ਲੁਧਿਆਣਾ : ਲੁਧਿਆਣਾ ਦੇ ਸਾਊਥ ਸਿਟੀ ਇਲਾਕੇ ਦੇ ਵੱਡੇ ਪ੍ਰਾਪਰਟੀ ਕਾਰੋਬਾਰੀ ਪ੍ਰਦੀਪ ਅਗਰਵਾਲ ਨਾਲ ਸਾਢੇ 7 ਕਰੋੜ ਦੀ ਠੱਗੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕੇਸ ਵਿੱਚ ਲੁਧਿਆਣਾ ਪੁਲਿਸ ਨੇ ਪੜਤਾਲ ਤੋਂ ਬਾਅਦ ਸੈਕਟਰ 28 ਡੀ ਚੰਡੀਗੜ੍ਹ ਦੇ ਰਹਿਣ ਵਾਲੇ ਮੀਤ ਇੰਦਰ ਸਿੰਘ ਮਾਨ, ਦਲਜੀਤ ਸਿੰਘ, ਕਸਤੂਰੀ ਲਾਲ, ਹਰਮੀਤ ਸਿੰਘ, ਰਾਜਵੰਤ ਕੌਰ, ਕੁਲਦੀਪ ਕੌਰ, ਸੁਰਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ ਤੇ ਗੁਰਦੀਪ ਕੌਰ ਖ਼ਿਲਾਫ਼ ਅਮਾਨਤ ਵਿੱਚ ਖਿਆਨਤ, ਧੋਖਾਧੜੀ ਤੇ ਅਪਰਾਧਿਕ ਸਾਜ਼ਿਸ਼ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਦੱਸਿਆ ਪ੍ਰਦੀਪ ਅਗਰਵਾਲ ਨੇ ਕੁਝ ਮਹੀਨੇ ਪਹਿਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਸਾਰੇ ਮੁਲਜਮਾਂ ਨੇ ਆਪਸ ਵਿੱਚ ਮਿਲੀ ਭੁਗਤ ਕਰਕੇ ਮੁਲਜ਼ਮ ਦਲਜੀਤ ਸਿੰਘ ਦੀ ਜਮੀਨ ਦਵਾਉਣ ਦੀ ਗੱਲ ਕਹਿ ਕੇ ਉਨ੍ਹਾਂ ਪਾਸੋਂ 7 ਕਰੋੜ 61 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ ਸੀ । ਰਕਮ ਲੈਣ ਤੋਂ ਬਾਅਦ ਮੁਲਜ਼ਮਾਂ ਨੇ ਜਮੀਨ ਦੀ ਰਜਿਸਟਰੀ ਨਹੀਂ ਕਰਵਾਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਡੂਘਾਈ ਨਾਲ ਤਫਤੀਸ਼ ਕੀਤੀ ਤੇ 10 ਮੁਲਜ਼ਮਾਂ ਖ਼ਿਲਾਫ਼ ਥਾਣਾ ਸਰਾਭਾ ਨਗਰ ਦੀ ਪੁਲਿਸ ਨੂੰ ਮੁਕੱਦਮਾ ਦਰਜ ਕਰਨ ਦੇ ਆਦੇਸ਼ ਦਿੱਤੇ। ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਨਾਮਜਦ ਕੀਤੇ ਗਏ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ ਜਲਦੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।