ਜ਼ਿੰਦਗੀ ਇੱਕ ਕਲਾ ਹੈ। ਜ਼ਿੰਦਗੀ ਤੋਂ ਬਹੁਤ ਕੁਝ ਸਿੱਖੋ। ਜ਼ਿੰਦਗੀ ਸਾਨੂੰ ਜੀਵਨ ਜੀਣ ਦਾ ਢੰਗ ਸਿਖਾਉਂਦੀ ਹੈ। ਜ਼ਿੰਦਗੀ ਨੂੰ ਵਧੀਆ ਨਿਖਾਰਨ ਲਈ ਇੱਕ ਉਦੇਸ਼ ਰੱਖੋ। ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ ਸਕਦੇ ਹਨ ।ਕਈ ਲੋਕ ਸੋਚਦੇ ਹਨ ਕਿ ਮੈਂ ਵੱਡੀ ਗੱਡੀ ਲੈ ਲਈ ਜਾਂ ਮੈਂ ਬਹੁਤ ਜ਼ਿਆਦਾ ਜ਼ਮੀਨ ਖਰੀਦ ਲਈ ਜਾਂ ਮੈਂ ਚਾਰ ਪੰਜ ਕੋਠੀਆਂ ਬਣਾ ਲਈਆਂ ਜਾਂ ਮੇਰੀ ਸ਼ਹਿਰ ਵਿੱਚ ਬਹੁਤ ਜ਼ਿਆਦਾ ਪ੍ਰਾਪਰਟੀ ਹੈ । ਉਹ ਇਸੇ ਨੂੰ ਆਪਣੀ ਜ਼ਿੰਦਗੀ ਦਾ ਟੀਚਾ ਸਮਝਦੇ ਹਨ ,ਪਰ ਇਹ ਕਦੇ ਵੀ ਜ਼ਿੰਦਗੀ ਦਾ ਉਦੇਸ਼ ਨਹੀਂ ਹੋ ਸਕਦਾ ।ਜ਼ਿੰਦਗੀ ਵਿੱਚ ਹਰ ਇਨਸਾਨ ਦਾ ਉਦੇਸ਼ ਹੁੰਦਾ ਹੈ ਕਿ ਜ਼ਿੰਦਗੀ ਵਿੱਚ ਉਸ ਦਾ ਬਹੁਤ ਹੀ ਵਧੀਆ ਤੇ ਉੱਚਾ ਟੀਚਾ ਹੋਵੇ। ਹਰ ਇੱਕ ਦਿਨ ਨਵੀਂ ਉਮੀਦ ਲੈ ਕੇ ਆਉਂਦਾ ਹੈ। ਹਰ ਇੱਕ ਦਿਨ ਨੂੰ ਵਧੀਆ ਜੀਓ । ਜ਼ਿੰਦਗੀ ਵਿੱਚ ਬਹੁਤ ਵਾਰ ਅਸਫਲਤਾਵਾਂ ਮਿਲਦੀਆਂ ਹਨ । ਕਦੇ ਵੀ ਉਦਾਸ ਨਾ ਹੋਵੋ। ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ। ਸਾਡੀ ਕਿਹੜੀ ਅਜਿਹੀ ਗਲਤੀ ਸੀ ਜਿਹੜੀ ਸਾਨੂੰ ਆਪਣੇ ਟੀਚੇ ਤੇ ਨਹੀਂ ਪਹੁੰਚਾ ਸਕੀ ।ਫਿਰ ਸੰਘਰਸ਼ ਕਰੋ। ਫਿਰ ਸਫ਼ਲਤਾ ਤੁਹਾਡੇ ਇੱਕ ਦਿਨ ਪੈਰ ਜ਼ਰੂਰ ਚੁੰਮੇਗੀ। ਮਿਹਨਤ ਕਰਦੇ ਰਹੋ, ਫ਼ਲ ਦੀ ਇੱਛਾ ਨਾ ਕਰੋ।ਜੇ ਹਰ ਇੱਕ ਕੰਮ ਵਿੱਚ ਅਸਫ਼ਲਤਾ ਮਿਲ ਰਹੀ ਹੈ ਤਾਂ ਕਦੇ ਵੀ ਨਾ ਘਬਰਾਓ । ਅਗਲੀ ਵਾਰ ਫਿਰ ਕੋਸ਼ਿਸ਼ ਕਰੋ। ਅਸਫ਼ਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ। ਅਕਸਰ ਸਿਆਣੇ ਕਹਿੰਦੇ ਵੀ ਹਨ ਕਿ ਕਈ ਵਾਰ ਜਿੰਦਰਾ ਆਖ਼ਰੀ ਚਾਬੀ ਨਾਲ ਖੁੱਲਦਾ ਹੈ। ਜ਼ਿੰਦਗੀ ਵਿੱਚ ਚਾਹੇ ਕੋਈ ਵੀ ਸਪਨਾ ਹੋਵੇ ਸਿਵਲ ਅਧਿਕਾਰੀ ਬਣਨਾ, ਪਾਇਲਟ ਜਾਂ ਆਰਮੀ ਚ ਜਾਣਾ, ਪਹਿਲੀ ਵਾਰ ਬਹੁਤ ਘੱਟ ਮੌਕੇ ਹੁੰਦੇ ਹਨ ਕਿ ਚੋਣ ਹੋ ਜਾਵੇ। ਜੇ ਚੋਣ ਨਹੀਂ ਹੁੰਦੀ ਤਾਂ ਘਬਰਾਓ ਨਹੀਂ। ਤੁਹਾਨੂੰ ਹਰ ਵਾਰ ਤਜ਼ਰਬਾ ਹੀ ਮਿਲਦਾ ਹੈ।ਗਲਤੀਆਂ ਨੂੰ ਸੁਧਾਰੋ ,ਦੁਬਾਰਾ ਤਿਆਰੀ ਕਰੋ। ਜ਼ਿੰਦਗੀ ਇੱਥੇ ਹੀ ਖਤਮ ਨਹੀਂ ਹੁੰਦੀ। ਦਰੱਖਤਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪੱਤਝੜ ਵਿੱਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ ।ਅਤੇ ਰੁੱਖ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ ।ਤਾਂ ਕਿ ਉਹ ਰਾਹਗੀਰਾਂ ਨੂੰ ਛਾਂ ਦੇ ਸਕਣ । ਕਿੰਨੀਆਂ ਹੀ ਉਦਾਹਰਨਾਂ ਸਾਨੂੰ ਮਿਲ ਜਾਂਦੀਆਂ ਹਨ। ਜਿਵੇਂ ਇਬ੍ਰਾਹਿਮ ਲਿੰਕਨ ,ਐਡੀਸ਼ਨ ਜਿਨ੍ਹਾਂ ਨੇ ਗ਼ਰੀਬੀ ਦਾ ਸਾਹਮਣਾ ਕਰਕੇ ਸਫਲਤਾ ਪ੍ਰਾਪਤ ਕੀਤੀ ਤੇ ਆਪਣਾ ਨਾਮ ਰੌਸ਼ਨ ਕੀਤਾ। ਪਿਛਲੇ ਵਰ੍ਹੇ ਬਾਰਾਂ ਸਾਲ ਦੀ ਕਾਮਿਆਂ ਜਿਸ ਨੇ ਦੱਖਣੀ ਅਮਰੀਕਾ ਦੀ ਚੋਟੀ ਸਰ ਕੀਤੀ ,ਦੁਨੀਆਂ ਵਿੱਚ ਉਸ ਨੇ ਆਪਣਾ ਨਾਮ ਕਮਾਇਆ। ਕੇਰਲਾ ਦੀ ਇੱਕ ਸੌ ਪੰਜ ਸਾਲਾਂ ਦੀ ਭਾਗੀਰਥੀ ਅੰਮਾਂ ਨੇ ਦਰਜਾ ਚਾਰ ਦਾ ਪੇਪਰ ਪਾਸ ਕਰਕੇ ਨੌਕਰੀ ਹਾਸਲ ਕੀਤੀ ਸੀ।ਭਾਗੀਰਥੀ ਅੰਮਾ ਦਾ ਜੀਵਨ ਬਹੁਤ ਹੀ ਗਰੀਬੀ ਵਿੱਚ ਬੀਤਿਆ ਸੀ। ਪਿਛਲੇ ਸਾਲ ਉਸ ਦੀ ਮੌਤ ਹੋ ਚੁੱਕੀ ਹੈ।ਉਸ ਨੇ ਮੁਸੀਬਤਾਂ ਦਾ ਡੱਟ ਕੇ ਸਾਹਮਣਾ ਕੀਤਾ, ਅਜਿਹੀਆਂ ਉਦਾਹਰਨਾਂ ਹੀ ਸਾਨੂੰ ਮੰਜ਼ਿਲ ਵੱਲ ਵੱਧਣ ਲਈ ਪ੍ਰੇਰਿਤ ਕਰਦੀਆਂ ਹਨ। ਹਾਲ ਹੀ ਵਿੱਚ ਕੇਰਲ ਵਿੱਚ ਪੈਦਾ ਹੋਏ ਸੁਰੇਂਦਰਨ ਕੇ ਪਟੇਲ ਜਿਸ ਨੇ ਗਰੀਬੀ ਕਰਕੇ ਸਕੂਲ ਛੱਡਿਆ ਸੀ। ਬੀੜੀਆਂ ਬਣਾਈਆਂ ਸਨ, ਅੱਜ ਅਮਰੀਕਾ ਵਿੱਚ ਜੱਜ ਬਣਿਆਂ। ਸਹੁੰ ਚੁੱਕ ਸਮਾਗਮ ਤੋਂ ਬਾਅਦ ਉਸ ਨੇ ਉੱਥੇ ਆਪਣੀ ਗਰੀਬੀ ਅਤੇ ਸੰਘਰਸ਼ ਦੀ ਗਾਥਾ ਸੁਣਾਈ। ਸਲਾਮ ਅਜਿਹੇ ਜਜ਼ਬੇ ਨੂੰ। ਹਾਲਾਤਾਂ ਦਾ ਸਾਹਮਣਾ ਕਰਦੇ ਕਰਦੇ ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ। ਹਾਊਸਕੀਪਰ ਵਜੋਂ ਵੀ ਇਸ ਸ਼ਖਸ਼ੀਅਤ ਨੇ ਕੰਮ ਕੀਤਾ। ਹਾਲ ਹੀ ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਦਾ ਨਤੀਜਾ ਘੋਸ਼ਿਤ ਕੀਤਾ ਗਿਆ। ਵਿਕਲਾਂਗ ਉਮੀਦਵਾਰਾਂ ਨੇ ਪ੍ਰੀਖਿਆ ਤੱਕ ਪਾਸ ਕਰ ਲਈ। ਕਿਉਂਕਿ ਉਨ੍ਹਾਂ ਦੇ ਅੰਦਰ ਜਜ਼ਬਾ ਸੀ ,ਜਨੂੰਨ ਸੀ। ਲੋਕਾਂ ਦੀ ਕਦੇ ਵੀ ਪ੍ਰਵਾਹ ਨਾ ਕਰੋ। ਲੋਕਾਂ ਨੂੰ ਆਪਣਾ ਕੰਮ ਕਰਨ ਦੋਵੇਂ । ਤੁਸੀਂ ਆਪਣੀ ਮਿਹਨਤ ਕਰਦੇ ਰਹੋ। ਸਫ਼ਲ ਹੋਏ ਵਿਅਕਤੀਆਂ ਦੀ ਜੀਵਨੀ ਪੜ੍ਹੋ ।ਉਨ੍ਹਾਂ ਨੇ ਸਫ਼ਲਤਾ ਕਿਵੇਂ ਹਾਸਲ ਕੀਤੀ ।ਦੁੱਖ ਸੁੱਖ ਤਾਂ ਆਉਂਦੇ ਰਹਿੰਦੇ ਹਨ ।ਆਪਣੀ ਜ਼ਿੰਦਗੀ ਵਿੱਚ ਸੰਘਰਸ਼ ਕਰਦੇ ਰਹੋ। ਮੁਕਾਬਲੇ ਦੀ ਪ੍ਰੀਖਿਆਵਾਂ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ।ਹਮੇਸ਼ਾ ਪ੍ਰਮਾਤਮਾ ਦਾ ਸ਼ੁਕਰ ਕਰੋ। ਜਿੱਥੇ ਹੋ ਸਕੇ ਜਾਂ ਮੌਕਾ ਮਿਲੇ ਆਪਣੇ ਗੁਣਾਂ ਨੂੰ ਦੂਜਿਆਂ ਸਾਹਮਣੇ ਰੱਖੋ ।ਆਪਣੀ ਕਾਬਲੀਅਤ ਨੂੰ ਪੇਸ਼ ਕਰੋ। ਜੋ ਲੋਕ ਸਮੁੰਦਰ ਵਿੱਚੋਂ ਹੀਰੇ ਮੋਤੀ ਚੁਣਦੇ ਹਨ, ਉਹ ਸਫ਼ਲਤਾ ਨੂੰ ਇੱਕ ਦਿਨ ਪ੍ਰਾਪਤ ਕਰਦੇ ਹਨ। ਜਦੋਂ ਤੁਸੀਂ ਟੀਚੇ ਤੇ ਪੁੱਜ ਜਾਂਦੇ ਹੋ, ਉਹੀ ਜ਼ਿੰਦਗੀ ਦਾ ਮਹੱਤਵਪੂਰਨ ਸਮਾਂ ਜ਼ਿੰਦਗੀ ਦਾ ਉਦੇਸ਼ ਹੁੰਦਾ ਹੈ ।ਕਦੇ ਵੀ ਝੂਠ ਦਾ ਸਹਾਰਾ ਨਾ ਲਵੋ ।ਜੇ ਝੂਠ ਬੋਲਦੇ ਰਹਾਂਗੇ ਤਾਂ ਸਾਡਾ ਟੀਚਾ ਪੂਰਨ ਨਹੀਂ ਹੋਵੇਗਾ ।ਆਪਣੇ ਮਨਚਾਹੇ ਟੀਚੇ ਤੱਕ ਮਿਹਨਤ ਨਾਲ ਪੁੱਜਣਾ ਹੀ ਤਰੱਕੀ ਹੈ । ਰਾਤਾਂ ਕਾਲੀਆਂ ਕਰਨੀਆਂ ਪੈਂਦੀਆਂ ਹਨ।ਕਾਰਾਂ ਕੋਠੀਆਂ ਬੰਗਲੇ ਇਹ ਕੋਈ ਤਰੱਕੀ ਨਹੀਂ ਹੈ। ਜੇ ਤੁਸੀਂ ਜ਼ਿੰਦਗੀ ਵਿੱਚ ਆਪਣਾ ਉਦੇਸ਼ ਹਾਸਲ ਕਰ ਲਿਆ ,ਉਹੀ ਤਰੱਕੀ ਹੈ । ਜਦੋਂ ਵੀ ਮਾੜਾ ਸਮਾਂ ਆਉਂਦਾ ਘਬਰਾਓ ਨਾ ।ਕਈ ਵਾਰ ਕਹਿੰਦੇ ਹਨ ਕਿ ਸਮਾਂ ਸਾਡੀ ਗਵਾਹੀ ਦਿੰਦਾ ਹੈ। ਲੋਕਾਂ ਦਾ ਕੰਮ ਬੋਲਣਾ ਹੁੰਦਾ ਹੈ । ਜਦੋਂ ਸਮਾਂ ਆਉਂਦਾ ਹੈ ਤਾਂ ਉਹੀ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਹਨ। ਉਹਨਾਂ ਦਾ ਜੋ ਕੰਮ ਉਹਨਾਂ ਨੂੰ ਕਰਨ ਦਿਓ।ਤੁਸੀਂ ਆਪਣਾ ਕੰਮ ਕਰਦੇ ਰਹੋ ।ਤਾਂ ਹੀ ਤੁਸੀਂ ਵਧੀਆ ਟੀਚਾ ਹਾਸਿਲ ਕਰੋਗੇ ।ਇਹੀ ਜ਼ਿੰਦਗੀ ਦਾ ਨਿਚੋੜ ਹੈ, ਤਾਂ ਹੀ ਜ਼ਿੰਦਗੀ ਖ਼ੂਬਸੂਰਤ ਬਣ ਸਕਦੀ ਹੈ ।
ਸੰਜੀਵ ਸਿੰਘ ਸੈਣੀ