ਬਟਾਲਾ : ਪੰਜਾਬ ਦੇ ਵੱਖ-ਵੱਖ ਥਾਣਿਆਂ ਅੰਦਰ ਹੋਏ ਧਮਾਕਿਆਂ ਤੋਂ ਬਾਅਦ ਬਟਾਲਾ ਦੇ ਨੇੜਲੇ ਪਿੰਡ ਰਾਏਮਲ ਚ ਇੱਕ ਪੁਲਿਸ ਮੁਲਾਜ਼ਮ ਦੇ ਘਰ ਨਜ਼ਦੀਕ ਬੰਬ ਧਮਾਕਾ ਹੋਇਆ ਹੈ। ਜਿਸ ਘਰ ਧਮਾਕਾ ਹੋਇਆ ਹੈ, ਉਹ ਪੁਲਿਸ ਮੁਲਾਜ਼ਮ ਦੇ ਚਾਚੇ ਦਾ ਘਰ ਹੈ। ਐਸਐਸਪੀ ਬਟਾਲਾ ਸੁਹੇਲ ਕਾਸਮ ਮੀਰ ਨੇ ਪਿੰਡ ਰਾਏ ਮੱਲ ਚ ਹੋਏ ਧਮਾਕੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਹੈ। ਉਹਨਾਂ ਦੱਸਿਆ ਕਿ ਇਸ ਧਮਾਕੇ 'ਚ ਕਿਸੇ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਉਧਰ ਧਮਾਕੇ ਨੂੰ ਲੈ ਕੇ ਪਿੰਡ ਰਾਏਮਲ ਅਤੇ ਆਸ ਪਾਸ ਪਿੰਡਾਂ ਚ ਭਾਰੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।ਮਿਲੀ ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਚ ਮੁਲਾਜ਼ਮ ਜਤਿੰਦਰ ਸਿੰਘ ਦੇ ਚਾਚਾ ਸੁਖਦੇਵ ਸਿੰਘ ਪੁੱਤਰ ਪੂਰਨ ਸਿੰਘ ਦੇ ਘਰ ਅੰਦਰ ਮੋਟਰਸਾਈਕਲ ਤੇ ਆਏ ਦੋ ਸਵਾਰ ਬੰਬਨੁਮਾ ਵਸਤੂ ਸੁੱਟ ਕੇ ਫਰਾਰ ਹੋ ਗਏ ਕੁਝ ਘੰਟਿਆਂ 'ਚ ਹੀ ਘਰ ਅੰਦਰ ਧਮਾਕਾ ਹੋਇਆ ਜਿਸ ਨਾਲ ਘਰ ਦੇ ਫਰਸ਼ 'ਚ ਟੋਇਆ ਪੈ ਗਿਆ ਅਤੇ ਘਰ ਦੇ ਖਿੜਕੀਆਂ ਦਰਵਾਜ਼ਿਆਂ ਦੇ ਸ਼ੀਸ਼ੇ ਟੁੱਟ ਗਏ ਹਨ। ਇਸ ਤੋਂ ਇਲਾਵਾ ਘਰ ਚ ਖੜੋਤੀ ਕਾਰ ਦੇ ਵੀ ਸ਼ੀਸ਼ੇ ਚਕਣਾਚੂਰ ਹੋ ਗਏ ਹਨ। ਧਮਾਕੇ ਦੀ ਖਬਰ ਮਿਲਦਿਆਂ ਹੀ ਪੁਲਿਸ ਜ਼ਿਲ੍ਹਾ ਬਟਾਲਾ ਦੇ ਉੱਚ ਅਧਿਕਾਰੀ ਅਤੇ ਥਾਣਾ ਕੋਟਲੀ ਸੂਰਤ ਮੱਲੀ ਦੇ ਐਸਐਚਓ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।ਐਸਐਸਪੀ ਬਟਾਲਾ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਇਹ ਘੱਟ ਤੀਬਰਤਾ ਵਾਲਾ ਧਮਾਕਾ ਸੀ। ਗ੍ਰੇਨੇਡ ਹਮਲਾ ਕਹਿਣਾ ਜਲਦਬਾਜ਼ੀ ਹੋਵੇਗੀ। ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਂਝੀ ਕੀਤੀ ਜਾ ਸਕੇਗੀ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਸ ਪੁਲ ਵਿੱਚ ਕਰਮਚਾਰੀ ਦੇ ਘਰ ਨਜ਼ਦੀਕ ਹਮਲਾ ਹੋਇਆ ਹੈ ਉਸ ਤੇ ਦੋ ਮਹੀਨੇ ਪਹਿਲਾਂ ਵੀ ਅਣਪਛਾਤਿਆਂ ਨੇ ਗੋਲ਼ੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਜਿਸ ਤੋਂ ਬਾਅਦ ਉਸ ਦੇ ਘਰ ਚ ਪੁਲਿਸ ਦੀ ਸੁਰੱਖਿਆ ਬੈਠ ਗਈ ਸੀ ਪਰ ਕੁਝ ਸਮਾਂ ਪਹਿਲਾਂ ਹੀ ਪੁਲਿਸ ਕਰਮਚਾਰੀ ਵਾਪਸ ਬੁਲਾ ਲਏ ਗਏ ਸਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੰਡ ਰਾਏ ਮਲ ਦੇ ਨਜ਼ਦੀਕ ਹੀ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦਾ ਪਿੰਡ ਧਾਰੋਵਾਲੀ ਵੀ ਹੈ। ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਨੇ ਹੋਏ ਧਮਾਕੇ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤਿੱਖੇ ਹਮਲੇ ਕੀਤੇ ਹਨ।ਹੋਰ ਜਾਣਕਾਰੀ ਅਨੁਸਾਰ ਪੁਲਿਸ ਮੁਲਾਜ਼ਮ ਜਤਿੰਦਰ ਸਿੰਘ ਗੈਂਗਸਟਰ ਹੈਪੀ ਪਸ਼ੀਆ ਦੇ ਕੇਸਾਂ ਦੀ ਜਾਂਚ ਨਾਲ ਜੁੜਿਆ ਹੋਣ ਕਰਕੇ ਉਸ ਉੱਤੇ ਹਮਲਾ ਕੀਤੇ ਜਾਣ ਦੀ ਸ਼ੰਕਾ ਜਤਾਈ ਜਾ ਰਹੀ ਹੈ।
ਉੱਧਰ, ਪੁਲਿਸ ਮੁਲਾਜ਼ਮ ਦੇ ਘਰ ਹੋਏ ਧਮਾਕੇ ਦੀ ਗੈਂਗਸਟਰ ਹੈਪੀ ਪਸ਼ੀਆਂ ਨੇ ਜਿੰਮੇਵਾਰੀ ਲਈ ਹੈ।