ਝਬਾਲ : ਪਿੰਡ ਰਸੂਲਪੁਰ ’ਚ ਆਪ ਪਾਰਟੀ ਦੇ ਸਰਪੰਚ ਹਰਪ੍ਰੀਤ ਕੌਰ ਪਤਨੀ ਤੇਜਿੰਦਰਪਾਲ ਸਿੰਘ ਕਾਲਾ ਰਸੂਲਪੁਰ ਦੇ ਘਰ ’ਤੇ ਪਿਛਲੇ ਦਿਨੀਂ ਅਣਪਛਾਤੇ ਵਿਅਕਤੀਆਂ ਵੱਲੋਂ ਗੋਲੀਆਂ ਚਲਾਉਣ ਦੀ ਘਟਨਾ ਨੂੰ ਇਕ ਹਫਤਾ ਬੀਤ ਜਾਣ ਦੇ ਬਾਅਦ ਹੁਣ ਸ਼ੁੱਕਰਵਾਰ ਸ਼ਾਮ ਉਨ੍ਹਾਂ ਦੇ ਲੜਕੇ ’ਤੇ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕੀਤਾ ਗਿਆ ਪਰ ਗਨੀਮਤ ਇਹ ਰਹੀ ਕਿ ਸਰਪੰਚ ਦਾ ਲੜਕਾ ਮਨਬੀਰ ਸਿੰਘ ਇਸ ਹਮਲੇ ’ਚ ਵਾਲ-ਵਾਲ ਬਚ ਗਿਆ ਪਰ ਇਕ ਹਫਤੇ ਵਿਚ ਦੂਸਰੀ ਵਾਰ ਗੋਲੀਆਂ ਚੱਲਣ ਦੀ ਘਟਨਾ ਅਤੇ ਗੋਲੀਆਂ ਚਲਾਉਣ ਵਾਲਿਆਂ ਵੱਲੋਂ ਇਹ ਕਹਿ ਕਿ ਲਲਕਾਰਨਾ ਕਿ ਉਹ ਕਿਸੇ ਵੀ ਹਾਲਤ ਵਿਚ ਉਨ੍ਹਾਂ ਨੂੰ ਨਹੀਂ ਛੱਡਣਗੇ, ਤੋਂ ਬਾਅਦ ਸਾਰਾ ਪਰਿਵਾਰ ਦਹਿਸ਼ਤਜ਼ਦਾ ਹੋਇਆ ਪਿਆ ਹੈ।
ਸਰਪੰਚ ਹਰਪ੍ਰੀਤ ਕੌਰ ਦੇ ਪਤੀ ਤੇਜਿੰਦਰਪਾਲ ਸਿੰਘ ਕਾਲਾ ਨੇ ਦੱਸਿਆ ਕਿ ਸ਼ੁੱਕਰਵਾਰ ਸ਼ਾਮ ਉਸ ਦਾ ਪੁੱਤਰ ਮਨਬੀਰ ਸਿੰਘ ਜਦੋਂ ਘਰ ਦੇ ਨੇੜੇ ਹੀ ਪਾਣੀ ਵਾਲੀ ਮੋਟਰ ਵੱਲ ਗਿਆ ਤਾਂ ਅੱਗੇ ਲੁਕ ਕੇ ਬੈਠੇ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ ਪਰ ਉਸ ਵੱਲੋਂ ਅਚਾਨਕ ਹੇਠਾਂ ਕਣਕ ਵਿਚ ਬੈਠ ਜਾਣ ਕਰਕੇ ਜਾਨ ਬਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਜਦੋਂ ਦੌੜ ਕੇ ਗਏ ਤਾਂ ਅਣਪਛਾਤੇ ਵਿਅਕਤੀ ਗੋਲੀਆਂ ਚਲਾਉਂਦੇ ਦੌੜ ਗਏ। ਨਾਲ ਹੀ ਇਹ ਵੀ ਕਹਿ ਗਏ ਕਿ ਜਿਥੇ ਮਰਜ਼ੀ ਭੱਜ ਲੈ ਤੈਨੂੰ ਛੱਡਣਾ ਨਹੀਂ। ਉਨ੍ਹਾਂ ਕਿਹਾ ਕਿ ਅਜੇ ਹਫਤਾ ਪਹਿਲਾਂ ਹੀ ਉਨ੍ਹਾਂ ਦੇ ਘਰ ’ਤੇ ਵੀ ਰਾਤ ਸਮੇਂ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾਈਆਂ ਸਨ ਜਿਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਸਨ। ਹੁਣ ਫਿਰ ਦੁਬਾਰਾ ਉਸ ਦੇ ਪੁੱਤਰ ’ਤੇ ਜਾਨਲੇਵਾ ਹਮਲਾ ਹੋ ਗਿਆ ਜਿਸ ਕਰਕੇ ਉਨ੍ਹਾਂ ਦਾ ਸਾਰਾ ਪਰਿਵਾਰ ਚਿੰਤਾ ਵਿਚ ਹੈ। ਉਨ੍ਹਾਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਸੁਰੱਖਿਆ ਦੀ ਮੰਗ ਕੀਤੀ ਹੈ।
ਘਟਨਾ ਦਾ ਪਤਾ ਚੱਲਦਿਆਂ ਹੀ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚ ਗਏ ਅਤੇ ਜਾਂਚ ਆਰੰਭ ਦਿੱਤੀ। ਇਸ ਸਬੰਧੀ ਡੀਐੱਸਪੀ ਸਿਟੀ ਕਮਲਮੀਤ ਸਿੰਘ ਨੇ ਕਿਹਾ ਕਿ ਥਾਣਾ ਸਰਾਏ ਅਮਾਨਤ ਖਾਂ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਹੋਇਆ ਹੈ ਅਤੇ ਸਰਪੰਚ ਦੇ ਲੜਕੇ ’ਤੇ ਦੁਬਾਰੇ ਹੋਏ ਹਮਲੇ ਸਬੰਧੀ ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਹਮਲਾਵਰਾਂ ਨੂੰ ਕਾਬੂ ਕਰ ਲਿਆ ਜਾਵੇਗਾ।