ਕਿਹੋ ਜਿਹਾ ਹੋਵੇ ਜੀਵਨ:ਸੰਜੀਵ ਸਿੰਘ ਸੈਣੀ
ਜ਼ਿੰਦਗੀ ਖ਼ੂਬਸੂਰਤ ਹੈ। ਜ਼ਿੰਦਗੀ ਵਿੱਚ ਹਰ ਪਲ ਦਾ ਆਨੰਦ ਮਾਣੋ।ਹਰ ਇਨਸਾਨ ਵਿੱਚ ਚੰਗੇ ਗੁੱਣ ਵੀ ਹੁੰਦੇ ਹਨ, ਤੇ ਮਾੜੇ ਗੁੱਣ ਵੀ ਹੁੰਦੇ ਹਨ। ਮਨੁੱਖ ਗਲਤੀਆਂ ਦਾ ਪੁਤਲਾ ਹੈ।ਹਰ ਇਨਸਾਨ ਵਿੱਚ ਕੋਈ ਨਾ ਕੋਈ ਕਾਬਲੀਅਤ ਹੁੰਦੀ ਹੈ। ਆਪਣੀ ਕਾਬਲੀਅਤ ਨੂੰ ਦੂਜਿਆਂ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ। ਹਰ ਇਨਸਾਨ ਦਾ ਆਪਣੇ ਆਪ ਨੂੰ ਪੇਸ਼ ਕਰਨ ਦਾ ਵੱਖ-ਵੱਖ ਨਜ਼ਰੀਆ ਹੁੰਦਾ ਹੈ। ਕੋਈ ਇਨਸਾਨ ਮੈਡੀਕਲ ਖੇਤਰ ਵਿਚ ਜਾਂਦਾ ਹੈ, ਕੋਈ ਇੰਜੀਨੀਅਰ, ਕੋਈ ਖਿਡਾਰੀ ,ਕੋਈ ਕਾਨੂੰਨ ,ਕੋਈ ਏਅਰ ਫੋਰਸ,ਆਰਮੀ ਕੋਈ ਵਿਦੇਸ਼। ਕਹਿਣ ਦਾ ਮਤਲਬ ਇਹ ਕਿ ਜਿਹੜੇ ਖੇਤਰ ਵਿੱਚ ਇਨਸਾਨ ਦੀ ਦਿਲਚਸਪੀ ਹੁੰਦੀ ਹੈ, ਉਸ ਖੇਤਰ ਵਿਚ ਜਾਂਦਾ ਹੈ । ਕਿਸੇ ਦਾ ਡਰਾਇੰਗ, ਪੇਂਟਿੰਗ ਕਰਨ ਦਾ ਸ਼ੌਕ ਹੁੰਦਾ ਹੈ। ਆਪਣੇ ਹੁਨਰ ਨੂੰ ਦੂਜਿਆਂ ਸਾਹਮਣੇ ਜਰੂਰ ਉਜਾਗਰ ਕਰਨਾ ਚਾਹੀਦਾ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵਿਅਕਤੀ ਦੇ ਅੰਦਰ ਕਿਸੇ ਵੀ ਤਰ੍ਹਾਂ ਦਾ ਹੁਨਰ ਹੈ, ਉਸ ਮੁਤਾਬਕ ਉਸ ਨੂੰ ਮਿਹਨਤ,ਯਤਨ ਜ਼ਰੂਰ ਕਰਨੇ ਚਾਹੀਦੇ ਹਨ। ਆਪਣੇ ਅੰਦਰ ਜ਼ਰੂਰ ਝਾਤੀ ਮਾਰ ਲੈਣੀ ਚਾਹੀਦੀ ਹੈ। ਸਵੈ ਪੜਚੋਲ ਕਰਨਾ ਚਾਹੀਦਾ ਹੈ। ਜਿੰਨਾ ਵੀ ਸਾਡੇ ਕੋਲ ਹੈ ,ਉਸ ਵਿੱਚ ਸਬਰ ਸੰਤੋਖ ਕਰਨਾ ਚਾਹੀਦਾ ਹੈ। ਆਪਣੀ ਥੱਲੇ ਵੀ ਝਾਤੀ ਮਾਰ ਕੇ ਦੇਖੋ ,ਜਿਨ੍ਹਾਂ ਕੋਲ ਰਹਿਣ ਲਈ ਘਰ ਤੱਕ ਵੀ ਨਹੀਂ ਹਨ। ਹਰ ਛੋਟੀ ਛੋਟੀ ਗੱਲ ਤੇ ਗਿਲਾ ਸ਼ਿਕਵਾ ਨਹੀਂ ਕਰਨਾ ਚਾਹੀਦਾ। ਪਰਮਾਤਮਾ ਦਾ ਹਮੇਸ਼ਾਂ ਸ਼ੁਕਰਗੁਜ਼ਾਰ ਕਰੋ। ਅਕਸਰ ਅਸੀ ਦੇਖਦੇ ਹਾਂ ਕਿ ਵੱਡੇ ਸ਼ਹਿਰਾਂ ਵਿੱਚ ਕਈ ਗਰੀਬ ਪਰਿਵਾਰ ਵੱਡੇ-ਵੱਡੇ ਪਾਈਪਾਂ ਵਿੱਚ ਰਹਿੰਦੇ ਹਨ। ਜਾਂ ਜੋ ਝੂੰਗੀ , ਝੋਪੜੀਆਂ ਵਾਲੇ ਹੁੰਦੇ ਹਨ ਉਹ ਹਰ ਰੋਜ ਕਮਾਉਂਦੇ ਹਨ। ਫਿਰ ਵੀ ਉਹਨਾਂ ਦੇ ਚਿਹਰੇ ਤੇ ਖੁਸ਼ੀ ਹੁੰਦੀ ਹੈ ।ਉਹ ਵਰਤਮਾਨ ਬਾਰੇ ਸੋਚਦੇ ਹਨ। ਭਵਿੱਖ ਦੀ ਬਿਲਕੁਲ ਵੀ ਫ਼ਿਕਰ ਨਹੀਂ ਕਰਦੇ।
ਅੱਜ ਦੇ ਜ਼ਮਾਨੇ ਵਿਚ ਪੈਸੇ ਦੀ ਹੋੜ੍ਹ ਜ਼ਿਆਦਾ ਹੈ। ਭਰਾ-ਭਰਾ ਦਾ ਦੁਸ਼ਮਣ ਹੈ। ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਬਿਲਕੁਲ ਵੀ ਨਹੀਂ ਹੈ।ਅੱਜ ਦਾ ਇਨਸਾਨ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੇ ਲੱਗਾ ਹੋਇਆ ਹੈ। ਜ਼ਮੀਨ ਜਾਇਦਾਦਾਂ ਕਰਨ ਇੱਕ-ਦੂਜੇ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਜਾਂਦਾ ਹੈ। ਰਿਸ਼ਤਿਆਂ ਦਾ ਘਾਣ ਹੋ ਚੁੱਕਿਆ ਹੈ। ਅਸੀਂ ਸੰਸਾਰ ਨਾਲ ਜੁੜਦੇ ਹਾਂ, ਪਰ ਖੁਦ ਨਾਲੋਂ ਕੱਟੇ ਜਾਂਦੇ ਹਾਂ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਬਦਲੋ ।ਘਰ ਵਿਚ ਸ਼ਾਂਤੀ ਦਾ ਮਾਹੌਲ ਰੱਖੋ। ਖੁਸ਼ੀ ਆਪਣੇ ਅੰਦਰੋਂ ਲੱਭੋ।ਕੋਈ ਵੀ ਚੰਗੇ ਕੰਮ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਹੀ ਹੁੰਦੀ ਹੈ। ਜੇ ਅਸੀਂ ਆਪਣੇ ਆਪ ਨੂੰ ਬਦਲਾਂਗੇ ,ਤਾਂ ਸਾਡੀ ਦੇਖਾਦੇਖੀ ਵਿੱਚ ਪਰਿਵਾਰਿਕ ਮੈਂਬਰ , ਦੋਸਤ ਆਪਣੇ ਆਪ ਨੂੰ ਬਦਲਣਗੇ। ਸਾਰਿਆਂ ਦੀ ਤਰੱਕੀ ਨੂੰ ਦੇਖ ਕੇ ਖ਼ੁਸ਼ ਹੋਵੋ। ਕਿਸੇ ਪ੍ਰਤੀ ਆਪਣੇ ਦਿਲ ਅੰਦਰ ਨਫਰਤ ਨਾ ਰੱਖੋ। ਮਤਲਬ ਦੀ ਦੋਸਤੀ ਨਾ ਰੱਖੋ। ਜਿਸ ਨੂੰ ਆਪਣਾ ਦੋਸਤ ਬਣਾਇਆ ਹੈ, ਉਸ ਨਾਲ ਦੋਸਤੀ ਦੇ ਫਰਜ਼ ਅਦਾ ਕਰੋ। ਉਸ ਦੋਸਤ ਦੀ ਕਿਤੇ ਵੀ ਨਿੰਦਾ ਚੁਗਲੀ ਨਾ ਕਰੋ । ਦੋਸਤ ਦੇ ਦੁੱਖ-ਸੁੱਖ ਵਿਚ ਸ਼ਰੀਕ ਹੋਵੋ।
ਜੇ ਤੁਹਾਨੂੰ ਅਸਫ਼ਲਤਾ ਮਿਲੀ ਹੈ, ਤਾਂ ਗਲਤੀਆਂ ਤੋਂ ਸਿੱਖੋ। ਗਲਤੀਆਂ ਨੂੰ ਨਾ ਦੋਹਰਾਓ। ਟੀਚਾ ਹਾਸਿਲ ਕਰਨ ਲਈ ਮਿਹਨਤ ਕਰਨੀ ਪੈਣੀ ਹੈ। ਨਕਰਾਤਮਕ ਲੋਕਾਂ ਸੰਗ ਦੋਸਤੀ ਨਾ ਕਰੋ। ਹਮੇਸ਼ਾ ਚੰਗਾ ਸੋਚੋ। ਘਰ ਵਿਚ ਕਈ ਵਾਰ ਮਨ ਮੁਟਾਵ ਵੀ ਹੋ ਜਾਂਦਾ ਹੈ ।ਕੋਈ ਅਜਿਹਾ ਗਲਤ ਕਦਮ ਨਾ ਚੁੱਕੋ ਜਿਸ ਨਾਲ ਪਰਿਵਾਰ ਨੂੰ ਸ਼ਰਮਿੰਦਾ ਹੋਣਾ ਪਵੇ। ਸਕਾਰਾਤਮਕ ਸੋਚ ਰੱਖੋ। ਚੰਗੇ ਲੋਕਾਂ ਦੀ ਜੀਵਨੀ ਪੜ੍ਹੋ,ਜਿਸ ਨਾਲ ਜੀਵਨ ਨੂੰ ਸੇਧ ਮਿਲੇ। ਜੇ ਕਿਸੇ ਕੰਮ ਨੂੰ ਕਰਦੇ ਹੋਏ ਖੁਸ਼ੀ ਨਾ ਮਿਲੇ ਤਾਂ ਉਸ ਨੂੰ ਸਾਰਥਕ ਬਣਾਉਣ ਦਾ ਤਰੀਕਾ ਲਭੋ। ਲੋੜਵੰਦਾਂ ਦੀ ਮਦਦ ਕਰੋ। ਹਮੇਸ਼ਾ ਚੰਗਾ ਸੋਚੋ। ਕਿਸੇ ਨੂੰ ਬੇਵਜ੍ਹਾ ਤੰਗ ਨਾ ਕਰੋ। ਜੇ ਅਸੀਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਹਾਂ ਤਾਂ ਤਕਲੀਫ਼ ਤਾਂ ਸਾਨੂੰ ਵੀ ਹੁੰਦੀ ਹੈ। ਜੇ ਅਸੀਂ ਆਪਣੀ ਸਮਰਥਾ ਅਤੇ ਦਿਲਚਸਪੀ ਮੁਤਾਬਕ ਅੱਗੇ ਵਧਾਂਗੇ, ਤਾਂ ਸਫ਼ਲਤਾ ਵੀ ਜ਼ਰੂਰ ਮਿਲੇਗੀ।
ਸੰਜੀਵ ਸਿੰਘ ਸੈਣੀ