ਪਟਿਆਲਾ/ਚੰਡੀਗੜ੍ਹ : ਭਾਰਤੀ ਫ਼ੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਨਾਲ ਪਟਿਆਲਾ ’ਚ ਹੋਈ ਮਾਰਕੁੱਟ ਦੇ ਮਾਮਲੇ ਦੀ ਹੁਣ ਮੈਜਿਸਟ੍ਰੇਟ ਜਾਂਚ ਕੀਤੀ ਜਾਵੇਗੀ। ਗ੍ਰਹਿ ਵਿਭਾਗ ਨੇ ਪਟਿਆਲਾ ਨਗਲ ਨਿਗਮ ਦੇ ਕਮਿਸ਼ਨਰ ਆਈਏਐੱਸ ਅਧਿਕਾਰੀ ਪਰਮਵੀਰ ਸਿੰਘ ਨੂੰ ਜਾਂਚ ਸੌਂਪੀ ਹੈ। ਸਿੰਘ ਨੂੰ ਵਿਸ਼ੇਸ਼ ਕਾਰਜਕਾਰੀ ਮੈਜਿਸਟ੍ਰੇਟ ਦੀਆਂ ਤਾਕਤਾਂ ਦਿੱਤੀਆਂ ਗਈਆਂ ਹਨ। ਉਹ ਤਿੰਨ ਹਫ਼ਤਿਆਂ ’ਚ ਆਪਣੀ ਰਿਪੋਰਟ ਦੇਣਗੇ। ਇਸ ਮਾਮਲੇ ’ਚ ਗ੍ਰਹਿ ਵਿਭਾਗ ਨੇ ਚਾਰ ਇੰਸੈਪਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕੀਤਾ ਹੈ। ਓਧਰ ਕਰਨਲ ਦੇ ਪਰਿਵਾਰ ਨੇ ਪੰਜਾਬ ਦੇ ਰਾਜਪਾਲ ਨੂੰ ਮਿਲ ਕੇ ਮੈਜਿਸਟ੍ਰੇਟੀ ਜਾਂਚ ਕਰਵਾਉਣ ਤੋਂ ਇਨਕਾਰ ਕਰਦਿਆਂ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।13 ਮਾਰਚ ਦੀ ਰਾਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਸਾਹਮਣੇ ਢਾਬੇ ’ਤੇ ਖਾਣਾ ਕਾਰ ਰਹੇ ਕਰਨਲ ਪੁਸ਼ਪਿੰਦਰ ਬਾਠ ਤੇ ਉਨ੍ਹਾਂ ਦੇ ਪੁੱਤਰ ਅੰਗਦ ਬਾਠ ਦੀ ਕਾਰ ਪਾਰਕਿੰਗ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ ਸੀ। ਪੁਲਿਸ ਮੁਲਾਜ਼ਮਾਂ ਨੇ ਕਰਨਲ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਮਾਰਕੁੱਟ ਕਰ ਦਿੱਤੀ। ਮਾਰਕੁੱਟ ’ਚ ਕਰਨਲ ਦਾ ਹੱਥ ਟੁੱਟ ਗਿਆ।
ਸੇਵਾਮੁਕਤ ਲੈਫਟੀਨੈਂਟ ਜਨਰਲ ਕੇਜੇਐੱਸ ਢਿੱਲੋਂ ਨੇ ਇਹ ਮਾਮਲਾ ਐਕਸ ’ਤੇ ਉਠਾਇਆ। ਉਨ੍ਹਾਂ ਨੇ ਲਿਖਿਆ ਕਿ 12 ਪੁਲਿਸ ਮੁਲਾਜ਼ਮਾਂ ਨੇ ਕਰਨਲ ਤੇ ਉਨ੍ਹਾਂ ਦੇ ਪੁੱਤਰ ਨੂੰ ਨਾ ਸਿਰਫ਼ ਮਾਰਿਆ, ਉਨ੍ਹਾਂ ਦਾ ਆਈਡੀ ਕਾਰਜ ਤੇ ਮੋਬਾਈਲ ਫੋਨ ਵੀ ਲੁੱਟ ਲਿਆ। ਕਰਨਲ ਇਕ ਸੰਵੇਦਨਸ਼ੀਲ ਖ਼ੁਫ਼ੀਆ ਏਜੰਸੀ ਨਾਲ ਜੁੜੇ ਹਨ। ਕਾਰਡ ਦੀ ਡਿਜੀਟਲੀ ਕਾਪੀ ਵੀ ਕੀਤੀ ਜਾ ਸਕਦੀ ਹੈ। ਮੋਬਾਈਲ ’ਚ ਈਮੇਲ-ਕਾਂਟੈਕਟ ਤੇ ਮੈਸੇਜ ਦੀ ਵੀ ਦੁਰਵਰਤੋਂ ਹੋ ਸਕਦੀ ਹੈ।
ਘਟਨਾ ਤੋਂ ਬਾਅਦ, ਪਰਿਵਾਰ ਲਗਾਤਾਰ ਕਰਨਲ ਦੇ ਬਿਆਨਾਂ ਮੁਤਾਬਕ ਐੱਫਆਈਆਰ ਦਰਜ ਕਰਨ ਦੀ ਮੰਗ ਕਰ ਰਿਹਾ ਹੈ। ਕਰਨਲ ਦੇ ਰਿਸ਼ਤੇਦਾਰ ਗੁਰਤੇਜ ਸਿੰਘ ਢਿੱਲੋਂ ਤੇ ਕਰਨਲ ਦੀ ਪਤਨੀ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਪੁਲਿਸ ਝੂਠੀ ਐੱਫਆਈਆਰ ਦਰਜ ਕਰਨ ਤੋਂ ਬਾਅਦ ਜਾਣਬੁੱਝ ਕੇ ਮੁਅੱਤਲ ਪੁਲਿਸ ਮੁਲਾਜ਼ਮਾਂ ਦੇ ਨਾਂ ਨਹੀਂ ਦੱਸ ਰਹੀ। ਡੀਜੀਪੀ (ਕਾਨੂੰਨ ਵਿਵਸਥਾ) ਅਰਪਿਤ ਸ਼ੁਕਲਾ ਨਾਲ ਮੁਲਾਕਾਤ ਤੋਂ ਬਾਅਦ ਵੀ ਮਸਲਾ ਹੱਲ ਨਹੀਂ ਹੋਇਆ ਹੈ। ਇਸ ਦੇ ਵਿਰੋਧ ’ਚ 22 ਮਾਰਚ ਤੋਂ ਡੀਸੀ ਦਫ਼ਤਰ ਦੇ ਸਾਹਮਣੇ ਪੱਕਾ ਮੋਰਚਾ ਲਗਾਉਣਗੇ। ਓਧਰ ਕਮਾਂਡ ਹਸਪਤਾਲ ਚੰਡੀਗੜਵ ’ਚ ਕਰਨਲ ਬਾਠਦੀ ਹਾਲਤ ਸਥਿਤ ਹੈ।
ਪਰਿਵਾਰ ਰਾਜਪਾਲ ਨੂੰ ਮਿਲਿਆ, ਸੀਬੀਆਈ ਜਾਂਚ ਦੀ ਮੰਗ
ਚੰਡੀਗੜ੍ਹ : ਕਰਨਲ ਪੁਸ਼ਪਿੰਦਰ ਬਾਠ ਦੇ ਪਰਿਵਾਰਕ ਮੈਂਬਰਾਂ ਨੇ ਵੀਰਵਾਰ ਨੂੰ ਰਾਜ ਭਵਨ ’ਚ ਪੰਜਾਬ ਦੇ ਰਾਜਪਾਲ ਗ਼ੁਲਾਬ ਚੰਦ ਕਟਾਰੀਆਂ ਨਾਲ ਮੁਲਾਕਾਤ ਕਰ ਕੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਮੈਜਿਸਟ੍ਰੇਟ ਜਾਂਚ ਕਰਵਾਏ ਜਾਣ ਤੋਂ ਇਨਕਾਰ ਕਰ ਦਿੱਤਾ ਹੈ। ਕਰਨਲ ਦੀ ਪਤਨੀ ਜਸਵਿੰਦਰ ਕੌਰ, ਉਨ੍ਹਾਂ ਦੇ ਪੁੱਤਰ ਅੰਗਦ ਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੇ ਪਤੀ ਤੇ ਪੁੱਤਰ ਦੀ ਮਾਰਕੁੱਟ ਕਰਨ ਵਾਲੇ ਸਾਰੇ 12 ਪੁਲਿਸ ਮੁਲਾਜ਼ਮਾਂ ਨੂੰ ਐੱਫਆਈਆਰ ’ਚ ਨਾਮਜ਼ਦ ਨਹੀਂ ਕੀਤਾ ਗਿਆ। ਉਨ੍ਹਾਂ ਨੇ ਪਟਿਆਲਾ ਦੇ ਐੱਸਐੱਸਪੀ ਨਾਨਕ ਸਿੰਘ ’ਤੇ ਵੀ ਮਾਮਲੇ ’ਚ ਯੋਗ ਕਾਰਵਾਈ ਕਰਨ ’ਚ ਨਾਕਾਮ ਰਹਿਣ ਦਾ ਦੋਸ਼ ਲਗਾਇਆ ਹੈ।