ਲੋਕਾਂ ਨੇ ਐਡਵੋਕੇਟ ਸੰਜੀਵ ਕੁਮਾਰ ਨੂੰ ਚੁੱਕ ਕੇ ਸਿਵਲ ਹਸਪਤਾਲ ਲੋਹੀਆਂ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।ਲੋਹੀਆਂ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਟਰੈਕਟਰ ਡਰਾਈਵਰ ਲਵਦੀਪ ਸਿੰਘ ਪੁੱਤਰ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟ ਈਸੇ ਖਾਨ ਨੂੰ ਰਾਤ ਨੂੰ ਹੀ ਕਾਬੂ ਕਰਕੇ ਮਾਮਲਾ ਦਰਜ ਕਰ ਲਿਆ ਗਿਆ ।ਐਸਐਚਓ ਜੈਪਾਲ ਨੇ ਮ੍ਰਿਤਕ ਦੇ ਪਰਿਵਾਰ, ਪਿੰਡ ਵਾਸੀਆਂ ਅਤੇ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਉਨਾਂ ਨੂੰ ਪੂਰਾ ਇਨਸਾਫ ਮਿਲੇਗਾ। ਪੁਲਿਸ ਨੇ ਟਰੈਕਟਰ ਨੂੰ ਵੀ ਆਪਣੇ ਕਬਜ਼ੇ ‘ਚ ਲੈ ਲਿਆ ਹੈ।
ਜਦਕਿ ਪਰਿਵਾਰ ਵੱਲੋਂ ਮ੍ਰਿਤਕ ਸੰਜੀਵ ਕੁਮਾਰ ਦਾ ਜਨਮ ਦਿਨ 16 ਜਨਵਰੀ ਨੂੰ ਮਨਾਉਣ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਇਸ ਵਿਚਕਾਰ ਉਨਾਂ ਦੀ ਅੱਜ ਮੌਤ ਹੋ ਗਈ। ਮ੍ਰਿਤਕ ਐਡਵੋਕੇਟ ਸੰਜੀਵ ਦੀ ਮਾਤਾ ਦਾ ਰੋ ਰੋ ਕੇ ਬਹੁਤ ਬੁਰਾ ਸੀ ਜੋ ਕਿ ਦੇਖਿਆ ਨਹੀ ਜਾ ਸਕਦਾ ਸੀ।ਸੰਜੀਵ ਕੁਮਾਰ ਦੇ ਪਿਤਾ ਨਿਰਮਲ ਚੰਦ ਨੇ ਰੋਂਦੇ ਹੋਏ ਭਾਰੀ ਮਨ ਨਾਲ ਦੱਸਿਆ ਕਿ ਸੰਜੀਵ ਦੇ ਬਹੁਤ ਵੱਡੇ ਸੁਪਨੇ ਸਨ ਤੇ ਉਹ ਜੱਜ ਬਣਨ ਲਈ ਵੀ ਤਿਆਰੀਆਂ ਕਰ ਰਿਹਾ ਸੀ।
ਓਧਰ ਬਾਰ ਐਸੋਸੀਏਸ਼ਨ ਨਕੋਦਰ ਦੇ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਯਕੋਪੁਰ ਅਤੇ ਐਡਵੋਕੇਟ ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਜੀਵ ਕੁਮਾਰ ਸਾਡਾ ਜੂਨੀਅਰ ਸਾਥੀ ਸੀ ਤੇ ਬਹੁਤ ਹੀ ਇਮਾਨਦਾਰ ਸੀ। ਉਨ੍ਹਾਂ ਦਸਿਆ ਕਿ ਐਡਵੋਕੇਟ ਸੰਜੀਵ ਕੁਮਾਰ ਦੀ ਦੁਖਦਾਈ ਮੌਤ ਕਾਰਣ ਬਾਰ ਐਸੋਸੀਏਸ਼ਨ ਨਕੋਦਰ ਨੇ ਸੰਵੇਦਨਾ ਵਜੋਂ ਸ਼ੁਕਰਵਾਰ ਕੋਈ ਕੰਮ ਨਹੀ ਕੀਤਾ ਤੇ ਸ਼ੁੱਕਰਵਾਰ ਨੂੰ ਵੀ ਸਮੂਹ ਵਕੀਲਾਂ ਵੱਲੋਂ ਕੰਮ ਬੰਦ ਰੱਖਿਆ ਜਾਵੇਗਾ ਤੇ ਬਾਰ ਐਸੋਸੀਏਸ਼ਨ ਨਕੋਦਰ ਵੱਲੋਂ ਪਰਿਵਾਰ ਦੀ ਪੂਰਣ ਸਹਾਇਤਾ ਕੀਤੀ ਜਾਵੇਗੀ ।