ਲੁਧਿਆਣਾ ਬੇਖੌਫ ਅਪਰਾਧੀ ਸ਼ਹਿਰ ਵਿੱਚ ਲੁਟਾ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲਗਾਤਾਰ ਵਾਪਰ ਰਹੀਆਂ ਇਨਾਂ ਅਪਰਾਧਿਕ ਘਟਨਾਵਾਂ ਦੇ ਦੌਰਾਨ ਸ਼ਹਿਰ ਵਾਸੀਆਂ ਵਿੱਚ ਖਾਸਾ ਦਹਿਸ਼ਤ ਦਾ ਮਾਹੌਲ ਹੈ। ਲੁਧਿਆਣਾ ਪੁਲਿਸ ਨੇ ਅਪਰਾਧੀਆਂ ਦਾ ਸ਼ਿਕਾਰ ਬਣੇ ਵਿਅਕਤੀਆਂ ਦੀ ਸ਼ਿਕਾਇਤ ਤੇ ਵੱਖ-ਵੱਖ ਥਾਣਿਆਂ ਵਿੱਚ ਮੁਕੱਦਮੇ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪਹਿਲੇ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਜਵੱਦੀ ਕਲਾ ਦੇ ਰਹਿਣ ਵਾਲੇ ਲਵ ਕੁਸ਼ ਮਾਤੁਰ ਨੇ ਦੱਸਿਆ ਕਿ ਉਹ ਬੀਤੀ ਰਾਤ 10 ਵਜੇ ਦੇ ਕਰੀਬ ਜਵੱਦੀ ਤੋਂ ਪੰਜਾਬੀ ਬਾਗ ਵੱਲ ਜਾ ਰਿਹਾ ਸੀ, ਜਿਵੇਂ ਹੀ ਉਹ ਜਵੱਦੀ ਟਕਸਾਲ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚਿਆ ਤਾਂ ਇੱਕ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਮੋਨੇ ਨੌਜਵਾਨਾਂ ਨੇ ਉਸ ਨੂੰ ਘੇਰ ਲਿਆ। ਮੁਲਜ਼ਮਾਂ ਨੇ ਮਾਰਨ ਦੀ ਧਮਕੀ ਦੇ ਕੇ ਲਵ ਕੋਲੋਂ ਸੈਮਸੰਗ ਦਾ ਮੋਬਾਇਲ ਫੋਨ ਅਤੇ ਨਕਦੀ ਲੁੱਟ ਲਈ। ਫਰਾਰ ਹੁੰਦੇ ਸਮੇਂ ਲਵ ਨੇ ਮੁਲਜਮਾਂ ਦੇ ਮੋਟਰਸਾਈਕਲ ਦਾ ਨੰਬਰ ਨੋਟ ਕਰ ਲਿਆ। ਪੜਤਾਲ ਦੇ ਦੌਰਾਨ ਥਾਣਾ ਦੁੱਗਰੀ ਦੀ ਪੁਲਿਸ ਨੇ ਮੁਲਜ਼ਮਾਂ ਦੀ ਸ਼ਨਾਖਤ ਕੀਤੀ। ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਅੰਬੇਦਕਰ ਨਗਰ ਦੇ ਵਾਸੀ ਅਭੇ ਕੁਮਾਰ ਅਤੇ ਗੌਰਵ ਕੁਮਾਰ ਉਰਫ ਮੂੰਗੀ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਬਾਕਸ ਰਾਹਗੀਰ ਨੂੰ ਘੇਰ ਕੇ ਲੁੱਟਿਆ ਸਕੂਟਰ ਸਹੁਰਿਆਂ ਦੇ ਘਰ ਤੋਂ ਵਾਪਸ ਪਰਤ ਰਹੇ ਵਿਅਕਤੀ ਨੂੰ ਨਿਸ਼ਾਨਾ ਬਣਾਉਂਦਿਆਂ ਛੇ ਬਦਮਾਸ਼ਾਂ ਨੇ ਉਸ ਦਾ ਮੋਬਾਇਲ ਫੋਨ ਅਤੇ ਐਕਟੀਵਾ ਸਕੂਟਰ ਲੁੱਟ ਲਿਆ। ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਿਟੀ ਇਨ ਕਲੇਵ ਧਾਂਦਰਾ ਰੋਡ ਦੇ ਰਹਿਣ ਵਾਲੇ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਸਹੁਰਿਆਂ ਦੇ ਘਰ ਤੋਂ ਆਪਣੇ ਘਰ ਜਾ ਰਹੇ ਸਨ। ਪੰਕਜ ਜਿਵੇਂ ਹੀ ਦਾਣਾ ਮੰਡੀ ਜਨਤਾ ਨਗਰ ਦੇ ਲਾਗੇ ਪੁੱਜੇ ਤਾਂ ਮੋਟਰਸਾਈਕਲ ਅਤੇ ਐਕਟੀਵਾ ਸਕੂਟਰ ਤੇ ਸਵਾਰ ਹੋ ਕੇ ਆਏ ਤਿੰਨ ਬਦਮਾਸ਼ਾਂ ਨੇ ਪੰਕਜ ਨੂੰ ਘੇਰ ਲਿਆ। ਮੁਲਜਮਾਂ ਨੇ ਮਾਰਨ ਦੀਆਂ ਧਮਕੀਆਂ ਦੇਖ ਕੇ ਪੰਕਜ ਕੋਲੋਂ ਮੋਬਾਈਲ ਫੋਨ ਅਤੇ ਉਸਦਾ ਐਕਟੀਵਾ ਸਕੂਟਰ ਲੁੱਟ ਲਿਆ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਪੰਕਜ ਕੁਮਾਰ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰਕੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ।
ਬਾਕਸ-- ਝਪਟਮਾਰਾਂ ਨੇ ਲੁੱਟਿਆ ਮੋਬਾਈਲ ਗੋਪਾਲ ਨਗਰ ਹੈਬੋਵਾਲ ਦੇ ਰਹਿਣ ਵਾਲੇ ਜੀਵਨ ਨਾਲ ਨੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਦੱਸਿਆ ਕਿ ਉਹ ਦੁਪਹਿਰ ਡੇਢ ਵਜੇ ਦੇ ਕਰੀਬ ਫੋਨ ਸੁਣਦੇ ਹੋਏ ਘਰ ਤੋਂ ਬਾਹਰ ਨਿਕਲ ਕੇ ਪਾਰਕ ਦੇ ਕੋਲ ਖੜ ਗਏ। ਇਸੇ ਦੌਰਾਨ ਤੇਜ਼ ਰਫਤਾਰੀ ਨਾਲ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਸਦੇ ਹੱਥ ਵਿੱਚ ਫੜਿਆ ਓਪੋ ਦਾ ਮੋਬਾਇਲ ਫੋਨ ਝਪਟ ਲਿਆ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਪੰਕਜ ਦੀ ਸ਼ਿਕਾਇਤ ਤੇ ਦੋ ਬਦਮਾਸ਼ਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।
ਬਾਕਸ-- ਬਜ਼ੁਰਗ ਔਰਤ ਦੀਆਂ ਵਾਲੀਆਂ ਕੀਤੀਆਂ ਚੋਰੀ ਪੱਖੋਵਾਲ ਰੋਡ ਤੇ ਪੈਂਦੇ ਇੰਡੋਰ ਸਟੇਡੀਅਮ ਦੇ ਲਾਗੇ ਨੌਸਰਬਾਜ ਔਰਤਾਂ ਨੇ ਆਪਣੇ ਇੱਕ ਸਾਥੀ ਨਾਲ ਮਿਲ ਕੇ ਬਜ਼ੁਰਗ ਔਰਤ ਦੀਆਂ ਕੰਨਾਂ ਦੀਆਂ ਵਾਲੀਆਂ ਉਤਾਰ ਲਈਆਂ। ਵਾਰਦਾਤ ਨੂੰ ਅੰਜਾਮ ਦੇ ਕੇ ਚੋਰ ਗਿਰੋਹ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਕੰਚਨ ਕਲੋਨੀ ਦੀ ਰਹਿਣ ਵਾਲੀ ਹਰਬੰਸ ਕੌਰ 75 ਨੇ ਦੱਸਿਆ ਕਿ ਉਹ ਆਪਣੇ ਪਤੀ ਲਾਲ ਸਿੰਘ ਨਾਲ ਇੰਡੋਰ ਸਟੇਡੀਅਮ ਦੇ ਲਾਗੇ ਰੇਹੜੀ ਤੋਂ ਫਰੂਟ ਖਰੀਦ ਰਹੀ ਸੀ। ਇਸੇ ਦੌਰਾਨ ਦੋ ਔਰਤਾਂ ਅਤੇ ਇੱਕ ਨੌਜਵਾਨ ਉਨ੍ਹਾਂ ਦੇ ਕੋਲ ਆ ਕੇ ਰੁਕ ਗਿਆ। ਮੁਲਜ਼ਮਾਂ ਨੇ ਬਜ਼ੁਰਗ ਔਰਤ ਨੂੰ ਗੱਲਾਂ ਵਿੱਚ ਲਗਾ ਕੇ ਬੜੀ ਹੀ ਚਤੁਰਾਈ ਨਾਲ ਉਸ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਲਈਆਂ। ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜਮ ਮੌਕੇ ਤੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਔਰਤ ਨੇ ਜਦ ਆਪਣੇ ਕੰਨਾਂ ਨੂੰ ਹੱਥ ਲਗਾਇਆ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਵਾਲੀਆਂ ਚੋਰੀ ਹੋ ਚੁੱਕੀਆਂ ਸਨ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਹਰਬੰਸ ਕੌਰ ਦੀ ਸ਼ਿਕਾਇਤ ਤੇ ਮੁਕਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਕਸ ਪੁਲਿਸ ਨੇ ਮੁਲਜ਼ਮ ਤੇ ਕਬਜ਼ੇ ’ਚੋਂ 5 ਮੋਬਾਇਲ ਫੋਨ ਕੀਤੇ ਬਰਾਮਦ ਲੁਟਾਂ-ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਤੇ ਠੱਲ ਪਾਉਣ ਲਈ ਲੁਧਿਆਣਾ ਪੁਲਿਸ ਵੀ ਆਪਣੇ ਪੂਰੇ ਯਤਨ ਕਰ ਰਹੀ ਹੈ। ਇਸੇ ਲੜੀ ਦੇ ਚਲਦਿਆਂ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਸੱਗੂ ਚੌਕ ’ਚ ਨਾਕਾਬੰਦੀ ਕਰਦਿਆਂ ਬਸੰਤ ਨਗਰ ਹੰਬੜਾ ਰੋਡ ਦੇ ਰਹਿਣ ਵਾਲੇ ਕਮਲਦੀਪ ਸਿੰਘ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ਚੋਂ ਵੱਖ-ਵੱਖ ਥਾਵਾਂ ਤੋਂ ਲੁੱਟੇ ਗਏ ਪੰਜ ਮੋਬਾਇਲ ਫੋਨ ਬਰਾਮਦ ਕੀਤੇ। ਥਾਣਾ ਡਿਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਇਲਾਕੇ ਵਿੱਚ ਮੌਜੂਦ ਸੀ। ਇਸੇ ਦੌਰਾਨ ਇਤਲਾਅ ਮਿਲੀ ਕਿ ਕਮਲਦੀਪ ਸਿੰਘ ਦਾ ਦਿਖਾ ਕੇ ਲੋਕਾਂ ਕੋਲੋਂ ਮੋਬਾਈਲ ਫੋਨ ਅਤੇ ਹੋਰ ਸਮਾਨ ਲੁੱਟਦਾ ਹੈ। ਜਾਣਕਾਰੀ ਤੋਂ ਬਾਅਦ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਮੁਲਜ਼ਮ ਨੂੰ ਹਿਰਾਸਤ ਵਿੱਚ ਲਿਆ ਅਤੇ ਉਸਦੇ ਕਬਜ਼ੇ ਚੋਂ ਪੰਜ ਮੋਬਾਇਲ ਫੋਨ ਬਰਾਮਦ ਕੀਤੇ।