ਭਵਾਨੀਗੜ੍ਹ : ਸਬ ਡਵੀਜ਼ਨ ਦੇ ਭਵਾਨੀਗੜ੍ਹ ਦੇ ਨੇੜਲੇ ਪਿੰਡ ਨਦਾਮਪੁਰ ਵਿਖੇ ਨਹਿਰ ਦੀ ਪਟੜੀ ਦੇ ਨਜ਼ਦੀਕ ਪੁਲਿਸ ਵੱਲੋਂ ਅਸਲੇ ਦੀ ਬਰਾਮਦਗੀ ਲਈ ਲਿਆਂਦੇ ਇਕ ਗੈਂਗਸਟਰ ਨੇ ਪੁਲਿਸ 'ਤੇ ਹਮਲਾ ਕਰ ਦਿੱਤਾ ਪੁਲਿਸ ਵੱਲੋਂ ਕੀਤੇ ਗਏ ਜਵਾਬੀ ਹਮਲੇ ’ਚ ਗੈਂਗਸਟਰ ਦੀ ਲੱਤ ’ਚ ਗੋਲ਼ੀ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਿਆ। ਜਿਸ ਨੂੰ ਸੰਗਰੂਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਆਪਣੀ ਪਹੁੰਚੇ ਐੱਸ.ਪੀ ਸੰਗਰੂਰ ਪਲਵਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਅੱਜ ਸੀ.ਆਈ.ਏ ਸਟਾਫ਼ ਦੇ ਇੰਚਾਰਜ ਸੰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਵੱਲੋਂ ਇਕ ਗੈਂਗਸਟਰ ਮਨਿੰਦਰ ਸਿੰਘ ਵਾਸੀ ਮੋਹਾਲੀ ਨੂੰ ਅਸਲੇ ਦੀ ਰਿਕਵਰੀ ਲਈ ਉਸ ਵੱਲੋ ਦੱਸੇ ਸਥਾਨ ਪਿੰਡ ਨਦਾਮਪੁਰ ਤੋਂ ਪਿੰਡ ਥੰਮਣ ਸਿੰਘ ਵਾਲਾ ਨੂੰ ਜਾਣ ਵਾਲੀ ਨਹਿਰ ਦੀ ਪਟੜੀ ਵਾਲੀ ਸੜਕ 'ਤੇ ਲਿਆਂਦਾ ਗਿਆ ਤਾਂ ਉਸ ਨੇ ਤੁਰੰਤ ਇੱਥੇ ਖਤਾਨਾਂ ’ਚ ਲੁਕਾ ਕੇ ਰੱਖੀ ਇਕ ਵਿਦੇਸ਼ੀ ਪਿਸਤੌਲ ਨਾਲ ਪੁਲਿਸ ਪਾਰਟੀ ’ਤੇ ਫਾਇਰਿੰਗ ਕਰ ਦਿੱਤੀ।ਉਨ੍ਹਾਂ ਦੱਸਿਆ ਕਿ ਗੈਂਗਸਟਰ ਵੱਲੋਂ ਪੁਲਿਸ ਪਾਰਟੀ 'ਤੇ ਕੀਤੀ ਗਈ ਫਾਇਰਿੰਗ ’ਚ ਇਕ ਗੋਲ਼ੀ ਇਕ ਪੁਲਿਸ ਮੁਲਾਜ਼ਮ ਦੀ ਪੱਗ ਨੂੰ ਛੂੰਹਦੀ ਹੋਈ ਲੰਘੀ ਅਤੇ ਇਕ ਪੁਲਿਸ ਦੀ ਗੱਡੀ ਉੱਪਰ ਲੱਗੀ। ਪੁਲਿਸ ਮੁਲਾਜ਼ਮਾਂ ਨੇ ਆਪਣਾ ਬਚਾਅ ਕਰਨ ਦੇ ਨਾਲ-ਨਾਲ ਜਵਾਬੀ ਫਾਇਰਿੰਗ ਕਰਦਿਆਂ ਗੈਂਗਸਟਰ ਦੀ ਲੱਤ ’ਚ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ ਅਤੇ ਕਾਬੂ ਕਰ ਲਿਆ।