ਬਰਨਾਲਾ, 24 ਮਾਰਚ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਬਰਨਾਲਾ ਪੁਲਿਸ ਵੱਲੋਂ ਬਰਨਾਲਾ ਦੇ ਇੱਕ ਨਿੱਜੀ ਪੈਲੇਸ ਵਿਖੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਇੱਕ ਸੰਪਰਕ ਮੀਟਿੰਗ ਕੀਤੀ। ਜਿਸ ਵਿੱਚ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਪਹੁੰਚੇ। ਇਸ ਦੇ ਨਾਲ ਹੀ ਇਸ ਸਮਾਗਮ ਵਿੱਚ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਸਰਦਾਰ ਸੋਹੀ ਅਤੇ ਰੁਪਿੰਦਰ ਰੂਪੀ ਵੀ ਪਹੁੰਚੇ। ਇਸ ਮੌਕੇ ਨਸ਼ਿਆਂ ’ਤੇ ਚੋਟ ਕਰਦਾ ਨਾਟਕ ਮਿੱਟੀ ਰੁਦਨ ਕਰੇ ਖੇਡਿਆ ਗਿਆ, ਜਿਨ੍ਹਾਂ ਨੇ ਦਰਸ਼ਕਾਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ। ਇਸ ਮੌਕੇ ਡੀਆਈਜੀ ਮਨਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਕਿਹਾ ਕਿ ਜੇਕਰ ਨਸ਼ੇ ਦਾ ਜੜੋਂ ਖਾਤਮਾ ਕਰਨਾ ਹੈ ਤਾਂ ਉਨ੍ਹਾਂ ਨੂੰ ਵੀ ਨਸ਼ਾ ਤਸਕਰਾਂ ਖਿਲਾਫ਼ ਪੁਲਿਸ ਨੂੰ ਸੂਚਨਾ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਦੌਰਾਨ ਨਸ਼ਿਆਂ ਖਿਲਾਫ਼ 113 ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਪਾਏ ਮਤਿਆਂ ਦੀ ਸ਼ਲਾਘਾ ਕਰਦਿਆਂ ਡੀਆਈਜੀ ਸਿੱਧੂ ਨੇ ਕਿਹਾ ਕਿ ਇਹ ਬਰਨਾਲਾ ਪੁਲਿਸ ਦੀ ਨਸ਼ਿਆਂ ਵਿਰੁੱਧ ਵੱਡੀ ਸਫਲਤਾ ਹੈ, ਜਿਸਨੇ ਆਮ ਲੋਕਾ ਨੂੰ ਇਸ ਲਹਿਰ ’ਚ ਸ਼ਾਮਲ ਕਰਨ ’ਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਮੌਕੇ ਉਨ੍ਹਾਂ ਪੁਲਿਸ ਅਤੇ ਫੌਜ ਦੇ ਵਿਵਾਦ ’ਤੇ ਬਿਨਾ ਨਾਮ ਲਏ ਬੋਲਦਿਆਂ ਕਿਹਾ ਕਿ ਪੰਜਾਬ ਅਤੇ ਫੌਜ ਇਕੋ ਹੀ ਹਨ, ਮੇਰਾ ਵੀ ਪਰਿਵਾਰਕ ਪਿਛੋਕੜ ਫੌਜ ਨਾਲ ਸਬੰਧ ਰੱਖਦਾ ਹੈ, ਸੋਸ਼ਲ ਮੀਡੀਆ ਤੇ ਲੋਕ ਫੌਜ ਅਤੇ ਪੁਲਿਸ ਨੂੰ ਟਰੋਲ ਕਰ ਰਹੇ ਹਨ, ਜੋ ਕਿ ਆਪਸੀ ਸਬੰਧਾਂ ਵਿੱਚ ਟਕਰਾਅ ਪੈਦਾ ਕਰਦਾ ਹੈ। ਇਸ ਮੌਕੇ ਡੀਆਈਜੀ ਸਿੱਧੂ ਨੇ ਐਸਐਸਪੀ ਸਰਫਰਾਜ ਆਲਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਆਲਮ ਸਾਹਿਬ ਬਹੁਤ ਵਧੀਆਂ ਕਾਬਿਲ ਅਫਸਰ ਹਨ, ਹਰੇਕ ਪੰਚਾਇਤ ਕਲੱਬ ਕਮੇਟੀਆਂ ਕੋਲ ਪਹੁੰਚ ਕਰਕੇ ਨਸ਼ੇ ਨੂੰ ਨੱਥ ਪਾ ਰਹੇ ਹਨ। ਜੇਕਰ ਆਮ ਲੋਕ ਪੁਲਿਸ ਦਾ ਸਹਿਯੋਗ ਦੇਣ ਤਾਂ ਨਸ਼ਿਆਂ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ। ਇਸ ਦੌਰਾਨ ਪੰਜਾਬੀ ਅਦਾਕਾਰ ਰੁਪਿੰਦਰ ਰੂਪੀ ਅਤੇ ਸਰਦਾਰ ਸੋਹੀ ਨੇ ਵੀ ਕਿਹਾ ਕਿ ਸਾਨੂੰ ਸਰਕਾਰ ਦੇ ਇਸ ਉਪਰਾਲੇ ਵਿੱਚ ਸਭ ਨੂੰ ਵੱਧ ਚੜ ਕੇ ਸਾਥ ਦੇਣਾ ਚਾਹੀਦਾ ਹੈ। ਇਸ ਵਿਚ 800 ਤੋਂ ਜ਼ਿਆਦਾ ਸ਼ਹਿਰ ਬਰਨਾਲਾ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਸਮੂਲੀਅਤ ਕੀਤੀ। ਜਿਸ ਵਿਚ ਪੰਚਾਇਤਾਂ, ਸ਼ਹਿਰੀ ਲੋਕਲ ਬਾਡੀ ਮੈਂਬਰ, ਪਿੰਡਾਂ ਦੀਆਂ ਸੁਰੱਖਿਆ ਕਮੇਟੀਆਂ, ਵਪਾਰ ਮੰਡਲ, ਆੜਤੀਆ ਐਸੋਸੀਏਸ਼ਨ ਅਤੇ ਬਰਨਾਲਾ ਦੀ ਸਮੁਚੀ ਪ੍ਰੈਸ ਸ਼ਾਮਿਲ ਸੀ। ਇਸ ਮੌਕੇ ਐਸਪੀ ਸੰਦੀਪ ਸਿੰਘ, ਐੱਸ ਪੀ ਸੌਰਵ ਕੁਮਾਰ, ਡੀ ਐਸ ਪੀ ਸਤਵੀਰ ਸਿੰਘ ਬੈਂਸ, ਡੀ ਐਸ ਪੀ ਰਜਿੰਦਰ ਸਿੰਘ, ਡੀਐਸਪੀ ਗੁਰਵਿੰਦਰ ਸਿੰਘ, ਡੀਐਸਪੀ ਬਲਜੀਤ ਸਿੰਘ ਢਿੱਲੋਂ, ਸੀਆਈ ਸਟਾਫ਼ ਦੇ ਇੰਚਾਰਜ ਬਲਜੀਤ ਸਿੰਘ, ਐਸਐਚਓ ਸਿਟੀ ਲਖਵਿੰਦਰ ਸਿੰਘ, ਐਸਐਚਓ ਸਦਰ ਸ਼ੇਰਵਿੰਦਰ ਸਿੰਘ, ਬੱਸ ਸਟੈਂਡ ਚੌਂਕੀ ਦੇ ਇੰਚਾਰਜ ਏਐਸਆਈ ਸਮੇਤ ਸਮੂਹ ਥਾਣਾ ਮੁਖੀ ਹਾਜਰ ਸਨ।