ਜੂਨੀਅਰ ” ਫ਼ਿਲਮ ਨਾਲ ਨਵੀਂ ਪੁਲਾਂਘ ਪੁਟੇਗਾ
‘ਅਮੀਕ ਵਿਰਕ’
-ਅਮੀਕ ਵਿਰਕ ਪੰਜਾਬੀ ਸਿਨਮਾ ਦਾ ਉਹ ਅਦਾਕਾਰ ਹੈ ਜੋ ਰਾਤੋਂ ਰਾਤ ਸਟਾਰ ਬਣਨ ਦੀ ਥਾਂ
ਸਿੱਖਦੇ ਹੋਏ ਪੌੜੀ ਦਰ ਪੌੜੀ ਮੰਜਿਲ ਵੱਲ ਵਧਣ ਵਿੱਚ ਵਿਸ਼ਵਾਸ ਰੱਖਦੇ ਹਨ।ਪਿਛਲੇ ਦਿਨੀਂ
ਆਈ ਬਹੁ-ਚਰਚਿਤ ਫਿਲਮ “ਮੌੜ” ਵਿੱਚ ਅੰਗਰੇਜ਼ ਪੁਲਿਸ ਅਫ਼ਸਰ ਹਰਟਨ ਦਾ ਕਿਰਦਾਰ
ਨਿਭਾਕੇ ਸਭ ਨੂੰ ਦੰਗ ਕਰਨ ਵਾਲੇ ਅਮੀਕ ਵਿਰਕ ਹੁਣ ਪੰਜਾਬੀ ਫ਼ਿਲਮ “ ਜੂਨੀਅਰ ” ਵਿੱਚ
ਬਤੌਰ ਹੀਰੋ ਨਜ਼ਰ ਆਉਣਗੇ। ਪੰਜਾਬੀ ਸਿਨਮਾ ਵਿੱਚ ਇੱਕ ਨਵਾਂ ਅਧਿਆਇ ਲਿਖਣ ਦਾ ਦਮ
ਰੱਖਦੀ ਇਸ ਐਕਸ਼ਨ ਤੇ ਡਰਾਮਾ ਫਿਲਮ ਲਈ ਅਮੀਕ ਨੇ ਲਗਾਤਾਰ ਦੋ ਸਾਲ ਸਖ਼ਤ ਮਿਹਨਤ
ਕੀਤੀ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਇਹ ਫ਼ਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਹਰ
ਪਾਸੇ ਚਰਚਾ ਵਿੱਚ ਹੈ।
18 ਅਗਸਤ ਨੂੰ ਰਿਲੀਜ਼ ਹੋ ਰਹੀ ਇਸ ਫ਼ਿਲਮ ਬਾਰੇ ਅਮੀਕ ਦੱਸਦੇ ਹਨ ਕਿ ਇਸ ਫ਼ਿਲਮ ਨੂੰ
ਬਣਨ ਵਿੱਚ ਭਾਵੇਂ ਦੋ ਸਾਲ ਲੱਗੇ ਹਨ ਪਰ ਇਸ ਦੀ ਤਿਆਰੀ ਉਹ ਕਈ ਸਾਲਾਂ ਤੋਂ ਕਰ ਰਹੇ
ਹਨ।
ਰਾਜਧਾਨੀ ਚੰਡੀਗੜ੍ਹ ਦੇ ਜੰਮਪਲ ਤੇ ਚੰਡੀਗੜ੍ਹ ਸਮੇਤ ਅਸਟਰੇਲੀਆ ਤੋਂ ਐਨੀਮੇਸ਼ਨ ਤੇ
ਮਲਟੀਮੀਡੀਆ ਦੀ ਪੜਾਈ ਕਰਨ ਵਾਲੇ ਅਮੀਕ ਵਿਰਕ ਦਾ ਮੁੱਢ ਤੋਂ ਹੀ ਝੁਕਾਅ ਸਿਨਮਾ ਵੱਲ
ਸੀ। ਉਹ ਦੱਸਦੇ ਹਨ ਕਿ ਉਹਨਾਂ ਦਾ ਨਾਨਕਾ ਪਰਿਵਾਰ ਕਲਾ ਨਾਲ ਸਬੰਧ ਰੱਖਦਾ ਹੈ, ਉੱਥੋਂ ਹੀ
ਉਸਨੂੰ ਵੀ ਪਹਿਲਾਂ ਪੇਂਟਿੰਗ ਤੇ ਫਿਰ ਅਦਾਕਾਰੀ ਦੀ ਚੇਟਕ ਲੱਗੀ। ਉਸਨੇ ਆਪਣੇ ਪਰਿਵਾਰ
ਕਾਰੋਬਾਰ ਦੀ ਥਾਂ ਫ਼ਿਲਮ ਜਗਤ ਵਿੱਚ ਕੰਮ ਕਰਨ ਨੂੰ ਪਹਿਲ ਦਿੱਤੀ। ਬਤੌਰ ਅਦਾਕਾਰ ਆਪਣੀ
ਸ਼ੁਰੂਆਤ ਕਰਨ ਤੋਂ ਪਹਿਲਾਂ ਅਮੀਕ ਵਿਰਕ ਨੇ ਪਹਿਲਾਂ ਇਸ ਇੰਡਸਟਰੀ ਨੂੰ ਸਮਝਿਆ ਅਤੇ
ਆਪਣਾ ਪ੍ਰੋਡਕਸ਼ਨ “ ਨਦਰ ਫਿਲਮਸ ” ਖੋਲ੍ਹ ਕੇ “ ਬੰਬੂਕਾਟ ”, “ ਲਹੌਰੀਏ ”, “ ਵੇਖ ਬਰਾਤਾਂ
ਚੱਲੀਆਂ ”, “ ਭਲਵਾਨ ਸਿੰਘ ”, “ ਅਫ਼ਸਰ ” ਅਤੇ “ ਗੋਲਕ ਬੁਗਨੀ ਬੈਂਕ ਤੇ ਬਟੂਆ-1” ਸਮੇਤ
ਕੁਝ ਹੋਰ ਫ਼ਿਲਮਾਂ ਦਾ ਨਿਰਮਾਣ ਕੀਤਾ। ਫ਼ਿਲਮ ਖੇਤਰ ਦਾ ਹਰ ਤਰ੍ਹਾਂ ਦਾ ਤਜਰਬਾ ਹਾਸਲ
ਕਰਨ ਤੋਂ ਬਾਅਦ ਹੀ ਉਹਨਾਂ ਬਤੌਰ ਅਦਾਕਾਰ ਆਪਣੀ ਅਗਲੀ ਪਾਰੀ ਦੀ ਸ਼ੁਰੂਆਤ ਕਰਨ ਦਾ
ਫੈਸਲਾ ਕੀਤਾ। ਹਾਲਹਿ ਵਿੱਚ ਰਿਲੀਜ਼ ਹੋਈ ਨਿਰਦੇਸ਼ਕ ਜਤਿੰਦਰ ਮੌਹਰ ਦੀ ਫ਼ਿਲਮ “ ਮੌੜ ”
ਵਿੱਚ ਅਮੀਕ ਨੇ ਅੰਗਰੇਜ਼ ਪੁਲਿਸ ਅਫ਼ਸਰ ਹਰਟਨ ਦਾ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ।
ਅਮੀਕ ਦੀ ਅੰਗਰੇਜ਼ੀ ਅਤੇ ਪ੍ਰਭਾਵਸ਼ਾਲੀ ਦਿੱਖ ਉਸਦੇ ਸੱਚਮੁੱਚ ਕਿਸੇ ਗੋਰੇ ਪੁਲਿਸ ਅਸਰ ਹੋਣ
ਦਾ ਭੁਲੇਖਾ ਪਾਉਂਦੀ ਸੀ। ਬਹੁਤ ਸਾਰੇ ਲੋਕਾਂ ਨੂੰ ਇਹ ਭਰਮ ਵੀ ਹੋ ਗਿਆ ਹੈ ਕਿ ਉਹ ਕੋਈ
ਹਾਲੀਵੁੱਡ ਦਾ ਅਦਾਕਾਰ ਹੈ। ਅਮੀਕ ਮੁਤਾਬਕ ਇਸ ਫ਼ਿਲਮ ਨੇ ਉਸਨੂੰ ਬਤੌਰ ਅਦਾਕਾਰ ਮੂਹਰੇ
ਲਿਆਂਦਾ ਹੈ। ਹੁਣ 18 ਅਗਸਤ ਨੂੰ ਬਤੌਰ ਹੀਰੋ ਉਸਦੀ ਫਿਲਮ “ ਜੂਨੀਅਰ ” ਰਿਲੀਜ਼
ਹੋਵੇਗੀ। ਇਸ ਫ਼ਿਲਮ ਦੀ ਕਹਾਣੀ ਵੀ ਉਹਨਾਂ ਖੁਦ ਲਿਖੀ ਹੈ। ਨਿਰਦੇਸ਼ਕ ਹਰਮਨ ਢਿੱਲੋਂ ਅਤੇ
ਨਦਰ ਫ਼ਿਲਮਜ਼ ਦੀ ਟੀਮ ਵੱਲੋਂ ਨਿਰਦੇਸ਼ਤ ਕੀਤੀ ਇਹ ਫ਼ਿਲਮ ਪੰਜਾਬ, ਚੰਡੀਗੜ੍ਹ ਦੇ ਨਾਲ
ਨਾਲ ਦੁਨੀਆਂ ਦੇ ਤਿੰਨ ਵੱਖ ਵੱਖ ਮੁਲਕਾਂ ਵਿੱਚ ਫ਼ਿਲਮਾਈ ਗਈ ਹੈ। ਇਸ ਫ਼ਿਲਮ ਵਿੱਚ ਉਹ
ਅਜਿਹੇ ਨੌਜਵਾਨ ਦਾ ਕਿਰਦਾਰ ਨਿਭਾ ਰਹੇ ਜੋ ਕਿਸੇ ਵੇਲੇ ਕਰਾਈਮ ਦੀ ਦੁਨੀਆ ਦਾ ਹਿੱਸਾ ਸੀ।
ਆਮ ਨਾਗਰਿਕ ਵਾਲੀ ਜ਼ਿੰਦਗੀ ਜਿਉਂ ਰਹੇ ਇਸ ਨੌਜਵਾਨ ਦੀ ਜ਼ਿੰਦਗੀ ਵਿੱਚ ਉਦੋਂ ਤਰਥੱਲੀ
ਮੱਚਦੀ ਹੈ ਜਦੋਂ ਉਸਦੀ ਬੱਚੀ ਗਲਤੀ ਨਾਲ ਕੁਝ ਗੈਂਗਸਟਰਾਂ ਦੀ ਗੋਲੀ ਦਾ ਸ਼ਿਕਾਰ ਹੋ ਜਾਂਦੀ ਹੈ।
ਅਮੀਕ ਮੁਤਾਬਕ ਉਹਨਾਂ ਦੀ ਇਹ ਫ਼ਿਲਮ ਆਮ ਪੰਜਾਬੀ ਫ਼ਿਲਮਾਂ ਨਾਲੋਂ ਵੱਖਰੀ ਹੈ। ਫ਼ਿਲਮ ਦੀ
ਸਾਰੀ ਦੀ ਸਾਰੀ ਤਕਨੀਕੀ ਟੀਮ ਸਾਊਥ ਸਿਨਮਾ ਤੇ ਹਾਲੀਵੁੱਡ ਨਾਲ ਸਬੰਧਿਤ ਹੈ। ਫ਼ਿਲਮ ਚ
ਆਮ ਇਨਸਾਨ ਦੀ ਜ਼ਿੰਦਗੀ ਅਤੇ ਕਰਾਈਮ ਦੀ ਦੁਨੀਆਂ ਦਾ ਸੱਚ ਖੂਬਸੂਰਤ ਤਰੀਕੇ ਨਾਲ
ਫ਼ਿਲਮਾਇਆ ਹੈ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਉਸਨੂੰ ਪਹਿਲਾਂ ਖੁਦ ਨੂੰ
ਸਰੀਰਿਕ ਅਤੇ ਮਾਨਸਿਕ ਤੌਰ ਤੇ ਤਿਆਰ ਕਰਨਾ ਪਿਆ। ਇਹ ਫ਼ਿਲਮ ਆਮ ਫ਼ਿਲਮਾਂ ਵਰਗੀ
ਨਹੀਂ ਹੈ ਫ਼ਿਲਮ ਵਿੱਚ ਪੰਜਾਬੀ ਦੇ ਨਾਲ ਨਾਲ ਹਿੰਦੀ, ਅੰਗਰੇਜ਼ੀ ਤੇ ਕੁਝ ਹੋਰ ਭਾਸ਼ਾਵਾਂ ਵੀ ਹਨ
ਜੋ ਵੱਖ ਵੱਖ ਕਿਰਦਾਰਾਂ ਵੱਲੋਂ ਸਮਾਂ, ਸਥਾਨ ਤੇ ਹਾਲਾਤਾਂ ਮੁਤਾਬਕ ਬੋਲੀਆਂ ਗਈਆਂ ਹਨ। ਇਸ
ਲਈ ਇਹ ਫ਼ਿਲਮ ਸਿਰਫ਼ ਪੰਜਾਬੀ ਦੀ ਫ਼ਿਲਮ ਨਾ ਰਹਿ ਕੇ ਪੂਰੇ ਦੇਸ਼ਾਂ ਦੁਨੀਆਂ ਦੀ ਫ਼ਿਲਮ
ਹੋਵੇਗੀ। ਅਮੀਕ ਮੁਤਾਬਕ ਜਿਸ ਤਰ੍ਹਾਂ ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ ਹੁੰਦੀ ਉਸੇ ਤਰ੍ਹਾਂ
ਫ਼ਿਲਮ ਦਾ ਟ੍ਰੇਲਰ ਆਉਣ ਤੋਂ ਬਾਅਦ ਉਹਨਾਂ ਨੂੰ ਫ਼ਿਲਮ ਬਾਰੇ ਜ਼ਿਆਦਾ ਕੁਝ ਬੋਲਣ ਦੀ
ਜ਼ਰੂਰਤ ਨਹੀਂ। ਇਹ ਫ਼ਿਲਮ ਪੰਜਾਬੀ ਸਿਨਮਾ ਦਾ ਇੱਕ ਵੱਖਰਾ ਤੇ ਸਫ਼ਲ ਤਜਰਬਾ ਸਾਬਤ
ਹੋਵੇਗੀ, ਇਸ ਗੱਲ ਦਾ ਉਹਨਾਂ ਨੂੰ ਪੂਰਾ ਭਰੋਸਾ ਹੈ।
-ਮਨਜੀਤ ਕੌਰ ‘ਸੱਪਲ’