ਜਲੰਧਰ: ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਬੁੱਧਵਾਰ ਦੇਰ ਰਾਤ ਸਵਾ ਇਕ ਵਜੇ ਜਲੰਧਰ ਦੇ ਪਿਮਸ ਹਸਪਤਾਲ ਵਿਚ ਸੁਰੱਖਿਆ ਦੇ ਵਿਚਕਾਰ ਲਿਆਂਦਾ ਗਿਆ। ਪਟਿਆਲਾ ਦੇ ਬਹਾਦੁਰਗੜ੍ਹ ਕਿਲ੍ਹੇ ਤੋਂ ਨਿਕਲਣ ਤੋਂ ਬਾਅਦ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਨ੍ਹਾਂ ਨੂੰ ਮੁਹਾਲੀ ਜਾਂ ਲੁਧਿਆਣਾ ਦੇ ਹਸਪਤਾਲ ਵਿਚ ਲਿਆਂਦਾ ਜਾਵੇਗਾ ਪਰ ਸੁਰੱਖਿਆ ਦੇ ਮੱਦੇਨਜ਼ਰ ਉਨ੍ਹਾਂ ਨੂੰ ਗੁਪਤ ਤਰੀਕੇ ਨਾਲ ਜਲੰਧਰ ਲਿਆਂਦਾ ਗਿਆ।ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਪਿਮਸ ਹਸਪਤਾਲ ਤੋਂ ਜਲੰਧਰ ਕੈਂਟ ਸਥਿਤ ਪੀਡਬਲਿਊਡੀ ਗੈਸਟ ਹਾਊਸ ਵਿਚ ਸ਼ਿਫਟ ਕੀਤਾ ਗਿਆ ਹੈ। ਇਲਾਜ ਲਈ ਡਾਕਟਰਾਂ ਦੀ ਟੀਮ ਵੀ ਉਨ੍ਹਾਂ ਦੇ ਨਾਲ ਗਈ ਹੈ।
ਪਿਮਸ ਹਸਪਤਾਲ ਦੇ ਬਾਹਰ ਸੀ ਪੁਲਿਸ ਸੁਰੱਖਿਆ ਤਾਇਨਾਤ
ਰਾਤ 11 ਵਜੇ ਪਿਮਸ ਹਸਪਤਾਲ ਦੇ ਬਾਹਰ ਪੁਲਿਸ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਤਿੰਨ ਥਾਣਿਆਂ ਦੀ ਪੁਲਿਸ ਅਤੇ ਏਸੀਪੀ ਸੁਰੱਖਿਆ ਲਈ ਤਾਇਨਾਤ ਰਹੇ। ਕਿਸੇ ਵੀ ਬਾਹਰੀ ਵਾਹਨ ਨੂੰ ਹਸਪਤਾਲ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਹਸਪਤਾਲ ਦੇ ਪ੍ਰਬੰਧਨ ਦੇ ਨਾਲ ਸੀਨੀਅਰ ਡਾਕਟਰਾਂ ਦੀ ਟੀਮ ਨੂੰ ਐਮਰਜੈਂਸੀ ਵਿਚ ਬੁਲਾਇਆ ਗਿਆ। ਹਸਪਤਾਲ ਦੇ ਅੰਦਰ ਫੋਨ 'ਤੇ ਗੱਲ ਕਰਨ ਤੋਂ ਬਾਅਦ ਹੀ ਬਾਹਰੀ ਵਾਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਦੇਰ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਸੀ ਕਿ ਹਸਪਤਾਲ ਦੀ ਸੁਰੱਖਿਆ ਅਚਾਨਕ ਕਿਉਂ ਵਧਾਈ ਗਈ। ਫਿਰ ਜਾਣਕਾਰੀ ਮਿਲੀ ਕਿ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਐਂਬੂਲੈਂਸ ਵਿਚ ਲੈ ਕੇ ਜਲੰਧਰ ਲਿਆਂਦਾ ਜਾ ਰਿਹਾ ਹੈ।
ਕਿਸਾਨ ਸੰਗਠਨ ਮੌਕੇ 'ਤੇ ਨਹੀਂ ਪਹੁੰਚ ਸਕੇ
ਦੇਰ ਰਾਤ ਹੋਣ ਕਰਕੇ ਕੋਈ ਵੀ ਕਿਸਾਨ ਸੰਗਠਨ ਮੌਕੇ 'ਤੇ ਨਹੀਂ ਪਹੁੰਚ ਸਕਿਆ। ਮੀਡੀਆ ਕਰਮੀ ਹਸਪਤਾਲ ਦੇ ਮੁੱਖ ਦਰਵਾਜ਼ੇ 'ਤੇ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਪੁਲਿਸ ਸੁਰੱਖਿਆ ਦੇ ਵਿਚਕਾਰ ਡੱਲੇਵਾਲ ਦੀ ਐਂਬੂਲੈਂਸ ਨੂੰ ਐਮਰਜੈਂਸੀ ਗੇਟ ਤੋਂ ਹਸਪਤਾਲ ਦੇ ਅੰਦਰ ਲੈ ਜਾਇਆ ਗਿਆ। ਕੋਈ ਵੀ ਅਧਿਕਾਰੀ ਇਸ ਬਾਰੇ ਜਾਣਕਾਰੀ ਦੇਣ ਲਈ ਤਿਆਰ ਨਹੀਂ ਸੀ। ਡੱਲੇਵਾਲ ਦੇ ਹਸਪਤਾਲ ਪਹੁੰਚਣ ਤੋਂ ਬਾਅਦ ਡਾਕਟਰ ਕਿਸਾਨ ਆਗੂ ਦੀ ਜਾਂਚ ਵਿਚ ਲੱਗ ਗਏ।