ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੀ ਮਹਿਫਲ ਦੀਆਂ ਖ਼ੁਸ਼ਬੋਆਂ
ਉਜਾਗਰ ਸਿੰਘ
ਪਿੰਡਾਂ ਦੀਆਂ ਸੱਥਾਂ ਦੀਆਂ ਰੌਣਕਾਂ ਅਲੋਪ ਹੋ ਗਈਆਂ ਹਨ। ਆਧੁਨਿਕਤਾ ਦੀ ਪਾਣ ਚੜ੍ਹਨ ਕਰਕੇ ਪੰਜਾਬ ਦੇ ਪਿੰਡਾਂ ਵਿੱਚ ਸੱਥਾਂ ਦੀ
ਪ੍ਰਵਿਰਤੀ ਖ਼ਤਮ ਹੋ ਗਈ ਹੈ। ਕਿਸੇ ਸਮੇਂ ਪਿੰਡਾਂ ਦੇ ਲੋਕਾਂ ਨੂੰ ਸੰਸਾਰ ਵਿੱਚ ਵਾਪਰ ਰਹੀਆਂ ਘਟਨਾਵਾਂ ਬਾਰੇ ਦਰਵਾਜ਼ਿਆਂ ਵਿੱਚ ਬੈਠੀਆਂ
ਸੱਥਾਂ ਤੋਂ ਹੀ ਜਾਣਕਾਰੀ ਮਿਲਦੀ ਸੀ। ਇਥੋਂ ਤੱਕ ਕਿ ਪਿੰਡ ਦੀਆਂ ਸਮਾਜਕ, ਸਿਆਸੀ ਸਰਗਰਮੀਆਂ ਅਤੇ ਨਿੱਕੀਆਂ ਨਿੱਕੀਆਂ ਗੱਲਾਂ
ਬਾਰੇ ਜਾਣਕਾਰੀ ਵੀ ਇਨ੍ਹਾਂ ਸੱਥਾਂ ਵਿੱਚੋਂ ਹੀ ਲੈਣੀ ਪੈਂਦੀ ਸੀ। ਇਹ ਸੱਥਾਂ ਪਿੰਡਾਂ ਦੇ ਲੋਕਾਂ ਵਿੱਚ ਸਦਭਾਵਨਾ ਪੈਦਾ ਕਰਨ ਵਿੱਚ ਵੀ
ਮਹੱਤਵਪੂਰਨ ਯੋਗਦਾਨ ਪਾਉਂਦੀਆਂ ਸਨ। ਇਥੋਂ ਤੱਕ ਕਿ ਛੋਟੇ ਮੋਟੇ ਝਗੜੇ ਇਨ੍ਹਾਂ ਸੱਥਾਂ ਵਿੱਚ ਹੀ ਨਿਪਟਾ ਲਏ ਜਾਂਦੇ ਸਨ। ਇਕ ਕਿਸਮ
ਨਾਲ ਉਹ ਪਿੰਡਾਂ ਦੀਆਂ ਸੱਥਾਂ ਅੱਜ ਦੇ ਵਟਸ ਅਪ ਗਰੁਪਾਂ ਵਰਗੀਆਂ ਹੀ ਹੁੰਦੀਆਂ ਸਨ ਕਿਉਂਕਿ ਇਕ ਥਾਂ ਤੋਂ ਹਰ ਤਰ੍ਹਾਂ ਦੀ ਖ਼ੁਸ਼ੀ ਤੇ ਗ਼ਮੀ
ਦੀ ਖ਼ਬਰ ਮਿਲਦੀ ਸੀ। ਉਨ੍ਹਾਂ ਦਿਨਾ ਵਿੱਚ ਅਖ਼ਬਾਰ ਵੀ ਬਹੁਤ ਘੱਟ ਪ੍ਰਕਾਸ਼ਤ ਹੁੰਦੇ ਸਨ, ਜਿਹੜੇ ਪੰਜਾਬੀ/ਹਿੰਦੀ/ਉਰਦੂ ਦੇ ਮੁੱਖ
ਅਖ਼ਬਾਰ ਪੰਜਾਬ ਵਿੱਚ ਜਲੰਧਰ ਤੋਂ ਪ੍ਰਕਾਸ਼ਤ ਹੁੰਦੇ ਸਨ, ਉਦੋਂ ਅਖ਼ਬਾਰ ਪਿੰਡਾਂ ਵਿੱਚ ਆਉਂਦੇ ਨਹੀਂ ਸਨ। ਸ਼ਹਿਰੀਕਰਨ ਦੇ ਲਾਭ ਤੇ
ਨੁਕਸਾਨ ਦੋਵੇਂ ਹੁੰਦੇ ਹਨ। ਹੁਣ ਸ਼ਹਿਰਾਂ ਦੇ ਲੋਕ ਪੜ੍ਹੇ ਲਿਖੇ ਹੋਣ ਕਰਕੇ ਸ਼ਹਿਰਾਂ ਵਿੱਚ ਵੀ ਆਂਢ ਗੁਆਂਢ ਵਿੱਚ ਸਦਭਾਵਨਾ ਦਾ
ਵਾਤਾਵਰਨ ਪੈਦਾ ਹੋ ਗਿਆ ਹੈ। ਸ਼ਹਿਰੀ ਲੋਕਾਂ ਨੂੰ ਜਿਸਮਾਨੀ ਕੰਮ ਘੱਟ ਕਰਨਾ ਪੈਂਦਾ ਹੈ। ਬਹੁਤੇ ਸ਼ਹਿਰੀ ਦਫ਼ਤਰਾਂ ਦੇ ਮੁਲਾਜ਼ਮ ਜਾਂ ਸੇਵਾ
ਮੁਕਤ ਹੁੰਦੇ ਹਨ। ਸਿਹਤਮੰਦ ਰਹਿਣ ਲਈ ਸ਼ਹਿਰੀ ਲੋਕ ਜ਼ਿਆਦਾ ਜਾਗ੍ਰਤ ਹੁੰਦੇ ਹਨ, ਇਸ ਲਈ ਉਹ ਸਵੇਰੇ ਸ਼ਾਮ ਸੈਰ ਕਰਦੇ ਹਨ।
ਸੈਰ ਕਰਨ ਵਾਲਿਆਂ ਵਿੱਚ ਵੀ ਆਪਸੀ ਪਿਆਰ ਅਤੇ ਸਹਿਯੋਗ ਕਰਨ ਦੀ ਭਾਵਨਾ ਪੈਦਾ ਹੋ ਜਾਂਦੀ ਹੈ ਕਿਉਂਕਿ ਉਹ ਹਰ ਰੋਜ਼ ਮਿਲਦੇ ਤੇ
ਗੱਪ-ਛੱਪ ਮਾਰਦੇ ਹਨ। ਅਰਬਨ ਅਸਟੇਟ ਫੇਜ਼-2 ਪਟਿਆਲਾ ਦੇ 55 ਨੰਬਰ ਪਾਰਕ ਵਿੱਚ ਸ਼ਾਮ ਨੂੰ ਸੈਰ ਕਰਨ ਵਾਲੇ ਸੀਨੀਅਰ
ਸਿਟੀਜ਼ਨਜ਼ ਨੇ ਆਪਸੀ ਸਦਭਾਵਨਾ ਅਤੇ ਪਿਆਰ ਦੀ ਮਿਸਾਲ ਪੈਦਾ ਕਰ ਦਿੱਤੀ ਹੈ। ਸ਼ਾਮ ਦੀ ਸੈਰ ਕਰਨ ਵਾਲਿਆਂ ਦੇ ਇਸ ਗਰੁਪ
ਵਿੱਚ 15-20 ਮੈਂਬਰ ਹਨ। ਉਹ ਹਰ ਰੋਜ ਪਾਰਕ ਨੰਬਰ 55 ਵਿੱਚ ਪੁਡਾ ਵੱਲੋਂ ਬਣਾਈ ਗਈ ਹੱਟ (ਝੌਂਪੜੀ) ਵਿੱਚ ਸੈਰ ਕਰਨ ਤੋਂ ਬਾਅਦ
ਇਕੱਠੇ ਮਿਲ ਬੈਠਦੇ ਹਨ। ਇਨ੍ਹਾਂ ਨੇ ਆਪਣਾ ਇਕ ਵਟਸ ਅਪ ਗਰੁੱਪ ਬਣਾਇਆ ਹੋਇਆ ਹੈ। ਇਕ ਦੂਜੇ ਨੂੰ ਕੋਈ ਜਾਣਕਾਰੀ ਦੇਣੀ ਹੋਵੇ
ਤਾਂ ਗਰੁਪ ਵਿੱਚ ਪਾ ਦਿੰਦੇ ਹਨ ਤੇ ਉਹ ਫਟਾਫਟ ਉਥੇ ਪਹੁੰਚ ਜਾਂਦੇ ਹਨ। ਇਨ੍ਹਾਂ ਮੈਂਬਰਾਂ ਦੀ ਉਮਰ 60 ਸਾਲ ਤੋਂ 93 ਸਾਲ ਤੱਕ ਹੈ। ਸ੍ਰੀ
ਸੀਤਾ ਰਾਮ ਲਹਿਰੀ ਸਭ ਤੋਂ ਸੀਨੀਅਰ 93 ਸਾਲ ਦੇ ਮੈਂਬਰ ਅਤੇ ਅਜਾਇਬ ਸਿੰਘ ਮਲਹੋਤਰਾ 83 ਇਸ ਸੱਥ ਦੇ ਚੇਅਰਮੈਨ ਆਪਣੀ
ਜ਼ਿੰਦਗੀ ਦੇ ਤਜ਼ਰਬੇ ਸਾਂਝੇ ਕਰਦੇ ਹਨ। ਸੀਤਾ ਰਾਮ ਲਹਿਰੀ ਤਾਂ ਯੋਗਾ ਦੀ ਸਿਖਿਆ ਵੀ ਦਿੰਦੇ ਹਨ। ਸ਼ਹਿਰੀ ਸੱਥ ਦੇ ਮੈਂਬਰਾਂ ਵਿੱਚ ਸੇਵਾ
ਮੁਕਤ ਇੰਜਿਨੀਅਰ ਇਨ-ਚੀਫ, ਪ੍ਰੋਫੈਸਰ, ਐਸ.ਐਸ.ਪੀ.ਪੁਲਿਸ, ਜਿਲ੍ਹੇਦਾਰ ਨਹਿਰੀ ਵਿਭਾਗ, ਇੰਜਿਨੀਅਰ ਵੱਡੇ ਕਿਸਾਨ, ਬੈਂਕ
ਮੈਨੇਜਰ, ਸਹਿਕਾਰੀ ਤੇ ਵਿਓਪਾਰੀ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਸਥਾਈ ਮੈਂਬਰਾਂ ਤੋਂ ਇਲਾਵਾ ਸੈਰ
ਕਰਨ ਵਾਲੇ ਹੋਰ ਵੀ ਲੋਕ ਕਈ ਵਾਰ ਇਸ ਗਰੁਪ ਵਿੱਚ ਸ਼ਾਮਲ ਹੋ ਕੇ ਅਨੰਦਿਤ ਹੁੰਦੇ ਹਨ। ਕਈ ਵਾਰ ਤਾਂ ਸਾਰੀਆਂ ਸੀਟਾਂ ਫੁੱਲ ਹੋ
ਜਾਂਦੀਆਂ ਹਨ, ਫਿਰ ਅਡਜਸਟ ਕਰਨਾ ਪੈਂਦਾ ਹੈ ਪ੍ਰੰਤੂ ਹਰ ਬਾਹਰਲੇ ਮੈਂਬਰ ਨੂੰ ਸੱਥ ਦੇ ਨਿਯਮਾ ਅਨੁਸਾਰ ਚਲਣ ਲਈ ਬਚਨਵੱਧ ਹੋਣਾ
ਪੈਂਦਾ ਹੈ। ਗਰਮੀ ਕਰਕੇ ਇਸ ਝੋਂਪੜੀ ਦੇ ਨਾਲ ਵਾਲੇ ਘਰ ਦੇ ਮਾਲਕ ਪ੍ਰਮਿੰਦਰ ਸਿੰਘ ਐਡਵੋਕੇਟ ਨੇ ਆਪਣੇ ਘਰ ਤੋਂ ਬਿਜਲੀ ਦਾ
ਕੁਨੈਕਸ਼ਨ ਦਿੱਤਾ ਹੈ, ਗੁਰਬਚਨ ਸਿੰਘ ਨੇ ਪੱਖਾ ਲਗਾਇਆ ਹੈ। ਲਗਪਗ ਡੇਢ ਘੰਟਾ ਇਸ ਸ਼ਹਿਰੀ ਸੱਥ ਵਿੱਚ ਦਿਨ ਭਰ ਦੀਆਂ
ਘਟਨਾਵਾਂ ‘ਤੇ ਚਰਚਾ ਹੁੰਦੀ ਹੈ। ਮੈਂਬਰਾਂ ਨੇ ਆਪਸੀ ਸਹਿਮਤੀ ਨਾਲ ਕੁਝ ਨਿਯਮ ਬਣਾਏ ਹੋਏ ਹਨ। ਸਾਰੇ ਸਹੀ ਸਮੇਂ ‘ਤੇ ਪਹੁੰਚਦੇ ਹਨ,
ਜਿਵੇਂ ਕਿਸੇ ਵਿਆਹ ‘ਤੇ ਜਾਣਾ ਹੁੰਦਾ ਹੈ। ਸਾਰਾ ਕੰਮ ਯੋਜਨਾਬੱਧ ਢੰਗ ਨਾਲ ਹੁੰਦਾ ਹੈ, ਜਿਵੇਂ ਵਿਧਾਨ ਸਭਾ ਵਿੱਚ ਸਪੀਕਰ ਦੀ ਇਜ਼ਾਜ਼ਤ
ਤੋਂ ਬਿਨਾ ਕੋਈ ਬੋਲ ਨਹੀਂ ਸਕਦਾ, ਇਸੇ ਤਰ੍ਹਾਂ ਚਰਚਾ ਕਰਦਿਆਂ ਇੱਕ ਮੈਂਬਰ ਹੀ ਬੋਲਦਾ ਹੈ, ਉਸ ਦੀ ਗੱਲ ਖ਼ਤਮ ਹੋਣ ਤੋਂ ਬਾਅਦ ਦੂਜਾ
ਮੈਂਬਰ ਬੋਲੇਗਾ। ਕਈ ਵਾਰ ਵਿਧਾਨ ਸਭਾ ਵਿੱਚ ਪੈਂਦੇ ਰੌਲੇ ਦੀ ਤਰ੍ਹਾਂ ਇਥੇ ਵੀ ਹੋ ਜਾਂਦਾ ਹੈ। ਸਦਭਾਵਨਾ ਬਣਾਈ ਰੱਖਣਾ ਮੁੱਖ ਮੰਤਵ ਹੁੰਦਾ
ਹੈ। ਚਰਚਾ ਧਰਮ ਤੋਂ ਬਿਨਾ ਹਰ ਵਿਸ਼ੇ ‘ਤੇ ਹੋ ਸਕਦੀ ਹੈ। ਰੂਸ-ਯੂਕਰੇਨ ਦੀ ਲੜਾਈ, ਹੜ੍ਹਾਂ, ਸਿਆਸੀ, ਸਭਿਅਚਾਰਕ ਤੋਂ ਲੈ ਕੇ ਪਿੰਡ
ਪੱਧਰ ਦੀਆਂ ਖ਼ਬਰਾਂ ‘ਤੇ ਤਪਸਰਾ ਹੁੰਦਾ ਹੈ। ਸਾਰੇ ਮੈਂਬਰ ਆਪੋ ਆਪਣੇ ਵਿਚਾਰ ਪ੍ਰਗਟ ਕਰਦੇ ਹਨ। ਗੰਭੀਰ ਸਮਾਜਿਕ, ਆਰਥਿਕ,
ਸਭਿਆਚਾਰਕ, ਪ੍ਰਦੂਸ਼ਣ ਅਤੇ ਸਭਿਅਚਾਰਕ ਮਸਲਿਆਂ ‘ਤੇ ਭਰਵੀਂ ਚਰਚਾ ਹੁੰਦੀ ਹੈ। ਇਨ੍ਹਾਂ ਗੰਭੀਰ ਮੁਦਿਆਂ ‘ਤੇ ਇਸ ਮਹਿਫਲ ਵਿੱਚ
ਡਾ.ਪ੍ਰੋ.ਵਿਸ਼ਵਾ ਮਿੱਤਰ, ਡਾ.ਪ੍ਰੋ.ਓ.ਪੀ.ਜਸੂਜਾ, ਡਾ.ਪ੍ਰੋ.ਰਣਜੀਤ ਸਿੰਘ ਘੁੰਮਣ, ਡਾ.ਪ੍ਰੋ. ਐਚ ਐਸ.ਮਾਂਗਟ, ਪ੍ਰੋ.ਮਨਜੀਤ ਸਿੰਘ, ਭਗਵੰਤ
ਸਿੰਘ ਧਨੋਆ ਇੰਜਿਨੀਅਰ ਇਨ ਚੀਫ਼, ਪਰਮਜੀਤ ਸਿੰਘ ਵਿਰਕ ਐਸ.ਐਸ.ਪੀ., ਮਹਿੰਦਰ ਸਿੰਘ ਨਿਰਮਾਣ ਜਿਲ੍ਹੇਦਾਰ, ਅਮਰਜੀਤ
ਸਿੰਘ ਘੁਮਾਣ ਬੁਧੀਜੀਵੀ ਕਿਸਾਨ, ਪਿ੍ਰੰ.ਚੰਦਰਪਾਲ ਸਿੰਘ ਮੱਲੀ, ਪਿ੍ਰੰ.ਬਲਜੀਤ ਸਿੰਘ ਜੰਮੂ, ਗੁਰਬਚਨ ਸਿੰਘ, ਵਰਿੰਦਰ ਸਿੰਘ
ਭਾਟੀਆ, ਐਮ.ਐਸ. ਚੀਮਾ, ਦਵਿੰਦਰਪਾਲ ਸਿੰਘ ਸੋਢੀ, ਹਰਪਾਲ ਸਿੰਘ ਢਿਲੋਂ, ਅਸ਼ੋਕ ਧੂੜੀਆ ਅਤੇ ਭੁਪਿੰਦਰ ਸਿੰਘ ਚਰਚਾ ਵਿੱਚ ਹਿੱਸਾ
ਲੈਂਦੇ ਹਨ। ਸਮਾਜਿਕ ਬੁਰਾਈਆਂ ਨਸ਼ਾ, ਨੌਜਵਾਨੀ ਦਾ ਕੁਰਾਹੇ ਪੈਣਾ ਅਤੇ ਉਨ੍ਹਾਂ ਨੂੰ ਦੂਰ ਕਰਨ ਵਿੱਚ ਸੀਨੀਅਰ ਸਿਟੀਜ਼ਨ ਕੀ ਯੋਗਦਾਨ
ਪਾ ਸਕਦੇ ਹਨ, ਬਾਰੇ ਵਿਚਾਰ ਵਟਾਂਦਰਾ ਕਰਕੇ ਸਮਾਜਿਕ ਬੁਰਾਈ ਵਿਰੁੱਧ ਲਹਿਰ ਪੈਦਾ ਕਰਨ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ
ਹਨ। ਇਹ ਸਾਰੇ ਮੈਂਬਰ ਇਕ ਦੂਜੇ ਦੇ ਦੁਖ ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਦਿਨ ਭਰ ਦੀਆਂ ਘਟਨਾਵਾਂ ਦੀ ਚਰਚਾ ਤੋਂ ਬਾਅਦ ਮਨੋਰੰਜਨ
ਦਾ ਕੰਮ ਚਲਦਾ ਹੈ। ਆਮ ਤੌਰ ‘ਤੇ ਆਦਰਸ਼ ਕੌਲ, ਪਰਮਜੀਤ ਸਿੰਘ ਵਿਰਕ ਅਤੇ ਅਮਰਜੀਤ ਸਿੰਘ ਘੁਮਾਣ ਬੜੇ ਦਿਲਚਸਪ ਦਿਲਾਂ ਨੂੰ
ਟੁੰਬਣ ਵਾਲੇ ਲਤੀਫੇ ਸੁਣਾਕੇ ਸੀਨੀਅਰ ਸਿਟੀਜ਼ਨਜ਼ ਦਾ ਮਨੋਰੰਜਨ ਕਰਦੇ ਹੋਏ ਰੂਹ ਦੀ ਖੁਰਾਕ ਦਿੰਦੇ ਹਨ। ਪਰਮਜੀਤ ਸਿੰਘ ਵਿਰਕ
ਦੀਆਂ ਕਵਿਤਾਵਾਂ ਸਾਹਿਤਕ ਮਾਹੌਲ ਬਣਾਉਣ ਵਿੱਚ ਵਿਲੱਖਣ ਯੋਗਦਾਨ ਪਾਉਂਦੀਆਂ ਹਨ। ਗੀਤ ਸੰਗੀਤ, ਕਵਿਤਾ ਅਤੇ ਹਲਕੇ ਫੁਲਕੇ
ਲਤੀਫ਼ਿਆਂ ਦਾ ਪ੍ਰੋਗਰਾਮ ਚਲਦਾ ਹੈ। ਖ਼ੂਬ ਠਹਾਕੇ ਵਜਦੇ ਹਨ। ਕਈ ਵਾਰ ਪਾਰਕ ਵਿੱਚ ਸੈਰ ਕਰਨ ਵਾਲੇ ਹੋਰ ਲੋਕ ਸੀਨੀਅਰ
ਸਿਟੀਜ਼ਨਜ਼ ਦੇ ਹਾਸਿਆਂ ਦੇ ਫੁਟਾਰਿਆਂ ਦਾ ਆਨੰਦ ਮਾਣਦੇ ਹੋਏ ਆਵਾਜ਼ ਸੁਣਕੇ ਖੜ੍ਹ ਜਾਂਦੇ ਹਨ। ਸੀਨੀਅਰ ਸਿਟੀਜ਼ਨਜ਼ ਦੀ ਮਹਿਫਲ
ਦੇ ਹਾਸਿਆਂ ਦੀ ਖ਼ੁਸ਼ਬੋ ਜਦੋਂ ਪਾਰਕ ਦੇ ਫੁੱਲਾਂ ਦੀ ਮਹਿਕ ਨਾਲ ਮਿਲਦੀ ਹੈ ਤਾਂ ਝੋਂਪੜੀ ਦੇ ਕੋਲੋਂ ਲੰਘਣ ਵਾਲੇ ਸੈਲਾਨੀ ਆਨੰਦਤ ਹੋ ਜਾਂਦੇ
ਹਨ। ਸ਼ਹਿਰੀ ਸੱਥ ਦੀਆਂ ਰੌਣਕਾਂ ਵੇਖਕੇ ਚੰਡੀਗੜ੍ਹ 22 ਸੈਕਟਰ ਵਾਲੇ ‘ਰਾਈਟਰਜ਼ ਕਾਰਨਰ’ ਦੀ ਯਾਦ ਤਾਜ਼ਾ ਹੋ ਜਾਂਦੀ ਹੈ, ਜਿਥੇ
1974 ਵਿੱਚ ਵੱਡੇ ਸਾਹਿਤਕਾਰ ਇਕੱਠੇ ਹੁੰਦੇ ਸਨ। ਮੈਂਬਰਾਂ ਦੇ ਜਨਮ ਦਿਨਾਂ ‘ਤੇ ਪਾਰਟੀ ਕੀਤੀ ਜਾਂਦੀ ਹੈ। ਪਾਰਟੀਆਂ ਦੇ ਇਨਚਾਰਜ
ਆਦਰਸ਼ ਕੌਲ ਏ.ਜੀ.ਐਮ.ਨੂੰ ਬਣਾਇਆ ਹੋਇਆ ਹੈ, ਜਿਹੜੇ ਸਾਰੇ ਮੈਂਬਰਾਂ ਦੇ ਜਨਮ ਦਿਨ ਦਾ ਹਿਸਾਬ ਰੱਖਦੇ ਹਨ। ਮਹੀਨੇ ਵਿੱਚ ਇਕ
ਪਾਰਟੀ ਤਾਂ ਹੁੰਦੀ ਹੈ ਪ੍ਰੰਤੂ ਕਈ ਵਾਰ ਹਰ ਹਫਤੇ ਵੀ ਪਾਰਟੀ ਹੋ ਜਾਂਦੀ ਹੈ। ਸਾਰੇ ਪ੍ਰੋਗਰਾਮ ਦੇ ਸੂਤਰਧਾਰ ਦਾ ਫਰਜ਼ ਅਜਾਇਬ ਸਿੰਘ
ਮਲਹੋਤਰਾ ਨਿਭਾਉਂਦੇ ਹਨ। ਸੀਨੀਅਰ ਸਿਟੀਜ਼ਨਜ਼ ਦੀ ਸ਼ਹਿਰੀ ਸੱਥ ਦੇ ਗੁਲਦਸਤੇ ਵਿੱਚ ਦੇਸ਼ ਦੇ ਚਾਰ ਰਾਜਾਂ ਪੰਜਾਬ, ਹਰਿਆਣਾ,
ਰਾਜਸਥਾਨ ਅਤੇ ਜੰਮੂ ਕਸ਼ਮੀਰ ਦੇ ਫੁੱਲਾਂ ਦੀ ਖ਼ੁਸ਼ਬੋ ਆਉਂਦੀ ਹੈ। ਅਨੇਕਤਾ ਵਿੱਚ ਏਕਤਾ ਬਣੀ ਹੋਈ ਹੈ। ਇਸ ਤੋਂ ਇਲਾਵਾ ਅਰਬਨ
ਅਸਟੇਟ ਫੇਜ-1 ਅਤੇ 2 ਵਿੱਚ ਲਗਪਗ ਇਕ ਦਰਜਨ ਸੱਥਾਂ ਹਨ, ਜਿਥੇ ਸੀਨੀਅਰ ਸਿਟੀਜ਼ਨ ਮਿਲ ਬੈਠਕ ਚਰਚਾਵਾਂ ਕਰਦੇ ਹਨ।
ਤਸਵੀਰ: ਸ਼ਹਿਰੀ ਸਥ ਅਰਬਨ ਅਸਟੇਟ ਪਟਿਆਲਾ ਦੀ ਮਹਿਫਲ ਦਾ ਦਿ੍ਰਸ਼