ਮਹਿਲ ਕਲਾਂ: ਜ਼ਿਲ੍ਹਾ ਬਰਨਾਲਾ ਦੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਵਜੀਦਕੇ ਕਲਾਂ ਨੇੜੇ ਸੰਘਣੀ ਧੁੰਦ ਕਾਰਨ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਔਰਤ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਬਿਲਕੁੱਲ ਜ਼ੀਰੋ ਵਾਂਗ ਹੀ ਸੀ। ਇਸ ਦੌਰਾਨ ਜਦੋਂ ਇੱਟਾਂ ਦੀ ਭਰੀ ਇਕ ਟਰਾਲੀ ਠੀਕਰੀਵਾਲਾ ਸਾਈਡ ਤੋਂ ਬਰਨਾਲਾ-ਲੁਧਿਆਣਾ ਮੇਨ ਹਾਈਵੇ ’ਤੇ ਚੜ੍ਹਣ ਲੱਗੀ ਤਾਂ ਬਰਨਾਲਾ ਸਾਈਡ ਤੋਂ ਆ ਰਹੀ ਰੋਡਵੇਜ਼ ਦੀ ਬੱਸ ਟਰਾਲੀ ਨਾਲ ਜਾ ਟਕਰਾਈ। ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਟਰਾਲੀ ਤੇ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੌਰਾਨ ਇਕ ਥ੍ਰੀ-ਵਹੀਲਰ ਤੇ ਕਾਰ ਸਵਾਰ ਉੱਥੋ ਲੰਘ ਰਹੇ ਸਨ, ਜੋ ਰੁਕ ਕੇ ਜਖ਼ਮੀਆਂ ਦੀ ਸਹਾਇਤਾ ਕਰਨ ਲੱਗੇ ਤਾਂ ਇੰਨੇ ’ਚ ਇਕ ਘੋੜਾ ਟਰਾਲਾ ਆਇਆ, ਜਿਸ ਨੇ ਹਾਦਸਾਗ੍ਰਸਤ ਬੱਸ, ਟਰਾਲੀ ਤੇ ਕੋਲ ਖੜ੍ਹੀ ਕਾਰ ਤੇ ਥ੍ਰੀ-ਵਹੀਲਰ ਨੂੰ ਟੱਕਰ ਮਾਰ ਦਿੱਤੀ, ਜਿਸ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਫ਼ਿਲਹਾਲ ਮੌਕੇ ’ਤੇ ਬਚਾਅ ਕਾਰਜ ਜਾਰੀ ਹਨ।