ਬਰਨਾਲਾ, 20 ਮਾਰਚ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਬਰਨਾਲਾ ਦੇ ਇੱਕ ਪ੍ਰਾਈਵੇਟ ਹਸਪਤਾਲ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਲਾਜ ਦੌਰਾਨ ਇਕ ਮਰੀਜ ਦੀ ਹਾਲਤ ਹੋਰ ਗੰਭੀਰ ਹੋ ਗਈ ਅਤੇ ਰੈਫਰ ਦੌਰਾਨ ਮੌਤ ਹੋਣ ਤੋਂ ਬਾਅਦ ਗੁੱਸੇ ਵਿੱਚ ਆਏ ਮਰੀਜ ਦੇ ਪਰਿਵਾਰਿਕ ਮੈਬਰਾਂ ਵੱਲੋਂ ਹਸਪਤਾਲ ਦੇ ਗੇਟ ਅੱਗੇ ਧਰਨਾ ਦੇ ਦਿੱਤਾ ਅਤੇ ਡਾਕਟਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਪੀੜਤ ਪਰਿਵਾਰਿਕ ਮੈਂਬਰਾਂ ਵੱਲੋਂ ਮੁਰਦਾਬਾਦ ਦੇ ਨਾਅਰੇ ਵੀ ਲਗਾਏ ਗਏ। ਜਾਣਕਾਰੀ ਅਨੁਸਾਰ ਬਰਨਾਲਾ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਦੇਵਨ ਮਿੱਤਲ ਤੇ ਬਰਨਾਲਾ ਨਿਵਾਸੀ ਇੱਕ ਵਿਅਕਤੀ ਵੱਲੋਂ ਗਲਤ ਦਵਾਈਆਂ ਦੇ ਕੇ ੳਸਨੂੰ ਮੌਤ ਦੇ ਘਾਟ ਉਤਾਰਨ ਦੇ ਗੰਭੀਰ ਇਲਜ਼ਾਮ ਲੱਗੇ ਹਨ। ਮ੍ਰਿਤਕ ਦੇ ਭਰਾ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਜਸਵੀਰ ਸਿੰਘ ਉਰਫ ਸੋਨੀ ਨੂੰ ਸਿਰ ਦਰਦ ਦੀ ਸਮੱਸਿਆ ਕਾਰਨ ਡਾਕਟਰ ਦੇਵਨ ਮਿੱਤਲ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਲੇਕਿਨ ਡਾਕਟਰ ਦੇਵਨ ਮਿੱਤਲ ਉਸ ਦਾ ਸਿਰ ਦਾ ਇਲਾਜ ਕਰਨ ਦੀ ਥਾਂ ਉਸ ਦੇ ਪੇਟ ਦਾ ਇਲਾਜ ਕਰੀ ਗਿਆ। ਅਖੀਰ ਵਿੱਚ ਤਿੰਨ ਦਿਨਾਂ ਬਾਅਦ ਆ ਕੇ ਕਹਿੰਦਾ ਕਿ ਇਸ ਨੂੰ ਤੁਸੀਂ ਹੋਰ ਹਸਪਤਾਲ ਲੈ ਜਾਓ, ਇਸਦੀ ਹਾਲਤ ਗੰਭੀਰ ਹੈ। ਜਿਸ ਤੋਂ ਬਾਅਦ ਜਦੋਂ ਉਹ ਬਠਿੰਡਾ ਵਿਖੇ ਲੈ ਕੇ ਗਏ ਤਾਂ ਉਹਨਾਂ ਨੂੰ ਏਮਜ ਹਸਪਤਾਲ ਵਿੱਚ ਬੈੱਡ ਨਹੀਂ ਮਿਲਿਆ ਜਿਸ ਤੋਂ ਬਾਅਦ ਉਹ ਹੋਰ ਹਸਪਤਾਲ ਵਿੱਚ ਲੈ ਗਏ ਜਿੱਥੇ ਡਾਕਟਰਾਂ ਨੇ ਜਦੋਂ ਐਮਆਰਆਈ ਤੇ ਟੈਸਟ ਕਰਵਾਏ ਤਾਂ ਪਤਾ ਚੱਲਿਆ ਕਿ ਇਸ ਨੂੰ ਬ੍ਰੇਨ ਹੈਮਰਜ ਹੋ ਗਿਆ। ਜਿਸ ਕਰਕੇ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਇਲਾਜ ਦਿਮਾਗ ਦਾ ਕਰਨਾ ਸੀ ਡਾਕਟਰ ਸਾਹਿਬ ਪੇਟ ਦਾ ਕਰੀ ਗਏ। ਜਿਸ ਕਰਕੇ ਉਹਨਾਂ ਦੇ ਭਰਾ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਡਾਕਟਰ ਦੇਵਨ ਮਿੱਤਲ ਦੇ ਖਿਲਾਫ ਕੇਸ ਦਰਜ ਕਰਕੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ।
-ਬਾਕਸ ਨਿਊਜ-
ਜਦੋਂ ਕਿ ਦੂਸਰੇ ਪਾਸੇ ਡਾਕਟਰ ਦੇਵਨ ਮਿੱਤਲ ਦਾ ਕਹਿਣਾ ਹੈ ਕਿ ਉਨ੍ਹਾਂ ਉੱਪਰ ਜੋ ਇਲਜ਼ਾਮ ਲਗਾਏ ਜਾ ਰਹੇ ਹਨ, ਉਹ ਬਿਲਕੁਲ ਬੇਬੁਨਿਆਦ ਹਨ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਸ ਦੀ ਮੌਤ ਬਠਿੰਡਾ ਵਿਖੇ ਹੋਈ ਹੈ ਅਤੇ ਮ੍ਰਿਤਕ ਸ਼ਰਾਬ ਸਮੇਤ ਹੋਰ ਨਸ਼ੇ ਕਰਨ ਦਾ ਆਦੀ ਸੀ, ਜਿਸ ਕਾਰਨ ਉਸ ਨੂੰ ਦੌਰੇ ਪੈ ਰਹੇ ਸਨ, ਤੇ ਉਲਟੀਆਂ ਲੱਗੀਆਂ ਸਨ, ਤੇ ਉਲਟੀ ਕਾਰਨ ਸਾਹ ਲੈਣ ਦੀ ਤਕਲੀਫ ਸੀ, ਉਨ੍ਹਾਂ ਵੱਲੋਂ ਕਰਵਾਈ ਸੀਟੀ ਸਕੈਨ ਦੀਆਂ ਰਿਪੋਟਾਂ ਵਿੱਚ ਵੀ ਇਹੀ ਬਿਮਾਰੀ ਆਈ ਸੀ, ਜਿਸ ਦਾ ਇਲਾਜ ਕੀਤਾ ਗਿਆ ਸੀ।