ਬਰਨਾਲਾ, 16 ਜਨਵਰੀ (ਬਘੇਲ ਸਿੰਘ ਧਾਲੀਵਾਲ)-ਮਾਲਵਾ ਰਿਸਰਚ ਸੈਂਟਰ ਪਟਿਆਲਾ ਅਤੇ ਗੁਰਮਤਿ ਲੋਕ ਧਾਰਾ ਵਿਚਾਰਮੰਚ ਪਟਿਆਲਾ ਨੇ ਆਪਣੀਆਂ ਸੰਵਾਦੀ ਰਵਾਇਤਾਂ ਨੂੰ ਅੱਗੇ ਤੋਰਦੇ ਹੋਏ ਭਾਸ਼ਾ ਭਵਨ ਪਟਿਆਲਾ ਵਿਖੇ ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ ਦੇ ਜਨਮ ਦਿਨ ਨੂੰ ਮੁੱਖ ਰੱਖਕੇ ਹਰ ਸਾਲ ਮਨਾਇਆ ਜਾਂਦਾ ਵਿਸ਼ਵ ਚਿੰਤਨ ਦਿਵਸ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਕੇ ਇੱਕ ਵਿਸ਼ਾਲ ਸੈਮੀਨਾਰ ਦਾ ਆਯੋਜਨ ਕੀਤਾ। ਜਿਸ ਦਾ ਮੁੱਖ ਵਿਸ਼ਾ “ਪੰਜਾਬ ਵਿੱਚ ਬੌਧਿਕ ਮਾਹੌਲ ਬਹਾਲ ਕਰਨ ਦੀ ਲੋੜ” ਸੀ। ਮੁੱਖ ਮਹਿਮਾਨ ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਤੇ ਪ੍ਰਧਾਨਗੀ ਡਾ. ਸਵਰਾਜ ਸਿੰਘ ਨੇ ਕੀਤੀ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਸ. ਭੁਪਿੰਦਰ ਸਿੰਘ ਮੱਲ੍ਹੀ ਵਿਰਾਸਤ ਫਾਉਂਡੇਸ਼ਨ ਕੈਨੇਡਾ, ਡਾ. ਤੇਜਵੰਤ ਮਾਨ ਸਾਹਿਤ ਰਤਨ, ਪਦਮ ਸ਼੍ਰੀ ਪ੍ਰਾਣ ਸੱਭਰਵਾਲ, ਡਾ. ਹਰਕੇਸ਼ ਸਿੰਘ ਸਿੱਧੂ ਆਈ.ਏ.ਐਸ., ਡਾ. ਈਸ਼ਵਰਦਾਸ ਸਿੰਘ ਨਿਰਮਲਾ ਮਹਾਂਮੰਡਲੇਸ਼ਵਰ, ਪਵਨ ਹਰਚੰਦਪੁਰੀ ਅਤੇ ਡਾ. ਭਗਵੰਤ ਸਿੰਘ ਸ਼ਾਮਲ ਹੋਏ। ਸੈਮੀਨਾਰ ਵਿੱਚ ਭੁਪਿੰਦਰ ਸਿੰਘ ਮੱਲੀ ਨੇ ਕਿਹਾ ਕਿ ਹੁਕਮਰਾਨ ਦੀ ਜਾਤ ਨਸਲ, ਸਭ ਮੁਲਕਾਂ ਵਿੱਚ ਇੱਕ ਹੈ। ਪੰਜਾਬ ਐਸ ਵੇਲੇ ਦਰਦਨਾਕ ਮੋੜ ਤੇ ਹੈ। ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਹਾਂ ਕਿ ਮੈਂ ਕਿਸੇ ਯੂਨੀਵਰਸਿਟੀ ਚ ਨਹੀਂ ਪੜਿਆ। ਮੈਨੂੰ ਸਾਰੀ ਅਕਲ ਸੰਗਤ ਚੋ਼ ਮਿਲੀ ਹੈ, ਜਦ ਕਿ ਇਸ ਵਕਤ ਸਭ ਸੰਸਥਾਵਾਂ ਆਪਣੇ ਨਿਘਾਰ ਦੀਆਂ ਹੱਦਾਂ ਪਾਰ ਕਰ ਚੁੱਕੀਆਂ ਹਨ। ਅਸੀਂ ਟੁੱਟੇ ਹੋਏ ਲੋਕ ਹਾਂ ਜੋ ਆਪਣੇ ਧੁਰੇ ਤੋਂ ਟੁੱਟ ਗਏ ਹਾਂ ਜੇ ਸਾਨੂੰ ਮਨੁੱਖੀ ਦਰਦ ਦਾ ਅਹਿਸਾਸ ਨਹੀਂ ਤਾਂ ਅਸੀਂ ਸਿੱਖ ਨਹੀਂ ਹਾਂ। ਡਾ. ਸਵਰਾਜ ਸਿੰਘ ਨੇ ਕਿਹਾ ਪੰਜਾਬ ਵਿੱਚ ਬੁੱਧੀ ਜੀਵੀਆਂ ਦੀਆਂ ਦੋ ਧਿਰਾਂ ਹਨ, ਸਿੱਖ ਅਤੇ ਮਾਰਕਸਵਾਦੀ, ਦੋਨੋਂ ਧਿਰਾਂ ਇੱਕ ਦੂਜੇ ਨੂੰ ਬੇਅਸਰ ਕਰਕੇ ਪੰਜਾਬੀਆਂ ਨੂੰ ਯੋਗ ਬੌਧਿਕ ਅਗਵਾਈ ਤੋਂ ਵਾਂਝਾ ਕਰ ਰਹੀਆਂ ਹਨ। ਇਨ੍ਹਾਂ ਨੂੰ ਚਾਹੀਦਾ ਸੀ ਕਿ ਪੰਜਾਬ ਦੇ ਬੁਨਿਆਦੀ ਹਿੱਤਾਂ ਲਈ ਘੱਟੋ ਘੱਟ ਨੁਕਤਿਆਂ ਤੇ ਸਾਂਝ ਬਣਾ ਲੈਣ। ਆਪਸੀ ਵਿਰੋਧ ਦੇ ਬਾਵਜੂਦ ਦੋਨੋਂ ਧਿਰਾਂ ਹੀ ਜਿਆਦਾਤਰ ਆਰਥਿਕਵਾਦ ਦਾ ਸ਼ਿਕਾਰ ਹਨ। ਜਦੋਂ ਕਿ ਸਿੱਖ ਫਲਸਫਾ ਅਤੇ ਮਾਰਕਸਵਾਦ ਦੋਨੋਂ ਹੀ ਆਰਥਿਕਵਾਦ ਦਾ ਵਿਰੋਧ ਕਰਦੇ ਹਨ। ਅੱਜ ਸਾਮਰਾਜੀ ਖਪਤਕਾਰੀ ਸੱਭਿਆਚਾਰ ਆਰਥਿਕਵਾਦ ਦਾ ਹੀ ਪ੍ਰਗਟਾਵਾ ਹੈ। ਦੋਨਾਂ ਧਿਰਾਂ ਨੇ ਆਰਥਿਕਵਾਦ ਦੇ ਅਸਰ ਹੇਠ ਹਰੇ ਇਨਕਲਾਬ ਅਤੇ ਅਜੋਕੇ ਪਰਵਾਸ ਬਾਰੇ ਗਲਤ ਸਟੈਂਡ ਲਏ ਹਨ ਅਤੇ ਇਨ੍ਹਾਂ ਨੂੰ ਪ੍ਰੋਤਸਾਹਿਤ ਕੀਤਾ ਹੈ, ਜਦੋਂ ਕਿ ਇਨ੍ਹਾਂ ਦੋਨਾਂ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ ਹੈ। ਯੋਗ ਬੌਧਿਕ ਮਾਹੌਲ ਬਣਾਉਣ ਲਈ ਸੰਵਾਦ ਜਰੂਰੀ ਹੈ। ਡਾ. ਤੇਜਵੰਤ ਮਾਨ ਨੇ ਕਿਹਾ ਕਿ ਬਫਰ ਰੂਪ ਵਿੱਚ ਪੈਦਾਵਾਰ ਕਰਨ ਨੂੰ ਤਰੱਕੀ ਨਹੀਂ ਕਿਹਾ ਜਾ ਸਕਦਾ। ਜੀਵਨ ਦੇ ਵਹਾਅ ਵਿੱਚ ਫਿਲਾਸਫੀ ਹੀ ਸਾਨੂੰ ਮਾਰਗ ਦੱਸ ਸਕਦੀ ਹੇ। ਸਾਨੂੰ ਪੰਜਾਬ ਦੇ ਫਲਸਫੇ ਨੂੰ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ। ਡਾ. ਈਸ਼ਵਾਦਾਸ ਸਿੰਘ ਨੇ ਅਧਿਆਤਮਕ ਨਜ਼ਰੀਏ ਤੇ ਬਹੁਤ ਖੂਬਸੂਰਤ ਵਿਚਾਰ ਵਿਅਕਤ ਕੀਤੇੇ। ਸੰਤ ਬਾਬਾ ਸੁਖਜੀਤ ਸਿੰਘ ਸੀਚੇਵਾਲ ਨੇ ਸਵੱਛ ਸਮਾਜ ਸਿਰਜਣ ਲਈ ਸਵੱਛ ਵਾਤਾਵਰਣ ਸਿਰਜਣ ਤੇ ਜੋਰ ਦਿੱਤਾ। ਡਾ. ਹਰਕੇਸ਼ ਸਿੰਘ ਸਿੱਧੂ, ਪਵਨ ਹਰਚੰਦਪੁਰੀ, ਪਦਮਸ਼੍ਰੀ ਪ੍ਰਾਣ ਸੰਭਵਰਾਲ, ਡਾ. ਕੁਲਦੀਪ ਸਿੰਘ, ਡਾ. ਭਗਵੰਤ ਸਿੰਘ, ਡਾ. ਅਰਵਿੰਦਰ ਕੌਰ ਕਾਕੜਾ, ਮੇਘ ਰਾਜ ਸ਼ਰਮਾ, ਡਾ. ਰਾਕੇਸ਼ ਸ਼ਰਮਾ, ਸੁਰਿੰਦਰ ਸ਼ਰਮਾ ਨਾਗਰਾ, ਡਾ. ਲਕਸ਼ਮੀ ਨਰਾਇਣ ਭੀਖੀ, ਗੁਰਮੀਤ ਸਿੰਘ, ਡਾ. ਸ਼ੁਬਨਮ ਆਰੀਆ ਮੱਲ੍ਹੀ ਕੈਨੇੇਡਾ, ਬਲਵਿੰਦਰ ਸਿੰਘ ਭੱਟੀ, ਅਮਰ ਗਰਗ ਕਲਮਦਾਨ, ਡਾ. ਤਰਲੋਚਨ ਕੌਰ, ਜਗਜੀਤ ਸਿੰਘ ਸਾਹਨੀ, ਜਗਦੀਪ ਸਿੰਘ ਨੇ ਤਰਕਮਈ ਵਿਚਾਰਾਂ ਨਾਲ ਕੌਮੀ ਤੇ ਕੌਮਾਂਤਰੀ ਮਸਲਿਆਂ ਦੇ ਸੰਦਰਭ ਵਿੱਚ ਬੌਧਿਕਤਾ ਬਾਰੇ ਉਸਾਰੂ ਸੰਵਾਦ ਰਚਾਇਆ। ਡਾ. ਭਗਵੰਤ ਸਿੰਘ ਤੇ ਸੰਦੀਪ ਸਿੰਘ ਦੀ ਪੁਸਤਕ ਮਹਾਰਾਣੀ ਜਿੰਦਾ ਲੋਕ ਅਰਪਣ ਕੀਤੀ ਗਈ।
ਪ੍ਰਗਟ ਸਿੰਘ ਦੀ ਅਗਵਾਈ ਹੇਠ ਫੀਲਖਾਨਾ ਸਕੂਲ ਦੇ ਬੱਚਿਆਂ ਵੱਲੋਂ ਰਸਭਿੰਨੇ ਸ਼ਬਦ ਗਾਇਨ ਨਾਲ ਆਰੰਭ ਹੋਏ ਸੈਮੀਨਾਰ ਵਿੱਚ ਏ.ਪੀ. ਸਿੰਘ, ਸੁਖਮਿੰਦਰ ਸਿੰਘ ਸੇਖੋਂ, ਗੁਰਮੁਖ ਸਿੰਘ ਜਾਗੀ, ਬਚਨ ਸਿੰਘ ਗੁਰਮ, ਭੁਪਿੰਦਰ ਉਪਰਾਮ, ਚਰਨ ਬੰਬੀਹਾ, ਵਿਨੋਦ ਖੰਨਾ ਪ੍ਰਧਾਨ ਰੀਡਰਜ਼ ਰਾਈਟਰਜ਼ ਸੁਸਾਇਟੀ ਚੰਡੀਗੜ੍ਹ, ਰਵੇਲ ਸਿੰਘ ਭਿੰਡਰ, ਅਵਤਾਰਜੀਤ, ਗੁਲਜ਼ਾਰ ਸਿੰਘ ਸ਼ੌਂਕੀ, ਨਾਹਰ ਸਿੰਘ ਮੁਬਾਰਕਪੁਰੀ, ਅਨੋਖ ਸਿੰਘ ਵਿਰਕ ਨੇ ਆਪਣੇ ਸੂਖਮਕਲਾਮ ਨਾਲ ਮਨ ਮੋਹਿਆ। ਇਸ ਸੈਮੀਨਾਰ ਵਿੱਚ ਐਡਵੋਕੇਟ ਬਲਵੀਰ ਸਿੰਘ ਬਿਲਿੰਗ, ਐਮ.ਐਸ. ਜੱਗੀ, ਜੋਗਾ ਸਿੰਘ ਧਨੌਲਾ, ਨਾਹਰ ਸਿੰਘ, ਗੋਪਾਲ ਸ਼ਰਮਾ, ਡਾ. ਜੁਗਰਾਜ ਸਿੰਘ, ਸੁਰਿੰਦਰਜੀਤ ਕੌਰ, ਕੁਲਵੰਤ ਸਿੰਘ ਨਾਰੀਕੇ, ਜੇ.ਬੀ. ਸੇਖੋਂ, ਪਰਮਿੰਦਰਪਾਲ ਕੌਰ, ਪ੍ਰਮੋਦ ਕੁਮਾਰ, ਜੋਗਿੰਦਰ ਸਿੰਘ ਪੰਛੀ, ਸੁਰਜੀਤ ਸਿੰਘ, ਗੁਲਜ਼ਾਰ ਪਟਿਆਲਵੀ, ਬੀਰਇੰਦਰ ਘਗਰੋਲੀ, ਅਵਤਾਰ ਸਿੰਘ ਆਦਿ ਅਨੇਕਾਂ ਬੁੱਧੀਜੀਵੀ ਤੇ ਚਿੰਤਕ ਪੰਜਾਬ ਅਤੇ ਪੰਜਾਬੋਂ ਬਾਹਰ ਤੋਂ ਸ਼ਾਮਲ ਹੋਏ। ਜਗਦੀਪ ਸਿੰਘ ਗੰਧਾਰਾ ਤੇ ਸੁਰਿੰਦਰਜੀਤ ਕੌਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਡਾ. ਭਗਵੰਤ ਸਿੰਘ ਨੇ ਮੰਚ ਸੰਚਾਲਨਾ ਕੀਤੀ ਅਤੇ ਜਗਦੀਪ ਸਿੰਘ ਗੰਧਾਰਾ ਐਡਵੋਕੇਟ ਨੇ ਸਭ ਦਾ ਧੰਨਵਾਦ ਕੀਤਾ। ਇਹ ਸੈਮੀਨਾਰ ਪੰਜਾਬ ਵਿੱਚ ਬੌਧਿਕ ਮਾਹੌਲ ਬਾਰੇ ਗੰਭੀਰ ਸੁਆਲ ਖੜੇ ਕਰ ਗਿਆ।