ਰਿਸ਼ਤਿਆਂ ਵਿੱਚ ਨਿਘਾਰ
ਪੱਛਮੀ ਬੰਗਾਲ ਵਿੱਚ ਇੱਕ ਪਤੀ ਪਤਨੀ ਦੁਆਰਾ ਆਈਫੋਨ ਦੀ ਖਰੀਦ ਲਈ ਅੱਠ ਮਹੀਨਿਆਂ ਦੇ ਬੱਚੇ ਦਾ ਵੇਚਣਾ ਅਤੇ ਪੰਜਾਬ ਦੇ ਚਮਕੌਰ ਸਾਹਿਬ ਵਿੱਚ ਇੱਕ ਕਲਯੁੱਗੀ ਪਿਤਾ ਦੁਆਰਾ ਚੌਦਾਂ ਮਹੀਨਿਆਂ ਦੀ ਧੀ ਦਾ ਗਲਾ ਘੁੱਟ ਕੇ ਮਾਰ ਦੇਣਾ ਰਿਸ਼ਤਿਆਂ ਵਿੱਚ ਦਿਨੋਂ ਦਿਨ ਆ ਰਹੇ ਨਿਘਾਰ ਵੱਲ ਸੰਕੇਤ ਕਰਦਾ ਹੈ। ਸਹਿਣਸ਼ੀਲਤਾ ਅਤੇ ਅਪਣੱਤ ਇਸ ਕ਼ਦਰ ਹਿੰਸਾ ਦਾ ਰੂਪ ਧਾਰਨ ਕਰ ਚੁੱਕੀ ਹੈ ਕਿ ਵਿਅਕਤੀ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਆਪਣੇ ਵੀ ਹੁਣ ਆਪਣੇ ਨਹੀਂ ਸਗੋਂ ਬੇਗਾਨੇ ਹੋ ਗਏ ਹਨ।ਹੁਣ ਬੇਗਾਨਿਆਂ ਤੋਂ ਨਹੀਂ ਸਗੋਂ ਆਪਣਿਆਂ ਤੋਂ ਖ਼ਤਰਾ ਹੈ।ਪਰਾਏ ਨੁਕਸਾਨ ਕਰਨ ਜਾਂ ਨਾ ਕਰਨ ਪਰ ਸਵਾਰਥ ਅਤੇ ਲਾਲਚ ਦੀ ਚੱਕੀ ਵਿੱਚ ਪਿਸ ਰਿਹਾ ਮਨੁੱਖ ਆਪਣਿਆਂ ਨੂੰ ਹੀ ਸ਼ਿਕਾਰ ਬਣਾਉਣ ਵਿੱਚ ਰੁੱਝਿਆ ਹੋਇਆ ਹੈ। ਰਿਸ਼ਤਿਆਂ ਵਿੱਚ ਆ ਰਹੀ ਦਰਾਰ ਲਈ ਵਧ ਰਹੀਆਂ ਇੱਛਾਵਾਂ ਅਤੇ ਲਾਲਚ ਮੁੱਖ ਤੌਰ ਤੇ ਜਿੰਮੇਵਾਰ ਹੈ। ਲੋੜਾਂ ਤਾਂ ਗਰੀਬ ਤੋਂ ਗਰੀਬ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਹਨ ਪਰ ਇੱਛਾਵਾਂ ਧਨੀ ਤੋਂ ਧਨੀ ਦੀਆਂ ਵੀ ਪੂਰੀਆਂ ਨਹੀਂ ਹੋ ਸਕਦੀਆਂ।ਇਸ ਲਈ ਲਾਲਚ ਅਤੇ ਸਵਾਰਥ ਨੂੰ ਤਿਆਗਦੇ ਹੋਏ ਰਿਸ਼ਤਿਆਂ ਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਪੈਸਾ ਤਾਂ ਦੁਬਾਰਾ ਕਮਾਇਆ ਜਾ ਸਕਦਾ ਹੈ ਪਰ ਰਿਸ਼ਤਿਆਂ ਦੀ ਨਿੱਘ ਮੁੜ ਕੇ ਵਾਪਿਸ ਨਹੀਂ ਆਉਣੀ।
ਰਜਵਿੰਦਰ ਪਾਲ ਸ਼ਰਮਾ