*ਜੋ ਦਿੱਖਾ, ਸੋ ਲਿਖਾ*
*ਅੰਧਕਾਰ ਵਿਚ ਫਸਦਾ ਜਾ ਰਿਹੈ ਰੰਗਲੇ ਪੰਜਾਬ ਦਾ ਭਵਿੱਖ *
*ਨੇਤਾਵਾਂ ਦੀ ਬਦਜੁਬਾਨੀ ਅਤੇ ਹੜ੍ਹਾਂ ਨਾਲ ਸੂਬੇ ਦਾ ਹੋ ਰਿਹੈ ਭਾਰੀ ਨੁਕਸਾਨ*
ਕਿਸੇ ਸਮੇਂ ਦੇਸ਼ ਦਾ ਹਰ ਪੱਖ ਤੋਂ ਹਾਲੇ ਨੰਬਰ ਦਾ ਸੂਬਾ ਪੰਜਾਬ ਇਸ ਸਮੇਂ ਵਦੀਆਂ ਸਮੱਸਿਆਵਾਂ ਵੀ ਉਲਝਿਆ ਨਜ਼ਰ ਆ ਰਿਹੈ। ਰਵਾਇਤੀ ਪਾਰਟੀਆਂ ਦੀ ਲੁੱਟ ਤੋਂ ਬੇਹਾਲ ਹੋਏ ਪੰਜਾਬੀਆਂ ਨੇ ਬਦਲਾਅ ਲਿਆਉਣ ਦੀ ਆਸ ਨਾਲ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਜ਼ਬੂਤ ਸਰਕਾਰ ਬਣਾਈ ਸੀ। ਪਰ ਰਾਜ ਕਰ ਰਹੀ ਪਾਰਟੀ ਦੇ ਲੀਡਰਾਂ ਦੀ ਭਾਸ਼ਾ ਅਤੇ ਰਵੱਈਆ ਆਏ ਦਿਨ ਵਿਗੜਦਾ ਜਾ ਰਿਹੈ, ਉਸ ਤੋਂ ਜਨਤਾ ਦਾ ਰੰਗਲੇ ਪੰਜਾਬ ਦਾ ਸੁਪਨਾ ਚਕਨਾ ਚੂਰ ਹੋ ਰਿਹੈ। ਸੂਬੇ ਦੀ ਜਵਾਨੀ ਬੇਰੁਜ਼ਗਾਰੀ ਅਤੇ ਨਸ਼ਿਆਂ ਕਾਰਨ ਵਿਦੇਸ਼ਾਂ ਵੱਲ ਜਾ ਰਹੀ ਹੈ। ਖਬਰ ਹੈ ਕਿ ਅਗਸਤ ਮਹੀਨੇ ਵਿੱਚ ਹੀ 2.5 ਲੱਖ ਨੌਜਵਾਨਾਂ ਬਾਹਰਲੇ ਮੁਲਕਾਂ ਵਿੱਚ ਜਾਣ ਲਈ ਜਹਾਜ ਚੜ ਰਹੇ ਨੇ। ਇਸ ਹਿਸਾਬ ਨਾਲ ਤਾਂ ਆਉਂਦੇ 10 ਸਾਲਾਂ ਪਿੱਛੋਂ ਪੰਜਾਬ ਵਿੱਚ ਪੜੇ ਲਿਖੇ ਨੌਜਵਾਨ ਲਭਣੇ ਮੁਸ਼ਕਲ ਹੋਣਗੇ। ਇੱਕ ਪਾਸੇ ਸੂਬਾ ਸਭ ਤੋਂ ਭਿਆਨਕ ਹੜ੍ਹਾਂ ਦੀ ਮਾਰ ਨਾਲ ਬਰਬਾਦ ਹੋ ਰਿਹੈ, ਦੂਜੇ ਪਾਸੇ ਮੁੱਖ ਮੰਤਰੀ ਸਮੇਤ ਰਾਜ ਕਰ ਰਹੀ ਪਾਰਟੀ ਦੇ ਲੀਡਰਾਂ ਦੇ ਵਿਵਹਾਰ ਅਤੇ ਮੰਦੀ ਭਾਸ਼ਾ ਕਾਰਨ ਦਿਸ਼ਾਹੀਣ ਦਿਖਾਈ ਦੇ ਰਿਹੈ। ਆਰਥਿਕ ਤੌਰ ਤੇ ਪਹਿਲਾਂ ਹੀ ਬਰਬਾਦ ਹੋਏ ਸੂਬੇ ਦੇ ਚੰਗੇ ਦਿਨ ਪਰਤਣ ਦੀ ਕੋਈ ਆਸ ਬਾਕੀ ਬਚੀ ਦਿਖਾਈ ਨਹੀਂ ਦੇ ਰਹੀ। ਇਸ ਸਮੇਂ ਵਿਰੋਧੀ ਪਾਰਟੀਆਂ ਵੀ ਗੰਭੀਰ ਫੁੱਟ ਦਾ ਸ਼ਿਕਾਰ ਨੇ ਅਤੇ ਸੂਬੇ ਦੇ ਮੁੱਖ ਮੁੱਦਿਆਂ ਤੇ ਕੋਈ ਮਜ਼ਬੂਤ ਲੜਾਈ ਦੇਣ ਦੇ ਸਮਰਥ ਨਹੀਂ ਜਾਪਦੀਆਂ। ਇਸ ਲੇਖ ਵਿਚ ਅਜ ਸੂਬੇ ਵਿਚ ਨੇਤਾਵਾਂ ਦੀ ਆਪਸੀ ਤੁਹਮਤ ਬਾਜ਼ੀ ਅਤੇ ਹੜ੍ਹਾਂ ਕਾਰਨ ਹੋ ਰਹੇ ਨੁਕਸਾਨ ਤੇ ਵਿਚਾਰ ਕਰਾਂਗੇ।
*ਕੁੜੱਤਣ ਭਰੀ ਭੱਦੀ ਸ਼ਬਦਾਵਲੀ*
ਦੇਖਿਆ ਜਾਏ ਤਾਂ ਇਸ ਸਮੇ ਪੰਜਾਬ ਵਿਚ ਮੁੱਦਿਆਂ ਉੱਪਰ ਕੋਈ ਉਸਾਰੂ ਰਾਜਨੀਤੀ ਨਹੀਂ ਹੋ ਰਹੀ। ਮੁੱਖ ਮੰਤਰੀ ਅਤੇ ਵਿਰੋਧੀ ਨੇਤਾਵਾਂ ਵਿੱਚਕਾਰ ਚੱਲ ਰਹੇ ਦੋਸ਼ -ਪ੍ਰਤੀਦੋਸ਼ ਦੌਰਾਨ ਸ਼ਬਦਾਵਲੀ ਦਾ ਮਿਆਰ ਬਹੁਤ ਹੀ ਹੇਠਲੀ ਪੱਧਰ ਤੇ ਜਾ ਪੁੱਜਾ ਹੈ। ਮੁੱਖ ਮੰਤਰੀ ਦਾ ਵਿਰੋਧੀ ਨੇਤਾਵਾਂ ਨਾਲ ਹਰ ਵਿਸ਼ੇ ਤੇ ਉਲਝਣਾ ਆਮ ਜਿਹਾ ਵਰਤਾਰਾ ਬਣ ਚੁੱਕਿਆ ਹੈ। ਬੀਤੇ ਦਿਨੀਂ ਮੁੱਖ ਮੰਤਰੀ ਵੱਲੋਂ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਪ੍ਰਤੀ ਬਹੁਤ ਹੀ ਇਤਰਾਜ਼ ਯੋਗ ਸ਼ਬਦਾਵਲੀ ਦਾ ਇਸਤੇਮਾਲ ਹੋਇਆ ਹੈ। ਮੁੱਖ ਮੰਤਰੀ ਵੱਲੋਂ ਵਿਰੋਧੀ ਨੇਤਾਵਾਂ ਨੂੰ ਨਿੱਜੀ ਹਮਲੇ ਕਰਕੇ ਬੇਈਮਾਨ ਅਤੇ ਭ੍ਰਿਸ਼ਟ ਹੋਣ ਦੇ ਸਿੱਧੇ ਇਲਜਾਮ ਲਗਾਏ ਗਏ। ਆਮ ਕਰਕੇ ਮੁੱਖ ਮੰਤਰੀ ਤੋਂ ਨਿੱਜੀ ਤੌਰ ਤੇ ਅਜਿਹੇ ਵਰਤਾਰੇ ਅਤੇ ਭਾਸ਼ਾ ਦੀ ਆਸ ਨਹੀਂ ਕੀਤੀ ਜਾਂਦੀ। ਮੁੱਖ ਮੰਤਰੀ ਦੀ ਟਿੱਪਣੀਆਂ ਦਾ ਜਵਾਬ ਇਹਨਾਂ ਨੇਤਾਵਾਂ ਵੱਲੋਂ ਉਸੇ ਭਾਸ਼ਾ ਵਿੱਚ ਦਿੱਤਾ ਗਿਆ ਅਤੇ ਮੁੱਖ ਮੰਤਰੀ ਨੂੰ ਪੂਰੀ ਸ਼ਕਤੀ ਨਾਲ ਕਾਰਵਾਈ ਕਰਨ ਦੇ ਚੈਲੰਜ ਵੀ ਕੀਤੇ ਗਏ। ਮੁੱਖ ਮੰਤਰੀ ਕਿਸੇ ਵੀ ਭ੍ਰਿਸ਼ਟਾਚਾਰੀ ਵਿਰੁੱਧ ਕਾਰਵਾਈ ਦੀ ਪੂਰੀ ਸ਼ਕਤੀ ਰੱਖਦੇ ਨੇ ਅਤੇ ਬਣਦਾ ਤਾਂ ਇਹ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਤੇ ਕੋਈ ਦੋਸ਼ ਹਨ ਤਾਂ ਉਨ੍ਹਾਂ ਖਿਲਾਫ ਪੜਤਾਲ ਕਰਾ ਕੇ ਕਾਰਵਾਈ ਕਰਨ ਅਤੇ ਖੁਦ ਮਾੜੀ ਭਾਸ਼ਾ ਵਰਤਣ ਤੋਂ ਪਰਹੇਜ਼ ਕਰਨ। ਵਿਰੋਧੀਆਂ ਦਾ ਕਹਿਣੈ ਕਿ ਮੁੱਖ ਮੰਤਰੀ ਆਪਣੀ ਪਾਰਟੀ ਦੇ ਭ੍ਰਿਸ਼ਟਾਚਾਰ ਅਤੇ ਅਨੈਤਿਕ ਦੋਸ਼ਾਂ ਵਿਚ ਲਿਪਤ ਲੀਡਰਾਂ ਖਿਲਾਫ ਕਾਰਵਾਈ ਨਹੀਂ ਕਰਦੇ ਹਨ, ਵਿਰੋਧੀਆਂ ਨੂੰ ਬਦਨਾਮ ਕਰਨ ਵਿਚ ਲੱਗੇ ਰਹਿੰਦੇ ਨੇ। ਭੱਦੀ ਸ਼ਬਦਾਵਲੀ ਕਾਰਨ ਹੀ ਰਾਜਪਾਲ ਅਤੇ ਕੇਂਦਰ ਨਾਲ ਮੁੱਖ ਮੰਤਰੀ ਦਾ ਲਗਾਤਾਰ ਕਲੇਸ਼ ਚਲ ਰਿਹੈ। ਇਸ ਨਾਲ ਪੰਜਾਬ ਦਾ ਭਾਰੀ ਨੁਕਸਾਨ ਵੀ ਹੋ ਰਿਹੈ। ਮੁੱਖ ਮੰਤਰੀ ਰਾਜਪਲ ਨੂੰ ਬੀਜੇਪੀ ਦਾ ਏਜੰਟ, ਵਿਹਲਾ ਅਤੇ ਚਿੱਠੀਆਂਨੂੰ ਲਵਲੈਟਰ ਕਹਿਣ ਵਰਗੀ ਮਾੜੀ ਭਾਸ਼ਾ ਵਰਤਦੇ ਨੇ। ਇਸ ਨੂੰ ਸਹੀ ਨਹੀਂ ਕਿਹਾ ਜਾ ਸਕਦਾ। ਰਾਜਪਾਲ ਦਾ ਕਹਿਣੈ ਕਿ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਮੁੱਖ ਮੰਤਰੀ ਉਨ੍ਹਾਂ ਦੀਆਂ ਚਿੱਠੀਆਂ ਦਾ ਉਤਰ ਨਹੀਂ ਦੇ ਰਹੇ । ਰਾਜਪਾਲ ਕਹਿ ਚੁੱਕੇ ਨੇ ਕਿ ਉਹ ਮੁੱਖ ਮੰਤਰੀ ਵੱਲੋਂ ਹੋ ਰਹੇ ਅਪਮਾਨ ਅਤੇ ਗੈਰ ਸੰਵਿਧਾਨਕ ਚਲਣ ਦਾ ਮਾਮਲਾਵ ਰਾਸ਼ਟਰਪਤੀ ਪਾਸ ਉਠਾ ਸਕਦੇ ਹਨ, ਜਿਸ ਨਾਲ ਵੱਡੀ ਸਮੱਸਿਆ ਪੈਦਾ ਹੋ ਸਕਦੀ ਹੈ। ਹੁਣੇ ਹੁਣੇ ' ਆਪ ' ਦੇ ਇਕ ਐਮਐਲਏ ਵਲੋਂ ਥਾਣੇਦਾਰ ਦੀ ਦਫਤਰ ਬੁਲਾ ਕੇ ਪਿਟਾਈ ਦੇ ਮਾਮਲੇ ਤੇ ਵੀ ਮੁੱਖ ਮੰਤਰੀ ਨੇ ਚੁੱਪ ਸਾਧ ਰੱਖੀ ਹੈ।
*ਹੜ੍ਹਾਂ ਨਾਲ ਭਾਰੀ ਤਬਾਹੀ*
ਇਸ ਵਾਰ ਪਹਾੜੀ ਸੂਬਾ ਹਿਮਾਚਲ ਹੋਈ ਰਿਕਾਰਡ ਤੋੜ ਬਾਰਿਸ਼ ਨਾਲ ਪੂਰੀ ਤਰਾਂ ਬਰਬਾਦ ਹੋ ਚੁੱਕਾ ਹੈ। ਭਾਖੜਾ ਅਤੇ ਪੋਂਗ ਡੈਮਾਂ ਵਿਚ ਪਾਣੀ ਖਤਰੇ ਦੇ ਨਿਸ਼ਾਨ ਤੇ ਪੁੱਜਣ ਕਾਰਨ ਫਲੱਡ ਗੇਟ ਖੋਲਣੇ ਪਏ ਨੇ। ਇਸ ਨਾਲ ਪੰਜਾਬ ਦੇ ਸਤਲੁਜ, ਬਿਆਸ, ਰਾਵੀ, ਉਝ ਅਤੇ ਘੱਗਰ ਦਰਿਆਵਾਂ ਵਿੱਚ ਵਧੇਰੇ ਪਾਣੀ ਆਉਣ ਕਾਰਨ ਬਹੁਤ ਥਾਵਾਂ ਤੇ ਪਾੜ ਪਏ ਹੋਏ ਨੇ। ਸੂਬੇ ਦੇ 19 ਜਿਲ੍ਹਿਆਂ ਦੇ 1500 ਤੋਂ ਵਧੇਰੇ ਪਿੰਡ ਪੂਰੀ ਤਰ੍ਹਾਂ ਹੜ ਦੀ ਮਾਰ ਝੱਲ ਰਹੇ ਨੇ। ਬਹੁਤ ਸਾਰੇ ਘਰਾਂ ਵਿਚ ਪਾਣੀ ਭਰ ਚੁੱਕਿਆ ਹੈ ਅਤੇ ਸੰਪਰਕ ਦੂਜੇ ਇਲਾਕਿਆਂ ਨਾਲੋਂ ਟੁੱਟ ਚੁੱਕਾ ਹੈ।ਫ਼ਸਲਾਂ, ਘਰਾਂ ਅਤੇ ਪਸ਼ੂਆਂ ਦਾ ਵੀ ਬੇਹਿਸਬਾ ਨੁਕਸਾਨ ਹੋਇਆ ਹੈ। ਸੂਬੇ ਦੇ ਮੁੱਖ ਸਕੱਤਰ ਅਨੁਸਾਰ ਕੁੱਲ ਮਿਲਾ ਕੇ 1500 ਕਰੋੜ ਵਧੇਰੇ ਨੁਕਸਾਨ ਦਾ ਅਨੁਮਾਨ ਹੈ। ਦਰਿਆਵਾਂ ਵਿੱਚ ਆਏ ਨੇ ਪਿੰਡਾਂ ਵਿੱਚ ਨੁਕਸਾਨ ਕੀਤਾ ਹੈ। ਪਿੰਡਾਂ ਦੇ ਲੋਕਾਂ ਨੇ ਆਪਣੇ ਸਾਧਨਾਂ ਰਾਹੀਂ ਬੰਨਾ ਵਿਚ ਪਏ ਵੱਡੇ ਪਾੜ ਸਰਕਾਰੀ ਸਹਾਇਤਾ ਤੋਂ ਬਗੈਰ ਦਿਨ ਰਾਤ ਲਗਾ ਕੇ ਪੂਰੇ ਨੇ। ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਅਤੇ ਲੋਕਾਂ ਨੇ ਇਕੱਠੇ ਹੋ ਕੇ ਕਰੀਬ 2200 ਮੀਟਰ ਲੰਮਾ ਸੁਰੱਖਿਆ ਬੰਨ੍ਹ ਮਾਰਿਆ ਹੈ, ਜਿਸ ਨਾਲ ਕਰੀਬ 1200 ਹੈਕਟੇਅਰ ਫ਼ਸਲ ਦਾ ਬਚਾਅ ਹੋਇਆ ਹੈ। ਬੀਤੇ ਦਿਨ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਮਿਲਣ ਵਾਲੇ ਥਾਂ ਹਰੀਕੇ ਲਾਗੇ ਵੱਡਾ ਪਾੜ ਪਿਆ, ਜਿਸ ਨਾਲ ਦਰਜਨਾਂ ਪਿੰਡ ਪਾਣੀ ਵਿੱਚ ਘਿਰ ਗਏ ਨੇ। ਲੱਖਾਂ ਕਿਉਸਕ ਪਾਣੀ ਹੁਸੈਨੀਵਾਲਾ ਬੈਰਾਜ ਤੋਂ ਪਾਕਿਸਤਾਨ ਵਾਲੇ ਪਾੱਸੇ ਛੱਡਿਆ ਗਿਆ ਹੈ।
ਐਨਡੀਆਰਐਫ ਦੀਆਂ ਟੀਮਾਂ ਪਿੰਡਾਂ ਵਿੱਚ ਫਸੇ ਲੋਕਾਂ ਨੂੰ ਕੱਢ ਰਹੀਆਂ ਨੇ ਅਤੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਵੀ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਗਏ ਅਤੇ ਪੀੜਤਾਂ ਨੂੰ ਹਰ ਤਰ੍ਹਾਂ ਦੇ ਨੁਕਸਾਨ ਦੇ ਪੂਰੇ ਮੁਆਵਜੇ ਦਾ ਵਿਸ਼ਵਾਸ ਦਵਾ ਚੁੱਕੇ ਨੇ। ਪਰ ਦੇਖਣਾ ਹੋਏਗਾ ਕਿ ਕੇਂਦਰ ਦੇ ਨਿਰਧਾਰਿਤ ਦਰ ਤੋਂ ਵਧੇਰੇ ਮੁਆਵਜ਼ਾ ਕਿਵੇਂ ਦੇਣਗੇ। ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ’ਤੇ ਬਣੀਆਂ ਸੁਰੱਖਿਆ ਬਲ ਦੀਆਂ ਦੋ ਚੌਕੀਆਂ ਤਾਂ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈਆਂ ਹਨ ਜਦੋਂ ਕਿ ਚਾਰ ਚੌਕੀਆਂ ਚਾਰੇ ਪਾਸਿਓਂ ਪਾਣੀ ਨਾਲ ਘਿਰੀਆਂ ਹੋਈਆਂ ਹਨ। ਰਾਹਤ ਦੀ ਖਬਰ ਹੈ ਕਿ ਹੁਣ ਡੈਮਾਂ ’ਚੋਂ ਪਾਣੀ ਘੱਟ ਛੱਡਿਆ ਜਾ ਰਿਹਾ ਹੈ, ਜਿਸ ਨਾਲ ਬਚਾਅ ਕੰਮ ਤੇਜੀ ਨਾਲ ਹੋ ਸਕਣਗੇ। ਨੁਕਸਾਨ ਦਾ ਜਾਇਜ਼ਾ ਲੈਣ ਲਈ ਕੇਂਦਰ ਦੀ ਵਿਸ਼ੇਸ ਟੀਮ ਨੇ ਦੌਰਾ ਕੀਤਾ ਹੈ। ਸਰਕਾਰ ਨੇ ਵਿਸ਼ੇਸ ਗਿਰਦਾਵਰੀ ਦੇ ਹੁਕਮ ਦਿੱਤੇ ਗਏ ਨੇ। ਵਰੋਧੀ ਪਾਰਟੀਆਂ ਵਲੋਂ ਪੀੜਤ ਲੋਕਾਂ ਨੂੰ ਜਲਦੀ ਰਾਹਤ ਅਤੇ ਮੁਆਵਜ਼ਾ ਨਾਂ ਦੇਣ ਲਈ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ। ਪਹਿਲਾਂ ਹੀ 3 ਲੱਖ ਕਰੋੜ ਤੋਂ ਵਧ ਦੇ ਕਰਜੇ ਹੇਠ ਦੱਬੇ ਸੂਬੇ ਲਈ ਹੜ੍ਹਾਂ ਦੀ ਭਾਰੀ ਮਾਰ ਝੱਲਣੀ ਆਸਾਨ ਨਹੀਂ, ਇਸ ਔਖੇ ਵਖਤ ਕੇਂਦਰ ਸਰਕਾਰ ਨੂੰ ਵੀ ਰਾਹਤ ਫੰਡ ਵਿਚੋਂ ਖੁਲ ਕੇ ਮਦੱਦ ਕਰਨੀ ਬਣਦੀ ਹੈ। ਹੜ੍ਹਾਂ ਦੀ ਮਾਰ ਵਿੱਚੋਂ ਉਭਰਨਾ ਸੂਬੇ ਲਈ ਇੱਕ ਬਹੁਤ ਵੱਡਾ ਚੈਲੇਂਜ ਹੈ। ਬੇਸ਼ੱਕ ਬਹੁਤ ਸਾਰੀਆਂ ਸਮਾਜਿਕ ਸੰਸਥਾਵਾਂ ਪੀੜਤ ਲੋਕਾਂ ਲਈ ਦੀ ਸਹਾਇਤਾ ਲਈ ਦਿਨ ਰਾਤ ਕੰਮ ਕਰ ਰਹੀਆਂ ਨੇ, ਫਿਰ ਵੀ ਮੁੱਖ ਜਿੰਮੇਵਾਰੀ ਸੂਬਾ ਸਰਕਾਰ ਦੀ ਹੀ ਬਣਦੀ ਹੈ। ਅਜਿਹੇ ਮਾੜੇ ਹਾਲਾਤਾਂ ਵਿੱਚ ਮੁੱਖ ਮੰਤਰੀ ਦੀ ਕੁਦਰਤੀ ਆਫ਼ਤ ਸਮੇਂ ਕੇਜਰੀਵਾਲ ਦੇ ਨਾਲ ਛਤੀਸ਼ਗੜ੍ਹ ਜਾ ਕੇ ਚੋਣ ਰੈਲੀ ਕਰਨ ਦੀ ਤਿੱਖੀ ਆਲੋਚਨਾ ਹੋ ਰਹੀ ਹੈ। 'ਆਪ' ਸੁਪਰੀਮੋ ਕੇਜਰੀਵਾਲ ਦਾ ਚੋਣ ਰੈਲੀਆਂ ਲਈ ਹੋਰ ਸੂਬਿਆਂ ਵਿਚ ਜਾਣਾ, ਪਰ ਹੜ੍ਹਾਂ ਵਿੱਚ ਡੁੱਬੇ ਪੰਜਾਬ ਦੀ ਸਾਰ ਨਾ ਲੈਣਾ ਵੀ ਕਾਫੀ ਅੱਖਰ ਰਿਹਾ ਹੈ।
ਕੁੱਲ ਮਿਲਾ ਕੇ ਦੇਖਿਆ ਜਾਏ ਤਾਂ ਮੁੱਖ ਮੰਤਰੀ ਦੀ ਸ਼ਬਦਾਵਲੀ ਨੂੰ ਇਸ ਉੱਚੇ ਅਹੁਦੇ ਦੇ ਮਿਆਰ ਅਨੁਕੂਲ ਨਹੀਂ ਕਿਹਾ ਜਾ ਸਕਦਾ ਅਤੇ ਅਜਿਹਾ ਵਰਤਾਰਾ ਸਮੁੱਚੇ ਪੰਜਾਬ ਨੂੰ ਭਾਰੀ ਨੁਕਸਾਨ ਪਹੁੰਚਾ ਰਿਹੈ। ਜਦੋਂ ਸੂਬਾ ਪਹਿਲਾਂ ਹੀ ਹੜ੍ਹਾਂ ਨਾਲ ਭਾਰੀ ਤਬਾਹੀ ਦਾ ਸਾਹਮਣਾ ਕਰ ਰਿਹੈ, ਤਾਂ ਮੁੱਖ ਮੰਤਰੀ ਨੂੰ ਸਭ ਤੋਂ ਵਧ ਧਿਆਨ ਕੇਂਦਰ ਸਰਕਾਰ ਨਾਲ ਰਾਬਤਾ ਸਾਧ ਕੇ ਵਧੇਰੇ ਫੰਡ ਲਿਆਉਣ ਵੱਲ ਦੇਣਾ ਚਾਹੀਦਾ ਹੈ। ਤਾਂ ਕਿ ਹੜ੍ਹ ਪੀੜਤਾਂ ਨੂੰ ਐਲਾਨਿਆ ਗਿਆ ਮੁਆਵਜ਼ਾ ਸਮੇਂ ਸਿਰ ਦਿੱਤਾ ਜਾ ਸਕੇ।
ਦਰਸ਼ਨ ਸਿੰਘ ਸ਼ੰਕਰ