ਮਮਦੌਟ : ਹਿੰਦ ਪਾਕਿ ਕੌਮਾਂਤਰੀ ਸਰਹੱਦ 'ਤੇ ਵੱਸੇ ਪਿੰਡ ਜੱਲੋ ਕੇ ਵਿਖੇ ਸ਼ਨੀਵਾਰ ਸਵੇਰੇ ਖੇਤਾਂ ਦੇ ਦੁਆਲੇ ਲਾਈ ਕੰਡਿਆਲੀ ਤਾਰ ਤੋਂ ਕਰੰਟ ਲੱਗਣ ਨਾਲ 32 ਸਾਲਾ ਨੌਜਵਾਨ ਦੀ ਮੌਤ ਹੋ ਜਾਣ ਦੀ ਮੰਦਭਾਗੀ ਖ਼ਬਰ ਹੈ। ਜਾਣਕਾਰੀ ਮੁਤਾਬਕ ਕੁਲਦੀਪ ਸਿੰਘ (32) ਪੁੱਤਰ ਕਸ਼ਮੀਰ ਸਿੰਘ ਵਾਸੀ ਜਲੋ ਕੇ ਬੀਤੀ ਸ਼ਾਮ ਨੂੰ ਹੀ ਪਿੰਡ ਵਿੱਚ ਹੋਈ ਇੱਕ ਮੌਤ ਦੇ ਸਬੰਧ ਵਿੱਚ ਆਈਆਂ ਸੰਗਤਾਂ ਵਾਸਤੇ ਅੱਜ ਸਵੇਰੇ ਲੰਗਰ ਪਾਣੀ ਦਾ ਪ੍ਰਬੰਧ ਕਰਨ ਲਈ ਮੋਟਰਸਾਈਕਲ 'ਤੇ ਜਾ ਰਿਹਾ ਸੀ ਕਿ ਖੇਤਾਂ ਦੇ ਦੁਆਲੇ ਲੱਗੇ ਕੰਡਿਆਲੀ ਤਾਰ ਨਾਲ ਮੋਟਰਸਾਈਕਲ ਖਹਿ ਗਿਆ ਅਤੇ ਕੰਡਿਆਲੀ ਤਾਰ ਵਿੱਚ ਛੱਡੇ ਕਰੰਟ ਦੀ ਲਪੇਟ ਵਿੱਚ ਆ ਗਿਆ। ਮ੍ਰਿਤਕ ਦੇ ਰਿਸ਼ਤੇਦਾਰਾਂ ਤੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਨਾਲ ਲੱਗਦੇ ਖੇਤ ਵਾਲੇ ਕਿਸਾਨ ਨੇ ਜੰਗਲੀ ਜਾਨਵਰਾਂ ਤੋਂ ਫਸਲ ਨੂੰ ਬਚਾਉਣ ਲਈ ਖੇਤਾਂ ਦੇ ਆਲੇ ਦੁਆਲੇ ਲੋਹੇ ਦੀ ਤਾਰ ਵਿਛਾਈ ਹੋਈ ਸੀ ਅਤੇ ਉਸ ਵਿੱਚ ਸਿੱਧਾ ਹਾਈ ਵੋਲਟੇਜ ਕਰੰਟ ਛੱਡ ਰੱਖਿਆ ਸੀ ।ਪਿੰਡ ਵਾਸੀਆਂ ਵੱਲੋਂ ਮੁੱਢਲੀ ਸਹਾਇਤਾ ਦੇ ਤੌਰ ਤੇ ਉਸ ਨੂੰ ਆਟਾ ਅਤੇ ਹੋਰ ਗਰਮ ਚੀਜ਼ਾਂ ਵੀ ਮਲੀਆਂ ਗਈਆਂ ਕਿ ਉਸ ਦੀ ਜਾਨ ਬਚਾਈ ਜਾ ਸਕੇ ਪਰ ਕੁਝ ਠੀਕ ਨਾ ਹੋਣ ਕਾਰਨ ਮੌਕੇ 'ਤੇ ਇਕੱਤਰ ਲੋਕਾਂ ਵੱਲੋਂ ਫੌਰੀ ਤੌਰ ਤੇ ਮਮਦੌਟ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਮ੍ਰਿਤਕ ਕੁਲਦੀਪ ਸਿੰਘ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਦੋ ਛੋਟੇ ਛੋਟੇ (6/4) ਬੱਚੇ ਅਤੇ ਪਤਨੀ ਨੂੰ ਛੱਡ ਗਿਆ ਹੈ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਘਰੇਲੂ ਅਤੇ ਆਰਥਿਕ ਹਾਲਤ ਬਿਲਕੁਲ ਠੀਕ ਨਹੀਂ ਹੈ। ਅਤੇ ਉਸ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਤਾਂ ਜੋ ਪਰਿਵਾਰ ਦਾ ਪਾਲਣ ਪੋਸ਼ਣ ਭਵਿੱਖ ਚ ਸਹੀ ਹੋ ਸਕੇ।