ਝਬਾਲ : ਤਰਨਤਾਰਨ ਜ਼ਿਲ੍ਹੇ ਦੇ ਕਸਬਾ ਝਬਾਲ ਨਜ਼ਦੀਕ ਪੁਰਾਣੇ ਸ਼ੇਰ ਸ਼ਾਹ ਸੂਰੀ ਮਾਰਗ ’ਤੇ ਸਥਿਤ ਅੱਪਰਬਾਰੀ ਦੁਆਬ ਨਹਿਰ ਦੇ ਕੋਲ ਸੋਮਵਾਰ ਦੇਰ ਰਾਤ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਦਸਾ ਇੰਨਾ ਜਬਰਦਸਤ ਸੀ ਕਿ ਪਤੀ, ਪਤਨੀ ਸਮੇਤ ਤਿੰਨ ਜਣਿਆਂ ਦੀ ਦਰਦਨਾਕ ਮੌਤ ਹੋ ਗਈ। ਜਦੋਂਕਿ ਇਕ ਹੋਰ ਨੌਜਵਾਨ ਗੰਭੀਰ ਜਖਮੀ ਹੋ ਗਿਆ। ਜਿਸ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਉਸਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਹਾਦਸੇ ਦਾ ਪਤਾ ਚੱਲਦਿਆਂ ਹੀ ਮੌਕੇ ’ਤੇ ਥਾਣਾ ਸਰਾਏ ਅਮਾਤਨ ਖਾਂ ਦੀ ਪੁਲਿਸ ਤੋਂ ਇਲਾਵਾ ਐੱਸਐੱਸਫ ਦੀ ਟੀਮ ਅਤੇ ਪਿੰਡ ਗੰਡੀਵਿੰਡ ਦੇ ਸਰਪੰਚ ਵੀ ਪਹੁੰਚ ਗਏ।ਪ੍ਰਾਪਤ ਜਾਣਕਾਰੀ ਅਨੁਸਾਰ ਗੌਰਵ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਗੰਡੀਵਿੰਡ ਆਪਣੀ ਪਤਨੀ ਮਾਨਸੀ ਕੌਰ ਸਮੇਤ ਮੋਟਰਸਾਈਕਲ ਨੰਬਰ ਪੀਬੀ46 ਏਕੇ 6865 ’ਤੇ ਸਵਾਰ ਹੋ ਕੇ ਪਿੰਡ ਤੋਂ ਕਸਬਾ ਝਬਾਲ ਵੱਲ ਜਾ ਰਿਹਾ ਸੀ।ਜਦੋਕਿ ਪਿੰਡ ਗਹਿਰੀ ਦੇ ਰਹਿਣ ਵਾਲੇ ਦੋ ਨੌਜਵਾਨ ਰਾਹੁਲਦੀਪ ਸਿੰਘ ਪੁੱਤਰ ਬਿੱਟੂ ਸਿੰਘ ਅਤੇ ਜਸ਼ਨਦੀਪ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਝਬਾਲ ਤੋਂ ਆਪਣੇ ਪਿੰਡ ਜਾ ਰਹੇ ਸੀ। ਜਦੋਂ ਇਹ ਦੋਵੇਂ ਮੋਟਰਸਾਈਕਲ ਸ਼ੇਰਸਾਹ ਸੂਰੀ ਮਾਰਗ ’ਤੇ ਅੱਪਰਬਾਰੀ ਦੁਆਬ ਨਹਿਰ ਦੇ ਪੁਲ ਦੇ ਕੋਲ ਪੁੱਜੇ ਤਾਂ ਦੋਵੇਂ ਮੋਟਰਸਾਈਕਲਾਂ ਦੀ ਟੱਕਰ ਹੋ ਗਈ। ਜਿਸਦੇ ਚੱਲਦਿਆਂ ਗੌਰਵ ਸਿੰਘ ਅਤੇ ਉਸਦੀ ਪਤਨੀ ਮਾਨਸੀ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਜਦੋਕਿ ਮੌਕੇ ’ਤੇ ਪਹੁੰਚੇ ਪਿੰਡ ਗੰਡੀਵਿੰਡ ਦੇ ਸਰਪੰਚ ਗੁਰਮੀਤ ਸਿੰਘ ਜਿਨ੍ਹਾਂ ਵੱਲੋਂ ਪਿੰਡ ਦੀ ਹੀ ਐਂਬੂਲੈਂਸ ਬਣਵਾਈ ਹੋਈ ਹੈ, ਉਸ ’ਤੇ ਦੂਜੇ ਮੋਟਰਸਾਈਕਲ ਸਵਾਰ ਦੋਵਾਂ ਜਖਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਹਸਪਤਾਲ ਲਈ ਰਵਾਨਾ ਕਰ ਦਿੱਤਾ। ਜਿਸ ਦੌਰਾਨ ਇਕ ਨੌਜਵਾਨ ਜਸ਼ਨਦੀਪ ਸਿੰਘ ਦੀ ਵੀ ਮੌਤ ਹੋ ਗਈ।ਜਦੋਕਿ ਰਾਹੁਲਦੀਪ ਸਿੰਘ ਦੀ ਹਾਲਤ ਵੀ ਚਿੰਤਾ ਜਨਕ ਬਣੀ ਹੋਈ ਹੈ। ਘਟਨਾ ਸਥਾਨ ’ਤੇ ਐੱਸਐੱਸਐੱਫ ਦੇ ਏਐੱਸਆਈ ਜਗਦੀਪ ਸਿੰਘ ਵੀ ਆਪਣੀ ਟੀਮ ਸਮੇਤ ਪਹੁੰਚ ਗਏ। ਦੂਜੇ ਪਾਸੇ ਥਾਣਾ ਸਰਾਏ ਅਮਾਨਤ ਖਾਂ ਦੇ ਏਐੱਸਆਈ ਰਾਜਪਾਲ ਸਿੰਘ, ਸੁਖਦੇਵ ਸਿੰਘ ਅਤੇ ਸਲਵਿੰਦਰ ਸਿੰਘ ਪੁਲਿਸ ਟੀਮ ਦੇ ਨਾਲ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰਦਿਆਂ ਹਾਦਸਾਗ੍ਰਸਤ ਵਾਹਨ ਕਬਜ਼ੇ ’ਚ ਲੈ ਲਏ। ਪਿੰਡ ਗੰਡੀਵਿੰਡ ਵਾਸੀਆਂ ਮੁਤਾਬਿਕ ਹਾਦਸਾ ਇੰਨਾ ਜਬਰਦਸਤ ਸੀ ਦੋਵਾਂ ਮੋਟਰਸਾਈਕਲਾਂ ’ਤੇ ਸਵਾਰ ਚਾਰੇ ਜਣੇ ਦੂਰ ਤੱਕ ਜਾ ਕੇ ਡਿੱਗੇ ਅਤੇ ਚਾਰਾਂ ਨੂੰ ਗੰਭੀਰ ਸੱਟਾਂ ਲੱਗ ਗਈਆਂ। ਜੋ ਤਿੰਨ ਜਣਿਆਂ ਲਈ ਜਾਨਲੇਵਾ ਸਾਬਤ ਹੋਈਆਂ।