ਭਾਦਸੋਂ: ਪਟਿਆਲਾ-ਭਾਦਸੋਂ ਰੋਡ ‘ਤੇ ਸਥਿਤ ਪਿੰਡ ਦਿੱਤੂਪੁਰ ‘ਚ ਬੀਤੀ ਰਾਤ 9 ਵਜੇ ਦੇ ਕਰੀਬ ਧੁੰਦ ਕਾਰਨ ਟੋਭੇ ‘ਚ ਕਾਰ ਡਿੱਗਣ ਨਾਲ ਤਿੰਨ ਨੌਜਵਾਨਾਂ ਇੰਦਰਜੋਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਮਰ ਕਰੀਬ 22 ਸਾਲ, ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਉਮਰ ਕਰੀਬ 25 ਸਾਲ ਅਤੇ ਕਮਲਪ੍ਰੀਤ ਸਿੰਘ ਉਮਰ ਕਰੀਬ 17 ਸਾਲ ਦੀ ਡੁੱਬ ਕੇ ਮੌਤ ਹੋ ਗਈ ਹੈ। ਦਿੱਤੂਪੁਰ ਦੇ ਹੀ ਚਾਰ ਨੌਜਵਾਨ ਹਰਦੀਪ ਸਿੰਘ , ਇੰਦਰਜੋਤ ਸਿੰਘ ,ਕਮਲਪ੍ਰੀਤ ਸਿੰਘ ਤੇ ਦਲਬੀਰ ਸਿੰਘ ਪਿੰਡ ਦਿੱਤੂਪੁਰ ਤੋਂ ਦਿਆਗੜ੍ਹ ਵੱਲ ਆਪਣੇ ਕਿਸੇ ਦੋਸਤ ਦੇ ਘਰ ਜਾ ਰਹੇ ਸਨ। ਜਦੋਂ ਕਾਰ ਧੁੰਦ ਕਾਰਨ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਟੋਭੇ ‘ਚ ਪਲਟ ਗਈ ।ਪਿੰਡ ਵਾਲਿਆਂ ਨੇ ਨੌਜਵਾਨਾਂ ਨੂੰ ਬਚਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਦੇਖਦੇ ਹੀ ਦੇਖਦੇ ਚਾਰ 'ਚੋਂ ਤਿੰਨ ਨੌਜਵਾਨਾਂ ਨੇ ਅਪਣੀ ਜਾਨ ਗੁਆ ਲਈ । ਮ੍ਰਿਤਕ ਹਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਭਾਰਤੀ ਜਲ ਸੈਨਾ ਵਿੱਚ ਨੌਕਰੀ ਕਰਦਾ ਸੀ ਅਤੇ ਛੁੱਟੀ ਆਇਆ ਹੋਇਆ ਸੀ , ਜਾਣਕਾਰੀ ਮੁਤਾਬਕ ਚਾਰੋਂ ਨੌਜਵਾਨ ਜਨਮ ਦਿਨ ਦੀ ਪਾਰਟੀ ਕਰਕੇ ਆ ਰਹੇ ਸਨ। ਥਾਣਾ ਭਾਦਸੋਂ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਨਾਭਾ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ।ਪੂਰੇ ਇਲਾਕੇ ਵਿੱਚ ਇਸ ਘਟਨਾ ਨੂੰ ਲੈ ਕੇ ਸੋਗ ਦੀ ਲਹਿਰ ਛਾ ਗਈ ਹੈ ।