ਗੋਲੇਵਾਲ਼ਾ : ਖਨੌਰੀ ਮੋਰਚੇ ’ਤੇ ਮਰਨ ਵਰਤ ’ਤੇ ਬੈਠੇ ਜਗਜੀਤ ਸਿੰਘ ਡੱਲੇਵਾਲ਼ ਨੂੰ ਸੋਮਵਾਰ ਨੂੰ 82 ਦਿਨ ਹੋ ਗਏ ਹਏ ਹਨ ਅਤੇ 14 ਫਰਵਰੀ ਦੀ ਕੇਂਦਰ ਸਰਕਾਰ ਨਾਲ਼ ਮੀਟਿੰਗ ’ਤੇ ਸਫ਼ਰ ਕਰਨ ਨਾਲ਼ ਉਨ੍ਹਾਂ ਦੀ ਸਿਹਤ ਫਿਰ ਵਿਗੜ ਗਈ ਹੈ ਜਿਸ ਨੂੰ ਲੈ ਕੇ ਖਨੌਰੀ ਅਤੇ ਸ਼ੰਭੂ ਦੋਹਾਂ ਫੋਰਮਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਆਪਣੇ ਜਰਨੈਲ ਨੂੰ ਪਲ਼-ਪਲ਼ ਖੁਰਦਾ ਨਹੀਂ ਦੇਖ ਸਕਦੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡੱਲੇਵਾਲ਼ ਦੇ ਪੁੱਤਰ ਗੁਰਪਿੰਦਰ ਸਿੰਘ ਨੇ ਫੋਨ ’ਤੇ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਆਏ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਐੱਫਸੀਆਈ ਦੇ ਅਧਿਕਾਰੀਆਂ ਨੇ ਪਹਿਲਾਂ ਆਪਣੀਆਂ ਗੱਲਾਂ ਰੱਖੀਆਂ ਜਦਕਿ ਕੇਂਦਰੀ ਖੇਤੀਬਾੜੀ ਮੰਤਰੀ ਕਿਸੇ ਸਮਾਗਮ ਕਰਕੇ ਨਹੀਂ ਆ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕੇਵਲ ਪੰਜ ਫ਼ਸਲਾਂ ’ਤੇ ਐੱਮਐੱਸਪੀ ਲਈ ਮੰਨੀ ਹੈ ਜਿਨ੍ਹਾਂ ਵਿੱਚ ਮੱਕੀ, ਅਰਹਰ, ਨਰਮਾ, ਮਾਂਹ ਅਤੇ ਮਸਰਾਂ ਦੀ ਦਾਲ ਸ਼ਾਮਲ ਹਨ ਪਰ ਕਿਸਾਨਾਂ ਨੇ 21 ਫ਼ਸਲਾਂ ’ਤੇ ਐੱਮਐੱਸਪੀ ਦੀ ਮੰਗ ਕੀਤੀ ਹੈ ਜਿਸ ਨੂੰ ਲੈ ਕੇ ਕੇਂਦਰੀ ਮੰਤਰੀਆਂ ਨੇ ਕਿਹਾ ਕਿ ਉਹ ਸ਼ਿਵਰਾਜ ਚੌਹਾਨ ਨਾਲ਼ ਗੱਲਬਾਤ ਕਰਨਗੇ। ਉਨ੍ਹਾਂ ਦੱਸਿਆ ਕਿ ਜੇ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਉਹ ਦਿੱਲੀ ਕੂਚ ਕਰਨਗੇ।ਗੁਰਪਿੰਦਰ ਸਿੰਘ ਡੱਲੇਵਾਲ਼ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸਿਹਤ ਬਾਰੇ ਡਾਕਟਰਾਂ ਦੀ ਟੀਮ ਨੇ ਕਿਹਾ ਹੈ ਕਿ ਉਨ੍ਹਾਂ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਸਾਰੇ ਸਰੀਰ ਵਿੱਚ ਪੀੜਾਂ ਅਤੇ ਕੜੱਲਾਂ ਪੈ ਰਹੀਆਂ ਹਨ ਜਿਨ੍ਹਾਂ ਨੂੰ ਝੱਲਣਾ ਡੱਲੇਵਾਲ਼ ਲਈ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਬਹੁਤ ਕਮਜ਼ੋਰ ਹੋ ਚੁੱਕੇ ਹਨ। ਡਾਕਟਰਾਂ ਨੇ ਕਿਹਾ ਹੈ ਕਿ ਡੱਲੇਵਾਲ਼ ਦੇ ਗੁਰਦੇ ਵੀ ਕੰਮ ਛੱਡ ਰਹੇ ਹਨ ਅਤੇ ਕਿਸੇ ਵੀ ਟਾਈਮ ਉਨ੍ਹਾਂ ਨੂੰ ਕੁਝ ਵੀ ਹੋ ਸਕਦਾ ਹੈ। ਕੇਂਦਰ ਸਰਕਾਰ ਕਹਿ ਤਾਂ ਇਹ ਰਹੀ ਹੈ ਕਿ ਡੱਲੇਵਾਲ਼ ਦੀ ਜ਼ਿੰਦਗੀ ਉਨ੍ਹਾਂ ਲਈ ਬਹੁਤ ਜ਼ਰੂਰੀ ਹੈ ਪਰ ਸਰਕਾਰ ਦੀ ਮਨਸ਼ਾ ਠੀਕ ਨਹੀਂ। ਪੰਜਾਬ ਸਰਕਾਰ ’ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੀ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਜੇਕਰ ਪੰਜਾਬ ਸਰਕਾਰ ਕੇਂਦਰ ’ਤੇ ਦਬਾਅ ਬਣਾਉਂਦੀ ਤਾਂ ਕਿਸਾਨਾਂ ਨੂੰ ਬਾਰਡਰਾਂ ’ਤੇ ਨਾ ਰੁਲਣਾ ਪੈਂਦਾ।
ਗੁਰਪਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ 14 ਦੀ ਮੀਟਿੰਗ ’ਚ ਪੰਜਾਬ ਦੇ ਦੋ ਮੰਤਰੀ ਕੇਂਦਰ ਨਾਲ਼ ਮੀਟਿੰਗ ’ਚ ਚਲੇ ਗਏ ਪਰ ਇਹ ਕੰਮ ਪੰਜਾਬ ਸਰਕਾਰ ਨੇ ਆਪਣਾ ਫੇਲੀਅਰ ਬਚਾਉਣ ਲਈ ਕੀਤਾ ਹੈ। ਦੋਹਾਂ ਮੋਰਚਿਆਂ ਦੇ 14-14 ਕਿਸਾਨ ਗੱਲਬਾਤ ਕਰਨ ਲਈ ਚੰਡੀਗੜ੍ਹ ਗਏ ਸਨ ਜਿਸ ’ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨੇ ਗੋਲਮੋਲ ਗੱਲਾਂ ਹੀ ਕੀਤੀਆਂ ਅਤੇ ਡੱਲੇਵਾਲ਼ ਨੂੰ ਮਰਨ ਵਰਤ ਤੋੜਨ ਲਈ ਵੀ ਕਿਹਾ ਪਰ ਉਨ੍ਹਾਂ ਦੇ ਪਿਤਾ ਨੇ ਇਸ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਕਿਹਾ ਕਿ ਜਦ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਹ ਮਰਨ ਵਰਤ ਨਹੀਂ ਛੱਡਣਗੇ। ਡੱਲੇਵਾਲ਼ ਨੇ ਉਨ੍ਹਾਂ ਦਾ ਖ਼ਿਆਲ ਰੱਖ ਰਹੀ ਡਾਕਟਰੀ ਟੀਮ ਨੂੰ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਉਨ੍ਹਾਂ ਨੂੰ ਮੌਤ ਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਬਚਾਉਣ ਨਾ, ਉਨ੍ਹਾਂ ਨੂੰ ਸ਼ਹੀਦ ਹੋਣ ਦੇਣ।
ਗੁਰਪਿੰਦਰ ਸਿੰਘ ਨੇ ਕਿਹਾ ਕਿ ਐਤਵਾਰ ਰਾਤ ਉਨ੍ਹਾਂ ਦੇ ਪਿਤਾ ਦੀ ਸਿਹਤ ਫਿਰ ਵਿਗੜ ਗਈ ਸੀ ਅਤੇ ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ ਪਰ ਫਿਰ ਡੇਢ ਘੰਟੇ ਬਾਅਦ ਉਨ੍ਹਾਂ ਨੂੰ ਹੋਸ਼ ਆ ਗਈ। ਪਿੰਡ ਡੱਲੇਵਾਲ਼ਾ ਦੇ ਸਰਪੰਚ ਸਿਮਰਜੀਤ ਸਿੰਘ ਨੇ ਦੱਸਿਆ ਕਿ ਡੱਲੇਵਾਲ਼ ਦੀ ਸਿਹਤ ਵਿਗੜਨ ਦੀ ਗੱਲ ਸੁਣ ਕੇ ਉਨ੍ਹਾਂ ਦੇ ਜੱਦੀ ਪਿੰਡ ਡੱਲੇਵਾਲ਼ਾ ਫ਼ਰੀਦਕੋਟ ਦੀ ਸੰਗਤ ਦੋ ਬੱਸਾਂ ਭਰ ਕੇ ਖਨੌਰੀ ਬਾਰਡਰ ਪਹੁੰਚ ਗਈ। ਪਿੰਡ ਵਾਸੀ ਗੁਰਚਰਨ ਸਿੰਘ, ਬਲਕਰਨ ਸਿੰਘ, ਗੁਰਭੇਜ ਸਿੰਘ, ਪਵਿੱਤਰ ਸਿੰਘ, ਮਿੱਤ ਸਿੰਘ, ਤੇਜਾ ਸਿੰਘ, ਗੁਰਦੇਵ ਸਿੰਘ, ਰੇਸ਼ਮ ਸਿੰਘ, ਗੋਪਾਲ ਸਿੰਘ, ਦਰਸ਼ਨ ਸਿੰਘ, ਬਲਦੇਵ ਸਿੰਘ ਅਤੇ ਕਾਕਾ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਵੀ ਨਾਲ਼ ਖਨੌਰੀ ਪਹੁੰਚੀਆਂ ਹੋਈਆਂ ਹਨ। ਗੁਰਚਰਨ ਸਿੰਘ ਨੇ ਕਿਹਾ ਕਿ ਸਰਕਾਰਾਂ ਦੀ ਨਾਲਾਇਕੀ ਕਾਰਨ ਸ਼ੁਭਦੀਪ ਸਿੰਘ ਸਮੇਤ 34 ਮੌਤਾਂ ਹੋ ਗਈਆਂ ਹਨ, ਕਈ ਕਿਸਾਨ ਅਪਾਹਜ ਹੋ ਚੁੱਕੇ ਹਨ ਅਤੇ ਹੁਣ ਇਹ ਸਰਕਾਰਾਂ ਡੱਲੇਵਾਲ਼ ਦੀ ਮੌਤ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਚਾਹੁੰਦੀ ਤਾਂ ਕਿਸਾਨਾਂ ਦੀਆਂ ਮੰਗਾਂ ਮੰਨ ਲੈਂਦੀ ਅਤੇ ਕਿਸਾਨਾਂ ਦੀਆਂ ਮੌਤਾਂ ਨਾ ਹੁੰਦੀਆਂ। ਕੱਲ੍ਹ ਕਿਸਾਨਾਂ ਦੀਆਂ ਦੋਹਾਂ ਫੋਰਮਾਂ ਨੇ ਮੀਟਿੰਗ ਕਰਕੇ ਫ਼ੈਸਲਾ ਕੀਤਾ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਕਿਸਾਨ ਦਿੱਲੀ ਕੂਚ ਕਰਨਗੇ।