ਲੁਧਿਆਣਾ : ਸੂਟ ਬੂਟ ਪਹਿਨ ਕੇ ਮੈਰਿਜ ਪੈਲੇਸ ਵਿੱਚ ਦਾਖ਼ਲ ਹੋਏ 13 ਸਾਲ ਦੇ ਲੜਕੇ ਨੇ ਕੁਰਸੀ 'ਤੇ ਬੈਠੀ ਲਾੜੇ ਦੀ ਮਾਤਾ ਦਾ ਪਰਸ ਚੋਰੀ ਕਰ ਲਿਆ । ਵਾਰਦਾਤ ਦੀਆਂ ਤਸਵੀਰਾਂ ਮੈਰਿਜ ਪੈਲੇਸ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ । ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਲਾੜੇ ਹੈਰੀ ਦੇ ਭਰਾ ਰਾਜਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਲੜਕੇ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਸਦਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੋਨੇ ਦਾ ਕਾਰੋਬਾਰ ਕਰਨ ਵਾਲੇ ਨਿਊ ਮਾਡਲ ਟਾਊਨ ਸਾਹਨੇਵਾਲ ਦੇ ਵਾਸੀ ਰਾਜ ਕੁਮਾਰ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਉਸਦੇ ਭਰਾ ਹੈਰੀ ਦਾ ਵਿਆਹ ਸੀ । ਗਿੱਲ ਰੋਡ ਤੇ ਪੈਂਦੇ ਗਿੱਲ ਗਾਰਡਨ ਵਿੱਚ ਵਿਆਹ ਸਮਾਰੋਹ ਚੱਲ ਰਿਹਾ ਸੀ । ਇਸੇ ਦੌਰਾਨ ਲਾੜੇ ਦੀ ਮਾਤਾ ਨੇ ਆਪਣਾ ਪਰਸ ਕੁਰਸੀ ਤੇ ਰੱਖ ਦਿੱਤਾ । ਕੁਝ ਸਮੇਂ ਬਾਅਦ ਔਰਤ ਨੇ ਦੇਖਿਆ ਕਿ ਉਸਦਾ ਪਰਸ ਗਾਇਬ ਸੀ । ਔਰਤ ਦੇ ਮੁਤਾਬਕ ਪਰਸ ਵਿੱਚ 1 ਲੱਖ 25 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦੇ ਦੋ ਟੋਪਸ, ਚਾਂਦੀ ਦੀਆਂ ਝਾਂਜਰਾਂ ਅਤੇ ਇੱਕ ਮੋਬਾਈਲ ਫੋਨ ਸੀ । ਔਰਤ ਦੇ ਬੇਟੇ ਰਾਜਕੁਮਾਰ ਨੇ ਇਸ ਘਟਨਾ ਦੀ ਸੂਚਨਾ ਥਾਣਾ ਸਦਰ ਦੀ ਪੁਲਿਸ ਨੂੰ ਦਿੱਤੀ।
ਫੁੱਟੇਜ ਦੇ ਜਰੀਏ ਹੋਇਆ ਵਾਰਦਾਤਾਂ ਖੁਲਾਸਾ
ਰਾਜ ਕੁਮਾਰ ਦੀ ਮਾਤਾ ਉਸ ਨੂੰ ਕਹਿ ਰਹੀ ਸੀ ਕਿ ਪਰਸ ਗਾਇਬ ਹੋਣ ਤੋਂ ਪਹਿਲੋਂ ਇੱਕ 13 ਕੁ ਸਾਲ ਦਾ ਲੜਕਾ ਉਨ੍ਹਾਂ ਦੇ ਕੋਲ ਆ ਕੇ ਬੈਠ ਗਿਆ ਸੀ। ਥਾਣਾ ਸਦਰ ਦੀ ਪੁਲਿਸ ਨੇ ਜਦ ਮੈਰਿਜ ਪੈਲਸ ਕੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਝਾਤੀ ਮਾਰੀ ਤਾਂ ਸਾਰਾ ਮਾਮਲਾ ਸਾਫ ਹੋ ਗਿਆ। ਤਸਵੀਰਾਂ ਵਿੱਚ ਸਾਫ ਦਿਖਾਈ ਦੇ ਰਿਹਾ ਸੀ ਕਿ ਸੂਟ ਬੂਟ ਪਹਿਨ ਕੇ ਪੂਰੀ ਤਰ੍ਹਾਂ ਤਿਆਰ ਹੋਇਆ ਇੱਕ 13ਕੁ ਸਾਲ ਦਾ ਲੜਕਾ ਔਰਤ ਦੇ ਕੋਲ ਆ ਕੇ ਬੈਠ ਗਿਆ ਅਤੇ ਉਸ ਨੇ ਬੜੀ ਹੀ ਚਤੁਰਾਈ ਨਾਲ ਔਰਤ ਦਾ ਪਰਸ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੜਕਾ ਮੈਰਿਜ ਪੈਲਸ ਚੋਂ ਬਾਹਰ ਚਲਾ ਗਿਆ । ਜਾਂਚ ਅਧਿਕਾਰੀ ਹਰਬੰਸ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਾਜ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਲੜਕੇ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।