ਬਾਬੇ ਦੀ ਨਸੀਹਤ
ਬੱਸ ਅੱਡੇ ਤੇ ਖੜਾ ਮੈਂ ਡਿਊਟੀ ਜਾਣ ਲਈ ਬੱਸ ਦੀ ਉਡੀਕ ਕਰ ਰਿਹਾ ਸੀ ਕਿ ਅਚਾਨਕ ਮੇਰੀ ਨਜ਼ਰ ਮੇਰੇ ਸੀਨੀਅਰ ਜ਼ੋ ਕਿ ਸਕੂਲ ਵਿੱਚ ਮੈਥੋਂ ਇੱਕ ਜਮਾਤ ਅੱਗੇ ਹੁੰਦਾ ਸੀ ਤੇ ਜਾ ਪਈ।ਉਸ ਦੇ ਨਾਲ ਇੱਕ ਬਜ਼ੁਰਗ ਵੀ ਸੀ ਜਿਸਦੇ ਸਾਦੀ ਪੈਂਟ ਸ਼ਰਟ ਪਾਈ ਹੋਈ ਸੀ। ਮੇਰਾ ਜਮਾਤੀ ਅਤੇ ਬਜ਼ੁਰਗ ਵੀ ਬੱਸ ਦੀਆਂ ਗੱਲਾਂ ਕਰਦੇ ਹੋਏ ਕਹਿ ਰਹੇ ਸਨ ਕਿ ਇਸ ਰੂਟ ਤੇ ਟੈਂਪੂ ( ਥ੍ਰੀ ਵ੍ਹੀਲਰ)ਚਲਣੇ ਚਾਹੀਦੇ ਹਨ , ਬੱਸਾਂ ਬਹੁਤ ਲੇਟ ਆਉਂਦੀਆਂ ਹਨ ਇੱਕ ਬੱਸ ਤੋਂ ਬਾਅਦ ਦੂਜੀ ਬੱਸ ਵਿੱਚ ਇੱਕ ਘੰਟੇ ਦਾ ਫ਼ਰਕ ਹੁੰਦਾ ਹੈ, ਉਹਨਾਂ ਦੀ ਗੱਲ ਨੂੰ ਮੈਂ ਵੀ ਸਤਿ ਸ੍ਰੀ ਆਕਾਲ ਕਹਿ ਕੇ ਹੁੰਗਾਰਾ ਦਿੰਦੇ ਹੋਏ ਕਿਹਾ ਕਿ ਇਹਨਾਂ ਬੱਸਾਂ ਵਾਲਿਆਂ ਦਾ ਕੁਝ ਜ਼ਿਆਦਾ ਹੀ ਦਿਮਾਗ ਖ਼ਰਾਬ ਹੈ ਆਪਣੀ ਮਰਜ਼ੀ ਨਾਲ ਹੀ ਟਾਈਮ ਸੈੱਟ ਕਰਦੇ ਅਤੇ ਬਦਲਦੇ ਰਹਿੰਦੇ ਹਨ ਜੇਕਰ ਟੈਂਪੂ ਇਸ ਰੂਟ ਤੇ ਪੈ ਜਾਣ ਤਾਂ ਸਵਾਰੀਆਂ ਦਾ ਸਮਾਂ ਵੀ ਬਚੇਗਾ। ਮੇਰੇ ਸੀਨੀਅਰ ਜਮਾਤੀ ਅਤੇ ਬਜ਼ੁਰਗ ਨੇ ਵੀ ਮੇਰੀ ਹਾਂ ਦੇ ਵਿੱਚ ਹਾਂ ਮਿਲਾਈ। ਗੱਲਾਂ ਕਰਦੇ ਹੋਏ ਪਤਾ ਲੱਗਿਆ ਕਿ ਬਜ਼ੁਰਗ ਪੰਜਾਬ ਬਿਜਲੀ ਬੋਰਡ ਵਿੱਚੋਂ ਰਿਟਾਇਰ ਸਨ ਅਤੇ ਪਟਿਆਲੇ ਤੋਂ ਸ਼ਾਮ ਨੂੰ ਲੇਟ ਹੋਣ ਕਰਕੇ ਆਪਣੇ ਦੋਸਤ ਕੋਲ (ਮੇਰੇ ਜਮਾਤੀ ਦੇ ਪਿਤਾ) ਕੋਲ ਰੁਕੇ ਸਨ।ਹੁਣ ਉਹ ਆਪਣੇ ਘਰ ਮਲੋਟ ਸ਼ਹਿਰ ਜਾਂ ਰਿਹਾ ਸੀ। ਬਜ਼ੁਰਗ ਬਹੁਤ ਗਰੀਬੀ ਵਿੱਚੋਂ ਗੁਜ਼ਰਿਆ ਸਹਿਣਸ਼ੀਲ ਵਿਅਕਤੀ ਸੀ। ਗੱਲਾਂ ਕਰਦੇ ਹੋਏ ਬਜ਼ੁਰਗ ਨੇ ਦੱਸਿਆ ਕਿ ਉਸਨੇ ਬਹੁਤ ਗਰੀਬੀ ਦੇਖੀ। ਮਾਂ ਬਚਪਨ ਵਿੱਚ ਹੀ ਚਲ ਵਸੀ। ਪਿਤਾ ਦਾ ਸਾਇਆ ਵੀ ਬਹੁਤੀ ਦੇਰ ਤੱਕ ਨਾ ਰਿਹਾ।ਮੇਰਾ ਪਾਲਣ ਪੋਸ਼ਣ ਮੇਰੀ ਨਾਨੀ ਨੇ ਕੀਤਾ। ਬਜ਼ੁਰਗ ਨੂੰ ਮੈਂ ਅੰਕਲ ਅਤੇ ਬਜ਼ੁਰਗ ਮੈਨੂੰ ਬਾਬੂ ਜੀ ਸ਼ਬਦ ਨਾਲ ਸੰਬੋਧਨ ਕਰ ਰਿਹਾ ਸੀ ਜ਼ੋ ਮੈਨੂੰ ਬੜਾ ਅਜ਼ੀਬ ਜਿਹਾ ਲੱਗਿਆ ਕਿਉਂਕਿ ਮੈਂ ਆਪਣੇ ਆਪ ਨੂੰ ਬਜ਼ੁਰਗ ਦਾ ਛੋਟਾ ਬੱਚਾ ਮਹਿਸੂਸ ਕਰਦਾ ਉਹਨਾਂ ਦੀਆਂ ਗੱਲਾਂ ਧਿਆਨ ਨਾਲ ਸੁਣ ਰਿਹਾ ਸੀ ਜਿਵੇਂ ਕੋਈ ਬਾਬਾ ਆਪਣੇ ਪਰਿਵਾਰ ਨੂੰ ਨਸੀਹਤ ਦੇ ਰਿਹਾ ਹੋਵੇ। ਗੱਲਾਂ ਕਰਦੇ ਕਰਦੇ ਬੱਸ ਆ ਗਈ ਅਤੇ ਅਸੀਂ ਬੱਸ ਚੜ੍ਹ ਗਏ। ਬਜ਼ੁਰਗ ਅੰਕਲ ਮੇਰੇ ਕੋਲ ਵਾਲੀ ਸੀਟ ਤੇ ਹੀ ਬੈਠ ਗਏ ਅਤੇ ਮੇਰੀ ਟਿਕਟ ਕਟਾਉਣ ਲੱਗੇ ਪਰ ਮੈਂ ਪਹਿਲਾਂ ਵਿੱਚ ਹੀ ਦੋਵਾਂ ਦੀ ਟਿਕਟ ਕਟਵਾ ਲਈ ਹੁਣ ਬਜ਼ੁਰਗ ਨਾਲ ਮੇਰੀ ਇੱਕ ਅਜ਼ੀਬ ਜਿਹੀ ਸਾਂਝ ਬਣ ਚੁੱਕੀ ਸੀ। ਉਹਨਾਂ ਨੇ ਗੱਲਾਂ ਕਰਦੇ ਅੱਗੇ ਦੱਸਿਆ ਕਿ ਮੈਨੂੰ ਜ਼ੋ ਕੰਮ ਕਿਹਾ, ਜਿਥੇ ਬਦਲੀ ਕਰਕੇ ਭੇਜਿਆ ਉਥੇ ਗਿਆ,ਕੰਮ ਕੀਤਾ,ਕੰਮ ਨੂੰ ਪੂਜਾ ਸਮਝਿਆ,ਅੱਜ ਮੇਰੇ ਕੋਲ ਸਭ ਕੁਝ ਹੈ।ਮੇਰਾ ਪਰਿਵਾਰ ਹੈ।ਮੇਰਾ ਸਟਾਪ ਨੇੜੇ ਆ ਰਿਹਾ ਸੀ ਮੈਂ ਬਜ਼ੁਰਗ ਨੂੰ ਸਤਿ ਸ੍ਰੀ ਆਕਾਲ ਬੁਲਾ ਕੇ ਸੀਟ ਤੋਂ ਉੱਠਿਆ ਤਾਂ ਬਜ਼ੁਰਗਾਂ ਨੇ ਵੀ ਹੱਥ ਜੋੜ ਕੇ ਬਾਬੂ ਜੀ ਕਹਿ ਕੇ ਆਸ਼ੀਰਵਾਦ ਦਿੱਤਾ। ਬੱਸ ਤੋਂ ਉੱਤਰ ਕੇ ਆਪਣੇ ਦਫ਼ਤਰ ਜਾਂਦੇ ਹੋਏ ਮੈਂ ਇਹ ਸੋਚ ਰਿਹਾ ਸੀ ਕਿ ਬਜ਼ੁਰਗ ਵਿੱਚ ਕਿੰਨੀ ਨਿਮਰਤਾ ਅਤੇ ਸਹਿਣਸ਼ੀਲਤਾ ਸੀ ਜ਼ੋ ਅੱਜਕਲ੍ਹ ਦੀ ਪੀੜ੍ਹੀ ਵਿਚ ਦੇਖਣ ਨੂੰ ਨਹੀਂ ਮਿਲਦੀ। ਆਪਣੇ ਤੋਂ ਛੋਟੇ ਨੂੰ ਵੀ ਇੱਜ਼ਤ ਦੇਣਾ ਕੋਈ ਉਹਨਾਂ ਤੋਂ ਸਿੱਖੇ। ਇਸ ਮੁਲਾਕਾਤ ਵਿੱਚ ਬਜ਼ੁਰਗ ਨਾਲ਼ ਕੀਤੀਆਂ ਗੱਲਾਂ ਅਤੇ ਉਹਨਾਂ ਵਿੱਚੋਂ ਮਿਲੀ ਨਸੀਹਤਾਂ ਨੂੰ ਮੈਂ ਹਮੇਸ਼ਾ ਯਾਦ ਰੱਖਾਂਗਾ ਜ਼ੋ ਮੇਰੇ ਗਿਆਨ ਦੇ ਸ਼ਬਦਕੋਸ਼ ਨੂੰ ਹੋਰ ਵਧੇਰੇ ਮਜ਼ਬੂਤ ਕਰਨਗੀਆਂ।
ਰਜਵਿੰਦਰ ਪਾਲ ਸ਼ਰਮਾ